ਇਸ ਹਫਤੇ ਗੁਜਰਾਤ ’ਚ ਜੁਟਣਗੇ ਭਾਜਪਾ-ਕਾਂਗਰਸ ਦੇ ਸਟਾਰ ਪ੍ਰਚਾਰਕ
Thursday, May 02, 2024 - 04:27 PM (IST)
ਨੈਸ਼ਨਲ ਡੈਸਕ- ਗੁਜਰਾਤ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ’ਤੇ 7 ਮਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਹੁਣ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਨਜ਼ਰ ਆਉਣਗੇ। ਭਾਜਪਾ ਦੇ ਇਕ ਅਹੁਦੇਦਾਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਦੀਸਾ (ਬਨਾਸਕਾਂਠਾ) ਅਤੇ ਹਿੰਮਤਨਗਰ (ਸਾਬਰਕਾਂਠਾ) ਵਿਚ ਦੋ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ।
ਦੂਜੇ ਪਾਸੇ 2 ਮਈ ਨੂੰ ਉਹ ਆਨੰਦ, ਸੁਰਿੰਦਰਨਗਰ, ਜੂਨਾਗੜ੍ਹ ਅਤੇ ਜਾਮਨਗਰ ਵਿਚ 4 ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਗਾਂਧੀਨਗਰ ਸੀਟ ਤੋਂ ਦੁਬਾਰਾ ਚੋਣਾਂ ਲੜ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ 3 ਅਤੇ 4 ਮਈ ਨੂੰ ਮੱਧ ਅਤੇ ਦੱਖਣੀ ਗੁਜਰਾਤ ਵਿਚ ਘੱਟ ਤੋਂ ਘੱਟ ਦੋ ਹੋਰ ਰੈਲੀਆਂ ਕਰ ਸਕਦੇ ਹਨ।
ਯੋਗੀ ਆਦਿਤਿਆਨਾਥ ਵੀ ਆ ਸਕਦੇ ਹਨ ਗੁਜਰਾਤ
ਇਕ ਮੀਡੀਆ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਇਸ ਹਫਤੇ ਗੁਜਰਾਤ ਮੁਹਿੰਮ ਵਿਚ ਭਾਜਪਾ ਦੀ ਤਾਕਤ ਵਧਾਉਣ ਲਈ ਸ਼ਾਮਲ ਹੋ ਸਕਦੇ ਹਨ, ਪਰ ਅਜੇ ਤੱਕ ਇਸ ਗੱਲ ਕੋਈ ਪੁਸ਼ਟੀ ਨਹੀਂ ਹੋਈ ਹੈ। ਸੂਬੇ ਵਿਚ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਕਾਂਗਰਸ ਇਸ ਹਫਤੇ ਆਪਣੇ ਸਟਾਰ ਪ੍ਰਚਾਰਕਾਂ ਨੂੰ ਮੈਦਾਨ ਵਿਚ ਉਤਾਰਨ ਵਾਲੀ ਹੈ।
ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਢੇਰਾ 3 ਮਈ ਨੂੰ ਲਾਖੇਨੀ ਬਨਾਸਕਾਂਠਾ ਵਿਚ ਇਕ ਰੈਲੀ ਵਿਚ ਸੰਬੋਧਨ ਕਰੇਗੀ ਜਦਕਿ ਪੀ. ਚਿਦਾਂਬਰਮ ਅਤੇ ਮਲਿਕਾਰਜੁਨ ਖੜਗੇ ਵਰਗੇ ਕਾਂਗਰਸ ਦੇ ਹੋਰ ਸੀਨੀਅਰ ਨੇਤਾ ਸੂਬੇ ਦੇ ਲੋਕਾਂ ਨੂੰ ਬਦਲਾਅ ਲਈ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।
ਰਾਹੁਲ ਗਾਂਧੀ ਕਰਨਗੇ ਸੌਰਾਸ਼ਟਰ ਦਾ ਦੌਰਾ
ਚਿਦਾਂਬਰਮ 3 ਮਈ ਨੂੰ ਰਾਜਕੋਟ ਵਿਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨਗੇ। ਦੱਸ ਦਈਏ ਕਿ ਸੌਰਾਸ਼ਟਰ ਹਲਕੇ ਦੇ ਰਾਜਕੋਟ ਵਿਚ ਕੇਂਦਰੀ ਮੰਤਰੀ ਪੁਰਸ਼ੋਤਮ ਰੂਪਾਲਾ ਦੀ ਰਾਜਪੂਤਾਂ ’ਤੇ ਵਿਵਾਦਪੂਰਨ ਟਿੱਪਣੀ ਤੋਂ ਬਾਅਦ ਭਾਜਪਾ ਨੂੰ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਸੀ, ਉਹ ਰਾਜਕੋਟ ਤੋਂ ਚੋਣ ਮੈਦਾਨ ਵਿਚ ਹਨ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਇਸ ਹਫਤੇ ਸੌਰਾਸ਼ਟਰ ਮੁਹਿੰਮ ਵਿਚ ਸ਼ਾਮਲ ਹੋ ਸਕਦੇ ਹਨ। ਗੁਜਰਾਤ ਮੁਹਿੰਮ ਦਾ ਹਿੱਸਾ ਬਣਨ ਵਾਲੇ ਹੋਰ ਕਾਂਗਰਸੀ ਨੇਤਾਵਾਂ ਵਿਚ ਅਸ਼ੋਕ ਗਹਿਲੋਤ, ਮੁਕੁਲ ਵਾਸਨਿਕ ਅਤੇ ਇਮਰਾਨ ਕਿਦਕਈ ਸ਼ਾਮਲ ਹਨ।
ਚੋਣ ਪ੍ਰਚਾਰ ਦੇ ਆਖਰੀ ਪੜਾਅ ਲਈ ਸਟਾਰ ਕਾਸਟ ਤਿਆਰ ਕਰਨ ਤੋਂ ਇਲਾਵਾ ਭਾਜਪਾ ਦੀਆਂ ਰੈਲੀਆਂ ਤਿੰਨ ਚੀਜ਼ਾਂ ’ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਇਨ੍ਹਾਂ ਵਿਚ ਸੂਬੇ ਵਿਚ ਪਾਰਟੀ ਦੀ ਤੀਜੀ ਜਿੱਤ, ਵਿਕਸਿਤ ਭਾਰਤ ਦੇ ਟੀਚਿਆਂ ਨੂੰ ਪੇਸ਼ ਕਰਨਾ ਅਤੇ ਪਿਛਲੇ 10 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਰਿਕਾਰਡ ’ਤੇ ਰੱਖਣਾ ਸ਼ਾਮਲ ਹੈ। ਦੂਜੇ ਪਾਸੇ ਕਾਂਗਰਸ ਨੇ ਰਾਜਪੂਤਾਂ ਦੇ ਵਿਰੋਧ ਨੂੰ ਸੂਬੇ ਵਿਚ ਕੁਝ ਮਜਬੂਤ ਬਣਾਉਣ ਦੇ ਮੌਕੇ ਦੇ ਰੂਪ ਵਿਚ ਦੇਖਿਆ ਹੈ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਕਾਂਗਰਸ ਗੁਜਰਾਤ ਵਿਚ ਭਾਜਪਾ ਨੂੰ 10 ਤੋਂ ਜ਼ਿਆਦਾ ਸੀਟਾਂ ’ਤੇ ਟੱਕਰ ਦੇ ਰਹੀ ਹੈ।