ਪੱਛਮੀ ਬੰਗਾਲ ਪੰਚਾਇਤੀ ਚੋਣਾਂ ’ਚ ਬੰਬਾਰੀ, ਅੱਗਜ਼ਨੀ, ਤੋੜ-ਫੋੜ ਤੇ ਲੁੱਟਮਾਰ

07/09/2023 4:19:12 AM

ਹਿੰਸਾ ਪੱਛਮੀ ਬੰਗਾਲ ’ਚ ਚੋਣਾਂ ਦਾ ਅਟੁੱਟ ਅੰਗ ਬਣ ਚੁੱਕੀ ਹੈ। ਉਥੇ 2013 ਦੀਆਂ ਪੰਚਾਇਤੀ ਚੋਣਾਂ ’ਚ ਹੋਈ ਹਿੰਸਾ ’ਚ ਘੱਟੋ-ਘੱਟ 80 ਲੋਕ ਅਤੇ 2018 ਦੀਆਂ ਚੋਣਾਂ ’ਚ 13 ਲੋਕ ਮਾਰੇ ਗਏ ਸਨ। ਹੁਣ 8 ਜੁਲਾਈ ਨੂੰ ਹੋਈਆਂ ਪੰਚਾਇਤੀ ਚੋਣਾਂ ’ਚ ਵੋਟਿੰਗ ਤੋਂ ਪਹਿਲਾਂ ਇਸ ਸਾਲ 27 ਲੋਕ ਮਾਰੇ ਗਏ ਜਦਕਿ ਵੋਟਿੰਗ ਦੇ ਦੌਰਾਨ ਹੋਈਆਂ ਝੜਪਾਂ ’ਚ 15 ਲੋਕ ਮਾਰੇ ਗਏ ਹਨ।

ਇਸ ਦੌਰਾਨ ਹਿੰਸਕ ਝੜਪਾਂ ’ਚ ਕਈ ਵੋਟਿੰਗ ਕੇਂਦਰਾਂ ’ਤੇ ਵੋਟ ਪੇਟੀਆਂ ਨਸ਼ਟ ਕੀਤੀਆਂ ਗਈਆਂ, ਕਿਤੇ ਬੈਲਟ ਪੇਪਰ ਸਾੜੇ ਗਏ ਅਤੇ ਕਿਤੇ ਬੂਥ ਲੁੱਟ ਲਏ ਗਏ। ਕਿਤੇ ਫਰਜ਼ੀ ਵੋਟਿੰਗ ਤੋਂ ਨਾਰਾਜ਼ ਵੋਟਰਾਂ ਨੇ ਬੈਲਟ ਪੇਪਰਾਂ ਨੂੰ ਅੱਗ ਲਾ ਦਿੱਤੀ ਤੇ ਕਿਤੇ ਵੋਟ ਪੇਟੀ ’ਚ ਪਾਣੀ ਪਾਏ ਜਾਣ ਆਦਿ ਕਾਰਨ ਵੋਟਿੰਗ ਰੋਕਣੀ ਪਈ।

ਕਈ ਥਾਵਾਂ ’ਤੇ ਵੋਟਿੰਗ ਕੇਂਦਰਾਂ ਅਤੇ ਉਨ੍ਹਾਂ ਦੇ ਆਸ-ਪਾਸ ਬੰਬ ਸੁੱਟੇ ਗਏ, ਪਥਰਾਅ ਕੀਤਾ ਗਿਆ ਅਤੇ ਵੱਖ-ਵੱਖ ਦਲਾਂ ਦੇ ਵਰਕਰਾਂ ਨੇ ਵੋਟਿੰਗ ਕੇਂਦਰਾਂ ’ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਵੋਟਿੰਗ ਲਈ ਆਏ ਲੋਕਾਂ ਨੂੰ ਭਜਾਉਣ, ਧਮਕਾਉਣ, ਉਨ੍ਹਾਂ ’ਤੇ ਹਮਲਾ ਕਰਨ ਅਤੇ ਵੋਟਿੰਗ ਕੇਂਦਰਾਂ ’ਤੇ ਕਬਜ਼ਾ ਕਰਨ ਦੀਆਂ ਵੀ ਖਬਰਾਂ ਹਨ। ਕਈ ਸਥਾਨਾਂ ’ਤੇ ਲੋਕਾਂ ਨੇ ਵੋਟਿੰਗ ਦਾ ਬਾਈਕਾਟ ਵੀ ਕੀਤਾ।

ਦੋਸ਼ ਹੈ ਕਿ ਕਈ ਥਾਵਾਂ ’ਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ 7-8 ਜੁਲਾਈ ਦੀ ਦਰਮਿਆਨੀ ਰਾਤ ਨੂੰ ਹੀ ਬੋਗਸ ਵੋਟਾਂ ਪੁਆ ਦਿੱਤੀਆਂ। ਦੱਸਿਆ ਜਾਂਦਾ ਹੈ ਕਿ ਕੁਝ ਵੋਟਿੰਗ ਕੇਂਦਰਾਂ ’ਤੇ ਤ੍ਰਿਣਮੂਲ ਕਾਂਗਰਸ ਦੇ ਲੋਕ ਝੋਲਿਆਂ ’ਚ ਭਰ ਕੇ ਬੰਬ ਲਿਆਏ ਸਨ।

24 ਪਰਗਨਾ ਜ਼ਿਲੇ ਦੇ ਦੌਰੇ ’ਤੇ ਨਿਕਲੇ ਰਾਜਪਾਲ ਸੀ. ਵੀ. ਆਨੰਦ ਬੋਸ ਦਾ ਕਹਿਣਾ ਹੈ ਕਿ ਗੁੰਡਿਆਂ ਨੇ ਲੋਕਾਂ ਨੂੰ ਵੋਟਿੰਗ ਕੇਂਦਰਾਂ ’ਤੇ ਜਾਣ ਨਹੀਂ ਦਿੱਤਾ।

ਕੁਝ ਸਿਆਸੀ ਆਬਜ਼ਰਵਰਾਂ ਅਨੁਸਾਰ ਸੂਬੇ ’ਚ ਪੰਚਾਇਤਾਂ ਨੂੰ ਮਿਲਣ ਵਾਲੇ 2 ਕਰੋੜ ਰੁਪਏ ਦੇ ਫੰਡ ’ਤੇ ਕਬਜ਼ਾ ਕਰਨ ਦਾ ਲੋਭ ਵੀ ਚੋਣਾਂ ਜਿੱਤਣ ਲਈ ਹਿੰਸਾ ਦਾ ਇਕ ਕਾਰਨ ਹੋ ਸਕਦਾ ਹੈ, ਜਿਸ ਦੀ ਵੰਡ ’ਚ ਬੇਨਿਯਮੀਆਂ ਬਾਰੇ ਕੈਗ ਨੇ ਇਤਰਾਜ਼ ਕੀਤਾ ਸੀ।

ਇਨ੍ਹਾਂ ਚੋਣਾਂ ਦੌਰਾਨ ਹਿੰਸਾ ’ਚ ਹੋਰ ਹਥਿਆਰਾਂ ਤੋਂ ਇਲਾਵਾ ਹੱਥ-ਗੋਲਿਆਂ (ਗ੍ਰੇਨੇਡਾਂ) ਅਤੇ ਦੇਸੀ ਬੰਬਾਂ ਦੀ ਖੁੱਲ੍ਹ ਕੇ ਵਰਤੋਂ ਹੋਈ। ਕੁਝ ਲੋਕਾਂ ਨੇ ਤਾਂ ਬਕਾਇਦਾ ਬੰਬਾਂ ਦੀ ਸਪਲਾਈ ਦਾ ਧੰਦਾ ਸ਼ੁਰੂ ਕੀਤਾ ਹੋਇਆ ਸੀ। ਪੂਰੇ ਸੂਬੇ ’ਚ ਹਜ਼ਾਰਾਂ ਦੇਸੀ ਬੰਬ ਨਾਜਾਇਜ਼ ਨਿਰਮਾਤਾਵਾਂ ਵੱਲੋਂ ਵੱਖ-ਵੱਖ ਦਲਾਂ ਦੇ ਲੋਕਾਂ ਨੂੰ ਭੇਜੇ ਗਏ।

ਸੂਬੇ ਦੀਆਂ 42 ਸੰਸਦੀ ਸੀਟਾਂ ਦੀ ਵੱਡੀ ਗਿਣਤੀ ਪੇਂਡੂ ਇਲਾਕਿਆਂ ’ਚ ਹੋਣ ਕਾਰਨ ਇਨ੍ਹਾਂ ਚੋਣਾਂ ਰਾਹੀਂ ਸਾਰੀਆਂ ਪਾਰਟੀਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਬੂਥ ਪੱਧਰ ’ਤੇ ਸੰਗਠਨ ਦੀ ਸਮਰੱਥਾ ਨੂੰ ਜਾਂਚਣ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੂੰ ਸੂਬੇ ’ਚ ਲੋਕ ਸਭਾ ਚੋਣਾਂ ਦਾ ਸੈਮੀ-ਫਾਈਨਲ ਮੰਨਿਆ ਜਾ ਰਿਹਾ ਹੈ।

ਸੂਬੇ ਦੀ ਲਗਭਗ 65 ਫੀਸਦੀ ਜਨਸੰਖਿਆ ਇਨ੍ਹਾਂ ਚੋਣਾਂ ਨਾਲ ਜੁੜੀ ਹੋਈ ਹੈ। ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦਰਮਿਆਨ ਸਖਤ ਮੁਕਾਬਲਾ ਹੈ ਜਦਕਿ ਖੱਬੇਪੱਖੀ ਮੋਰਚਾ ਅਤੇ ਕਾਂਗਰਸ ਵੀ ਇਨ੍ਹਾਂ ਚੋਣਾਂ ’ਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ।

ਇਸ ਹਿੰਸਾ ਨੇ ਸਾਡੇ ਚੋਣ ਪ੍ਰਬੰਧਨ ’ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ। ਬੇਸ਼ੱਕ ਅਸੀਂ ਆਪਣੀ ਚੋਣ ਮਸ਼ੀਨਰੀ ਦੁਨੀਆ ’ਚ ਬਿਹਤਰੀਨ ਹੋਣ ਦਾ ਦਾਅਵਾ ਕਰਦੇ ਹਾਂ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਵੋਟਿੰਗ ਕਰਦੇ ਹਾਂ ਜੋ ਦੁਨੀਆ ਦੇ ਬਹੁਤ ਘੱਟ ਦੇਸ਼ਾਂ ਦੇ ਕੋਲ ਹੀ ਹਨ, ਇਸ ਦੇ ਬਾਵਜੂਦ ਜੇ ਇਸ ਤਰ੍ਹਾਂ ਦੀ ਹਿੰਸਾ ਹੋਵੇਗੀ ਤਾਂ ਫਿਰ ਕੌਣ ਵੋਟਾਂ ਪਾਉਣ ਜਾਵੇਗਾ, ਇਹ ਸਭ ਤੋਂ ਵੱਡਾ ਸਵਾਲ ਹੈ।

ਇਸ ਹਿੰਸਾ ਲਈ ਸਾਰੇ ਇਕ-ਦੂਸਰੇ ’ਤੇ ਦੋਸ਼ ਲਾ ਰਹੇ ਹਨ। ਸਾਰੀਆਂ ਪਾਰਟੀਆਂ ਨੇ ਇਸ ਹਿੰਸਾ ਦੀ ਨਿੰਦਾ ਕੀਤੀ ਹੈ ਜਦਕਿ ਭਾਜਪਾ ਨੇ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਕੀਤੀ ਹੈ।

ਹਾਲ ਦੀ ਘੜੀ ਕੇਂਦਰੀ ਸੁਰੱਖਿਆ ਬਲਾਂ ਅਤੇ ਸੂਬਾ ਪੁਲਸ ਦੇ 1.35 ਲੱਖ ਜਵਾਨ ਤਾਇਨਾਤ ਹੋਣ ਦੇ ਬਾਵਜੂਦ ਇੰਨੇ ਵੱਡੇ ਪੱਧਰ ’ਤੇ ਹਿੰਸਾ ਸੁਰੱਖਿਆ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦੀ ਹੈ। ਵਰਣਨਯੋਗ ਹੈ ਕਿ ਜਦ ਸੁਪਰੀਮ ਕੋਰਟ ਨੇ ਸੂਬੇ ’ਚ ਕੇਂਦਰੀ ਬਲਾਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਸਨ ਤਾਂ ਸੂਬਾ ਸਰਕਾਰ ਨੇ ਇਸ ਦਾ ਵਿਰੋਧ ਕੀਤਾ ਸੀ।

ਕਿਸੇ ਸਮੇਂ ਕਲਾ ਅਤੇ ਸੱਭਿਆਚਾਰ ਦਾ ਕੇਂਦਰ ਅਖਵਾਉਣ ਵਾਲਾ ਪੱਛਮੀ ਬੰਗਾਲ ਅੱਜ ਅਪਰਾਧਾਂ ਅਤੇ ਹਿੰਸਾ ਦਾ ਕੇਂਦਰ ਬਣ ਗਿਆ ਹੈ। ਲੋਕਤੰਤਰ ਦੀ ਸਭ ਤੋਂ ਹੇਠਲੀ ਪੌੜੀ ਦੀਆਂ ਚੋਣਾਂ ’ਚ ਜੇ ਇੰਨੀ ਹਿੰਸਾ ਹੋ ਰਹੀ ਹੈ ਤਾਂ ਅੱਗੇ ਲੋਕ ਸਭਾ ਦੀਆਂ ਚੋਣਾਂ ’ਚ ਕੀ ਹੋਵੇਗਾ?

–ਵਿਜੇ ਕੁਮਾਰ


Manoj

Content Editor

Related News