ਹੁਣ ''ਅਭਿਨੇਤਰੀਆਂ'' ਅਤੇ ''ਬਿਊਟੀ ਕੁਈਨਾਂ'' ਵੀ ਬਣ ਗਈਆਂ ਨਸ਼ਿਆਂ ਦੀਆਂ ਸਮੱਗਲਰ

07/27/2016 3:14:19 AM

ਅੱਜ ਦੇਸ਼ ਭਰ ''ਚ ਨਸ਼ਿਆਂ ''ਤੇ ਰੋਕ ਲਾਉਣ ਨੂੰ ਲੈ ਕੇ ਇਕ ਬਹਿਸ ਜਿਹੀ ਛਿੜੀ ਹੋਈ ਹੈ ਅਤੇ ਨਸ਼ਾ ਸਮੱਗਲਰਾਂ ਦੇ ਫੈਲ ਰਹੇ ਜਾਲ ਨੇ ਕੇਂਦਰ ਸਰਕਾਰ ਤੋਂ ਇਲਾਵਾ ਕਈ ਸੂਬਿਆਂ ਦੀਆਂ ਸਰਕਾਰਾਂ ਦੀ ਵੀ ਨੀਂਦ ਉਡਾਈ ਹੋਈ ਹੈ। 
ਸਮੱਗਲਿੰਗ ਤੇ ਹੋਰ ਅਪਰਾਧਿਕ ਸਰਗਰਮੀਆਂ ''ਚ ਜਿਥੇ ਕਈ ਮਾਮਲਿਆਂ ''ਚ ਸੁਰੱਖਿਆ ਮੁਲਾਜ਼ਮਾਂ ਤੇ ਸਥਾਨਕ ਲੋਕਾਂ ਦੀ ਮਿਲੀਭੁਗਤ ਸਾਹਮਣੇ ਆਈ ਹੈ, ਉਥੇ ਹੀ ਹਾਈ ਪ੍ਰੋਫਾਈਲ ਔਰਤਾਂ ਦਾ ਨਾਂ ਵੀ ਨਸ਼ਿਆਂ ਦੀ ਸਮੱਗਲਿੰਗ ਤੇ ਹੋਰ ਅਪਰਾਧਿਕ ਮਾਮਲਿਆਂ ''ਚ ਮਾਫੀਆ ਸਰਗਣਿਆਂ ਤਕ ਨਾਲ ਜੁੜਦਾ ਜਾ ਰਿਹਾ ਹੈ।
ਹਾਜੀ ਮਸਤਾਨ ਨੂੰ ਮੁੰਬਈ ਦਾ ਪਹਿਲਾ ਸੈਲੀਬ੍ਰਿਟੀ ਗੈਂਗਸਟਰ ਮੰਨਿਆ ਜਾਂਦਾ ਹੈ। ਪੁਰਾਣੇ ਜ਼ਮਾਨੇ ਦੀ ਪ੍ਰਸਿੱਧ ਅਭਿਨੇਤਰੀ ਮਧੂਬਾਲਾ ਨਾਲ ਬਿਲਕੁਲ ਮਿਲਦੇ-ਜੁਲਦੇ ਚਿਹਰੇ ਵਾਲੀ ਅਭਿਨੇਤਰੀ ''ਸੋਨਾ'' ਅਤੇ ਹਾਜੀ ਮਸਤਾਨ ਦੀ ਪ੍ਰੇਮ ਕਹਾਣੀ ਵਿਆਹ ''ਚ ਬਦਲੀ ਤੇ ਇਸੇ ''ਤੇ 2010 ''ਚ ਫਿਲਮ ''ਵਨਸ ਅਪਾਨ ਏੇ ਟਾਈਮ ਇਨ ਮੁੰਬਈ'' ਬਣੀ। 
ਪਾਕਿਸਤਾਨੀ ਅਭਿਨੇਤਰੀ ਅਨੀਤਾ ਅਯੂਬ ਦੇ ਦਾਊਦ ਇਬ੍ਰਾਹਿਮ ਨਾਲ ਗੂੜ੍ਹੇ ਸੰਬੰਧ ਸਨ, ਜੋ ਇਨ੍ਹੀਂ ਦਿਨੀਂ ਪਾਕਿਸਤਾਨ ''ਚ ਰਹਿ ਰਿਹਾ ਹੈ। ਜਦੋਂ ਅਨੀਤਾ ਅਯੂਬ ਦੀ ਪਹਿਲੀ ਫਿਲਮ ''ਪਿਆਰ ਕਾ ਤਰਾਨਾ'' ਦੇ ਨਿਰਮਾਤਾ ਜਾਵੇਦ ਸਿੱਦੀਕੀ ਨੇ ਉਸ ਨੂੰ ਆਪਣੀ ਅਗਲੀ ਫਿਲਮ ''ਚ ਨਹੀਂ ਲਿਆ ਤਾਂ ਦਾਊਦ ਦੇ ਬੰਦਿਆਂ ਨੇ ਜਾਵੇਦ ਦੀ ਹੱਤਿਆ ਕਰ ਦਿੱਤੀ।
1985 ''ਚ ਆਈ ਫਿਲਮ ''ਰਾਮ ਤੇਰੀ ਗੰਗਾ ਮੈਲੀ'' ਦੇ ਰਿਲੀਜ਼ ਹੁੰਦਿਆਂ ਹੀ ਰਾਤੋ-ਰਾਤ ''ਪਿਨ-ਅਪ ਗਰਲ'' ਵਜੋਂ ਮਸ਼ਹੂਰ ਹੋ ਜਾਣ ਵਾਲੀ ਮੰਦਾਕਿਨੀ ਦੀਆਂ ਫੋਟੋਆਂ ਵੀ ਦਾਊਦ ਇਬ੍ਰਾਹਿਮ ਨਾਲ ਅਕਸਰ ਛਪਦੀਆਂ ਰਹਿੰਦੀਆਂ ਸਨ। 
ਇਸ ਨਾਲ ਲੋਕਾਂ ''ਚ ਇਨ੍ਹਾਂ ਅਟਕਲਾਂ ਨੇ ਜ਼ੋਰ ਫੜਿਆ ਕਿ ਉਹ ਦੋਵੇਂ ਇਕ ''ਕਪਲ'' ਹਨ ਪਰ ਮੰਦਾਕਿਨੀ ਵਾਰ-ਵਾਰ ਇਹੋ ਕਹਿੰਦੀ ਰਹੀ ਕਿ ਉਨ੍ਹਾਂ ਦੋਹਾਂ ਵਿਚਾਲੇ ਤਾਂ ਸਿਰਫ ਜਾਣ-ਪਛਾਣ ਹੀ ਹੈ। ਇਸੇ ਤਰ੍ਹਾਂ ਅਭਿਨੇਤਰੀ ਮੋਨਿਕਾ ਬੇਦੀ ਦਾ ਨਾਂ ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਦੇ ਨੇੜਲੇ ਸਹਿਯੋਗੀ ਅਬੂ ਸਲੇਮ ਨਾਲ ਜੁੜਿਆ ਸੀ।
ਇਨ੍ਹੀਂ ਦਿਨੀਂ ਕਰੋੜਾਂ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਦੇ ਤਸਕਰੀ ਸਕੈਂਡਲ ''ਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਕਾਰਨ ''ਛੰਮਾਂ-ਛੰਮਾਂ ਗਰਲ'' ਅਤੇ ਸਾਬਕਾ ਅਭਿਨੇਤਰੀ ਮਮਤਾ ਕੁਲਕਰਨੀ ਚਰਚਾ ''ਚ ਹੈ, ਜਿਸ ''ਚ ਉਸ ਦਾ ਕਥਿਤ ਪਤੀ ਅਤੇ ਡਰੱਗ ਸਮੱਗਲਰ ਵਿੱਕੀ ਗੋਸਵਾਮੀ ਵੀ ਸ਼ਾਮਿਲ ਦੱਸਿਆ ਜਾਂਦਾ ਹੈ।
ਮਮਤਾ ਨੇ ਹੁਣੇ-ਹੁਣੇ ਇਕ ਚੈਨਲ ਨੂੰ ਦਿੱਤੀ ਇੰਟਰਵਿਊ ''ਚ ਕਿਹਾ ਹੈ ਕਿ ਨਾ ਤਾਂ ਡਰੱਗ ਸਮੱਗਲਰ ਵਿੱਕੀ ਗੋਸਵਾਮੀ ਨਾਲ ਉਸ ਦਾ ਵਿਆਹ ਹੋਇਆ ਹੈ ਅਤੇ ਨਾ ਹੀ ਉਹ ਕਿਸੇ ਡਰੱਗ ਮਾਫੀਆ ਨਾਲ ਜੁੜੀ ਹੋਈ ਹੈ ਤੇ ਉਸ ਦੇ ਬੈਂਕ ਖਾਤੇ ''ਚ ਸਿਰਫ 28 ਲੱਖ ਰੁਪਏ ਹੀ ਹਨ।
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ 23 ਜੂਨ ਨੂੰ ਬੈਂਗਲੁਰੂ ''ਚ ਇਕ ਟੌਪ ਮਾਡਲ ''ਦਰਸ਼ਮਿਤਾ ਗੌੜਾ'' ਨੂੰ ਡਰੱਗ ਰੈਕੇਟ ਨਾਲ ਜੁੜੀ ਹੋਣ ਦੇ ਮਾਮਲੇ ''ਚ ਗ੍ਰਿਫਤਾਰ ਕੀਤਾ ਹੈ। ਮਲਟੀ-ਸਟੇਟ ਰੈਕੇਟ ਨਾਲ ਜੁੜੀ ਇਸ ਮਾਡਲ ਸੁੰਦਰੀ ''ਤੇ ਹਾਈ ਪ੍ਰੋਫਾਈਲ ਗਾਹਕਾਂ, ਕਾਲਜ ਵਿਦਿਆਰਥੀਆਂ ਆਦਿ ਨੂੰ ਡਰੱਗਜ਼ ਮੁਹੱਈਆ ਕਰਵਾਉਣ ਦਾ ਦੋਸ਼ ਹੈ।
26 ਸਾਲਾ ''ਦਰਸ਼ਮਿਤਾ'' ਨੇ 2014 ਵਿਚ ''ਮਿਸ ਕਰਨਾਟਕ ਕੁਈਨ'' ਪ੍ਰਤੀਯੋਗਿਤਾ ਦਾ ਖਿਤਾਬ ਜਿੱਤਿਆ ਸੀ। ਬੈਂਗਲੁਰੂ ਤੋਂ ਇਲਾਵਾ ਮੈਂਗਲੂਰ ਅਤੇ ਗੋਆ ''ਚ ਵੀ ਸਰਗਰਮ ਇਸ ਗਿਰੋਹ ਦੇ ਮੈਂਬਰਾਂ ਦੇ ਆਰ. ਟੀ. ਨਗਰ ''ਚ ਸਥਿਤ ਪਾਸ਼ ਅਪਾਰਟਮੈਂਟ ''ਤੇ ਐੱਨ. ਸੀ. ਬੀ. ਵਲੋਂ ਕੀਤੀ ਗਈ ਛਾਪੇਮਾਰੀ ਦੌਰਾਨ, ਜਿਥੇ ਇਹ ਆਪਣੇ ਬੁਆਏਫ੍ਰੈਂਡ ਨਿਸ਼ਾਂਤ ਨਾਲ ਰਹਿੰਦੀ ਸੀ, 110 ਗ੍ਰਾਮ ਕੋਕੀਨ, 19 ਗ੍ਰਾਮ ਹਸ਼ੀਸ਼, 1.2 ਗ੍ਰਾਮ ਐੱਮ. ਡੀ. ਐੱਮ. ਏ. ਜ਼ਬਤ ਕੀਤੀ ਗਈ।
27 ਜੂਨ ਨੂੰ ਮੁੰਬਈ ਦੇ ਵਰਸੋਵਾ ''ਚ ਇਕ ਪ੍ਰੋਡਕਸ਼ਨ ਹਾਊਸ ਦੇ ਨਾਂ ਹੇਠ ਦੇਹ ਵਪਾਰ ਦਾ ਰੈਕੇਟ ਚਲਾਉਣ ਦੇ ਦੋਸ਼ ਹੇਠ ਇਕ ਮਾਡਲ ਗ੍ਰਿਫਤਾਰ ਕੀਤੀ ਗਈ। 
ਅਤੇ ਹੁਣ ਮੁੰਬਈ ਦੀ ਮਾਇਆਨਗਰੀ ''ਚ ਮਾਡਲ ਬਣਨ ਲਈ ਸਰਗਰਮ ਰਹੀ ਸੁੰਦਰੀ ਦਿਵਿਆ ਪਹੂਜਾ ਦਾ ਨਾਂ ਅਪਰਾਧ ਦੀ ਦੁਨੀਆ ਨਾਲ ਜੁੜਿਆ ਹੈ। ਉਸ ਨੂੰ 14 ਜੁਲਾਈ ਨੂੰ ਮੰੁੰਬਈ ਪੁਲਸ ਨੇ ਗ੍ਰਿਫਤਾਰ ਕੀਤਾ। 
ਦਿਵਿਆ ਪਹੂਜਾ ਗੈਂਗਸਟਰ ''ਸੰਦੀਪ ਗਡੋਲੀ'' ਸ਼ੂਟਿੰਗ ਕਾਂਡ ਦੀ ਇਕੋ-ਇਕ ਗਵਾਹ ਮੰਨੀ ਜਾਂਦੀ ਹੈ, ਜਿਸ ਨੂੰ ਬੀਤੀ 7 ਫਰਵਰੀ ਨੂੰ ਗੁੜਗਾਓਂ ਪੁਲਸ ਦੀ ਇਕ ਟੀਮ ਨੇ ਅੰਧੇਰੀ (ਈਸਟ) ਦੇ ਇਕ ਹੋਟਲ ''ਚ ਗੋਲੀ ਮਾਰ ਦਿੱਤੀ ਸੀ।
ਭਾਰਤ ਵਰਗੇ ਦੇਸ਼ ''ਚ ਜਿਥੇ ਔਰਤਾਂ ਨੂੰ ਬਹੁਤ ਆਦਰ ਨਾਲ ਦੇਖਿਆ ਜਾਂਦਾ ਰਿਹਾ ਹੈ, ਅਪਰਾਧ ਅਤੇ ਮਾਫੀਆ ਜਗਤ ਨਾਲ ਸੁੰਦਰੀਆਂ ਦਾ ਜੁੜਨਾ ਇਕ ਚਿੰਤਾਜਨਕ ਰੁਝਾਨ ਹੈ, ਜਿਸ ਤੋਂ ਇਹ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਛੇਤੀ ਅਮੀਰ ਹੋਣ ਦੀ ਦੌੜ ''ਚ ਲੋਕ ਕਿਸ ਹੱਦ ਤਕ ਜਾ ਸਕਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਇਹ ਰਸਤਾ ਦੇਸ਼, ਸਮਾਜ ਅਤੇ ਉਨ੍ਹਾਂ ਲਈ ਕਿੰਨਾ ਖਤਰਨਾਕ ਹੈ।
—ਵਿਜੇ ਕੁਮਾਰ


Vijay Kumar Chopra

Chief Editor

Related News