ਕੋਰੋਨਾ ਦੇ ਪ੍ਰਤੀ ਲਾਪ੍ਰਵਾਹੀ ਤੋਂ ਪਹਿਲਾਂ ਡਾਕਟਰਾਂ ਅਤੇ ਨਰਸਾਂ ਦੇ ਬਾਰੇ ’ਚ ਵੀ ਸੋਚ ਲਓ

04/19/2021 2:25:29 AM

ਕੋਰੋਨਾ ਦੀ ਦੂਸਰੀ ਲਹਿਰ ਨਾਲ ਇਸ ਸਮੇਂ ਸਾਰਾ ਦੇਸ਼ ਬੇਹਾਲ ਹੈ। ਜੇਕਰ ਤੁਹਾਡੇ ਕੋਰੋਨਾ ਵਾਇਰਸ ਟੈਸਟ ਕਰਵਾਉਣ ਦੀ ਲਾਈਨ ’ਚ 20,000 ਲੋਕ ਤੁਹਾਡੇ ਤੋਂ ਅੱਗੇ ਹੋਣ, ਜੇਕਰ ਟੈਸਟ ਦੀ ਰਿਪੋਰਟ 14 ਘੰਟਿਆਂ ਦੀ ਬਜਾਏ ਘੱਟ ਤੋਂ ਘੱਟ 2 ਦਿਨ ’ਚ ਆਏ, ਇਲਾਜ ਲਈ ਦਵਾਈਆਂ, ਆਕਸੀਜਨ ਯੰਤਰਾਂ, ਬੈੱਡਸ ਅਤੇ ਵੈਂਟੀਲੇਟਰ ਦੀ ਵੀ ਕਮੀ ਹੋਵੇ ਤਾਂ ਨਿਸ਼ਚਿਤ ਤੌਰ ’ਤੇ ਦਿਖਾਈ ਦੇਣ ਵਾਲੀ ਕਹਾਣੀ ਦਾ ਇਕ ਹੋਰ ਪੱਖ ਬੇਹੱਦ ਗੰਭੀਰ ਹੋਵੇਗਾ। ਇਨਫੈਕਸ਼ਨ ਦੇ ਲਗਾਤਾਰ ਵਧਦੇ ਅੰਕੜਿਆਂ ਦੇ ਕਾਰਨ ਕਈ ਸੂਬੇ ਕਿਸੇ ਨਾ ਕਿਸੇ ਰੂਪ ’ਚ ਕਰਫਿਊ ਅਤੇ ਲਾਕਡਾਊਨ ਲਗਾਉਣ ਦੇ ਲਈ ਮਜਬੂਰ ਹੋ ਚੁੱਕੇ ਹਨ।

ਕੋਰੋਨਾ ਨਾਲ ਗ੍ਰਸਤ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਵਾਲੀਆਂ ‘ਰੇਮਡੇਸਿਵਿਰ’ ਅਤੇ ‘ਟੋਸਿਲੀਜੁਮਾਬ’ ਵਰਗੀਆਂ ਦਵਾਈਆਂ ਦੀ ਭਾਰੀ ਕਿੱਲਤ ਦੇ ਦਰਮਿਆਨ ਸੋਸ਼ਲ ਮੀਡੀਆ ਇਨ੍ਹਾਂ ਨੂੰ ਮੁਹੱਈਆ ਕਰਵਾਉਣ ਵਾਲਿਆਂ ਦੀ ਮਦਦ ਦੀ ਅਪੀਲ ਨਾਲ ਭਰ ਚੁੱਕਾ ਹੈ। ਇਸ ਦੇ ਬਾਵਜੂਦ ਲੋਕ ਕੋਰੋਨਾ ਨੂੰ ਲੈ ਕੇ ਓਨੇ ਗੰਭੀਰ ਨਹੀਂ ਹਨ ਜਿੰਨਾ ਉਨ੍ਹਾਂ ਨੂੰ ਹੋਣਾ ਚਾਹੀਦਾ ਸੀ। ਸਥਿਤੀ ਦੀ ਗੰਭੀਰਤਾ ਦਾ ਪਤਾ ਇਸੇ ਗੱਲ ਤੋਂ ਲੱਗ ਰਿਹਾ ਹੈ ਕਿ ਦੇਸ਼ ਦੇ ਜ਼ਿਆਦਾਤਰ ਵੱਡੇ ਸ਼ਹਿਰਾਂ ਦੀ ਸਿਹਤ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਚੁੱਕੀ ਹੈ।

ਪਹਿਲੀ ਲਹਿਰ ਦੀ ਤੁਲਨਾ ’ਚ ਦੂਸਰੀ ਲਹਿਰ ਨਾਲ ਨਜਿੱਠਣ ਦੇ ਲਈ ਡਾਕਟਰਾਂ ਅਤੇ ਮੈਡੀਕਲ ਜਗਤ ਨਾਲ ਜੁੜੇ ਹੋਰਨਾਂ ਲੋਕਾਂ ਦੀ ਸਰੀਰਕ ਤੌਰ ’ਤੇ ਤਿਆਰੀ ਬਿਹਤਰ ਹੋਣ ਦੇ ਬਾਵਜੂਦ ਸਭ ਤੋਂ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਦੂਸਰੀ ਲਹਿਰ ’ਚ ਡਾਕਟਰਾਂ ਅਤੇ ਮੈਡੀਕਲ ਜਗਤ ਨਾਲ ਜੁੜੇ ਹੋਰਨਾਂ ਲੋਕਾਂ ਦਾ ਵੀ ਹਾਲ ਖਰਾਬ ਹੋਣ ਲੱਗਾ ਹੈ।

ਪਹਿਲੀ ਲਹਿਰ ਦੇ ਵਾਂਗ ਉਨ੍ਹਾਂ ਦੇ ਕੋਲ ਮਾਸਕ ਤੋਂ ਲੈ ਕੇ ਪੀ. ਪੀ. ਈ. ਕਿੱਟਾਂ ਵਰਗੇ ਸਾਜ਼ੋ-ਸਾਮਾਨ ਦੀ ਘਾਟ ਨਹੀਂ ਹੈ। ਵਧੇਰੇ ਡਾਕਟਰ, ਨਰਸਾਂ ਅਤੇ ਹੋਰ ਮੈਡੀਕਲ ਸਟਾਫ ਨੂੰ ਵੈਕਸੀਨ ਵੀ ਦਿੱਤੀ ਜਾ ਚੁੱਕੀ ਹੈ ਪਰ ਇਸ ਸਭ ਦੇ ਬਾਵਜੂਦ ਇਕ ਸਾਲ ਤੱਕ ਕੋਰੋਨਾ ਨਾਲ ਲੜਦੇ ਹੋਏ ਉਹ ਸਰੀਰਕ ਅਤੇ ਮਾਨਸਿਕ ਤੌਰ ’ਤੇ ਬਹੁਤ ਜ਼ਿਆਦਾ ਥੱਕ ਚੁੱਕੇ ਹਨ।

ਪਿਛਲੇ ਸਾਲ ਮਾਰਚ ’ਚ ਜਦੋਂ ਕੋਰੋਨਾ ਨੇ ਭਾਰਤ ’ਚ ਪੈਰ ਪਸਾਰਨੇ ਸ਼ੁਰੂ ਕੀਤੇ ਸਨ ਉਸ ਦੇ ਬਾਅਦ ਇਸ ਸਾਲ ਜਨਵਰੀ-ਫਰਵਰੀ ’ਚ ਹੀ ਕੁਝ ਸਮੇਂ ਤੱਕ ਉਨ੍ਹਾਂ ਨੂੰ ਥੋੜ੍ਹੀ ਰਾਹਤ ਨਸੀਬ ਹੋਈ ਜਦੋਂ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ’ਚ ਕਾਫੀ ਕਮੀ ਆ ਗਈ ਸੀ ਪਰ ਅੱਜ ਦੀ ਤਰੀਕ ’ਚ ਦੂਸਰੀ ਲਹਿਰ ਦੇ ਸਿਖਰ ਵੱਲ ਵਧਣ ਦੇ ਦਰਮਿਆਨ ਉਨ੍ਹਾਂ ਤੋਂ ਇਹ ਆਸ ਕਰਨੀ ਬੇਮਾਨੀ ਹੋਵੇਗੀ ਕਿ ਉਨ੍ਹਾਂ ਦੇ ਹੌਸਲੇ ਵੀ ਪਹਿਲਾਂ ਦੇ ਵਾਂਗ ਮਜ਼ਬੂਤ ਰਹਿਣ।

ਕੋਰੋਨਾ ਦੀ ਦੂਸਰੀ ਲਹਿਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਦੇ ਇਕ ਹਸਪਤਾਲ ਦੇ ‘ਡਾ. ਲਾਂਸਲੋਟ ਪਿੰਟੋ’ ਸਾਲ ਭਰ ਤੋਂ ਕੋਰੋਨਾ ਮਰੀਜ਼ਾਂ ਦੇ ਇਲਾਜ ’ਚ ਰੁੱਝੇ ਰਹੇ ਹਨ। ਜਨਵਰੀ ’ਚ ਜਦ ਮਾਮਲੇ ਕੁਝ ਘੱਟ ਹੋਏ ਤਾਂ ਉਨ੍ਹਾਂ ਨੂੰ ਜਾਪਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਹੁਣ ਕੁਝ ਚੈਨ ਦਾ ਸਮਾਂ ਗੁਜ਼ਾਰ ਸਕਣਗੇ ਪਰ ਅਪ੍ਰੈਲ ਆਉਂਦੇ-ਆਉਂਦੇ ਹਾਲਾਤ ਪਹਿਲਾਂ ਨਾਲੋਂ ਵੀ ਭੈੜੇ ਹੋ ਗਏ ਜਦੋਂ ਰੋਜ਼ਾਨਾ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੇ ਦੇਸ਼ ’ਚ ਪਹਿਲਾਂ ਇਕ ਲੱਖ ਅਤੇ ਕੁਝ ਦਿਨਾਂ ਬਾਅਦ ਦੋ ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ।

ਡਾ. ਪਿੰਟੋ ਦੇ ਅਨੁਸਾਰ ਉਨ੍ਹਾਂ ਦੀ ਟੀਮ ’ਚੋਂ ਕੋਈ ਵੀ ਇਸ ਹਾਲਤ ਲਈ ਮਾਨਸਿਕ ਤੌਰ ’ਤੇ ਤਿਆਰ ਨਹੀਂ ਹੈ। ਉਹ ਕਹਿੰਦੇ ਹਨ, ‘‘ਅਸੀਂ ਜੋ ਵੀ ਕਰ ਸਕਦੇ ਹਾਂ ਕਰ ਰਹੇ ਹਾਂ ਪਰ ਹੁਣ ਸਾਡੇ ’ਚ ਪਿਛਲੇ ਸਾਲ ਵਰਗੀ ਮਾਨਸਿਕ ਸ਼ਕਤੀ ਨਹੀਂ ਹੈ।’’

ਦਿੱਲੀ ਦਾ ਹਾਲ ਵੀ ਕੁਝ ਚੰਗਾ ਨਹੀਂ ਹੈ। ਉੱਥੋਂ ਦੇ ਲਗਭਗ ਸਾਰੇ ਨਿੱਜੀ ਹਸਪਤਾਲ ਭਰ ਚੁੱਕੇ ਹਨ। ਗੁਰੂਗ੍ਰਾਮ ਦੇ ਇਕ ਹਸਪਤਾਲ ਦੀ ਡਾਕਟਰ ਰੇਸ਼ਮਾ ਤਿਵਾੜੀ ਬਸੂ ਦੇ ਅਨੁਸਾਰ ਦੂਸਰੀ ਲਹਿਰ ਅਣਕਿਆਸੀ ਨਹੀਂ ਹੈ ਕਿਉਂਕਿ ਇਸ ਦੇ ਬਾਰੇ ’ਚ ਪਹਿਲਾਂ ਤੋਂ ਖਦਸ਼ਾ ਸੀ ਪਰ ਇਸ ਗੱਲ ਤੋਂ ਬੜੀ ਨਿਰਾਸ਼ਾ ਹੈ ਕਿ ਲੋਕ ਭੁੱਲ ਚੁੱਕੇ ਹਨ ਕਿ ਮਹਾਮਾਰੀ ਅਜੇ ਖਤਮ ਨਹੀਂ ਹੋਈ ਹੈ।

ਹਸਪਤਾਲਾਂ ਦੇ ਬਾਹਰ ਜ਼ਿੰਦਗੀ ਆਮ ਵਰਗੀ ਜਾਪਦੀ ਹੁੰਦੀ ਹੈ ਪਰ ਰੈਸਟੋਰੈਂਟ ਅਤੇ ਨਾਈਟ ਕਲੱਬ ਖਚਾਖਚ ਭਰੇ ਹੋਏ ਹਨ, ਬਾਜ਼ਾਰਾਂ ’ਚ ਭੀੜ-ਭੜੱਕਾ ਹੈ, ਲੰਬੀਆਂ ਸ਼ਾਦੀਆਂ, ਅਣਗਿਣਤ ਚੋਣ ਰੈਲੀਆਂ ’ਚ ਲੋਕਾਂ ਦੀ ਭੀੜ, ਕੁੰਭ ਦੇ ਮੇਲੇ ’ਚ ਲੱਖਾਂ ਦੀ ਗਿਣਤੀ ’ਚ ਸ਼ਾਮਲ ਲੋਕਾਂ ਨੂੰ ਆਪਣੀ ਜ਼ਿੰਦਗੀ ਨੂੰ ਖਤਰੇ ’ਚ ਪਾਉਣ ਦਾ ਅਧਿਕਾਰ ਤਾਂ ਹੈ ਪਰ ਦੂਸਰਿਆਂ ਨੂੰ ਨਹੀਂ।

ਡਾ. ਯਤਿਨ ਮਹਿਤਾ ਇਸ ’ਤੇ ਗੁੱਸੇ ’ਚ ਹਨ। ਉਨ੍ਹਾਂ ਦੇ ਅਨੁਸਾਰ ਭਾਰਤ ਨੇ ਜਨਵਰੀ ਅਤੇ ਫਰਵਰੀ ’ਚ ਮਿਲੇ ਮੌਕੇ ਨੂੰ ਹੱਥੋਂ ਤਿਲਕ ਜਾਣ ਦਿੱਤਾ। ਇਸ ਅਰਸੇ ਨੂੰ ‘ਟੈਸਟਿੰਗ’ ਅਤੇ ‘ਟ੍ਰੇਸਿੰਗ’ ਦੇ ਨਾਲ-ਨਾਲ ਵੈਕਸੀਨੇਸ਼ਨ ਵਧਾਉਣ ਦੇ ਲਈ ਵਰਤਿਆ ਜਾਣਾ ਚਾਹੀਦਾ ਸੀ ਤਾਂ ਕਿ ਕੋਰੋਨਾ ਨੂੰ ਕਾਬੂ ’ਚ ਰੱਖਿਆ ਜਾ ਸਕੇ ਪਰ ਅਜਿਹਾ ਨਹੀਂ ਕੀਤਾ ਗਿਆ।

ਕੇਰਲ ਸੂਬੇ ਦੇ ਏਰਨਾਕੁਲਮ ਮੈਡੀਕਲ ਕਾਲਜ ਦੀ ਨਰਸ ਵਿਦਿਆ ਵਿਜਯਨ ਦਾ ਕਹਿਣਾ ਹੈ ਕਿ ਹੁਣ ਅਸੀਂ ਪਹਿਲੀ ਲਹਿਰ ਤੋਂ ਵੀ ਕਿਤੇ ਵੱਧ ਖਤਰਨਾਕ ਦੂਸਰੀ ਲਹਿਰ ਦਾ ਸਾਹਮਣਾ ਕਰ ਰਹੇ ਹਾਂ। ਉਹ ਕਹਿੰਦੀ ਹੈ ਕਿ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੈਲਥ ਕੇਅਰ ਵਰਕਰਜ਼ ਆਪਣੀ ਸਮਰੱਥਾ ਤੋਂ ਵੱਧ ਥੱਕ ਚੁੱਕੇ ਹਨ।

ਹੋਰ ਮੈਡੀਕਲ ਮਾਹਿਰਾਂ ਦੇ ਵਾਂਗ ਉਨ੍ਹਾਂ ਨੂੰ ਵੀ ਇਹੀ ਲੱਗਦਾ ਹੈ ਕਿ ਪਤਾ ਨਹੀਂ ਇਸ ਤਰ੍ਹਾਂ ਕਦੋਂ ਤੱਕ ਉਹ ਕੰਮ ਕਰ ਸਕਣਗੇ ਪਰ ਇੰਨਾ ਤੈਅ ਹੈ ਕਿ ਦੂਸਰੀ ਲਹਿਰ ਹੈਲਥ ਵਰਕਰਜ਼ ਤੋਂ ਲੈ ਕੇ ਸੰਪੂਰਨ ਮੈਡੀਕਲ ਵਿਵਸਥਾ ਦੇ ਲਈ ਇਕ ਵੱਡੀ ਪ੍ਰੀਖਿਆ ਸਾਬਿਤ ਹੋਵੇਗੀ।

ਉਨ੍ਹਾਂ ਅਨੁਸਾਰ, ‘‘ਮੈਡੀਕਲ ਕਰਮਚਾਰੀਆਂ ਦੀ ਮਾਨਸਿਕ ਸਿਹਤ ’ਤੇ ਇਸ ਸਮੇਂ ਕਿਸੇ ਦਾ ਧਿਆਨ ਨਹੀਂ ਹੈ। ਜ਼ਰਾ ਸੋਚ ਕੇ ਦੇਖੋ ਕਿ ਜੋ ਵੀ ਕੰਮ ਤੁਸੀਂ ਕਰਦੇ ਹੋ, ਉਸ ਨੂੰ ਤੁਹਾਨੂੰ ਦਿਨ ਦੇ 24 ਘੰਟੇ, ਹਫਤੇ ਦੇ ਸੱਤੇ ਦਿਨ, ਉਹ ਵੀ ਆਮ ਨਾਲੋਂ 100 ਗੁਣਾ ਵੱਧ ਦਬਾਅ ’ਚ ਕਰਨਾ ਪਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ-ਜਦੋਂ ਕੋਰੋਨਾ ਦੀ ਦੂਸਰੀ ਲਹਿਰ ਆਪਣੇ ਸਿਖਰ ’ਤੇ ਹੋਵੇਗੀ ਤਾਂ ਹਰ ਡਾਕਟਰ, ਨਰਸ ਅਤੇ ਹੈਲਥ ਵਰਕਰ ਦਾ ਇਹੀ ਹਾਲ ਹੋਵੇਗਾ।’’

ਅਜਿਹੀਆਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਸਾਨੂੰ ਸਾਰੀਆਂ ਸਾਵਧਾਨੀਆਂ ਅਤੇ ਉਪਾਵਾਂ ਨੂੰ ਅਪਣਾਉਣਾ ਹੋਵੇਗਾ ਕਿਉਂਕਿ ਕੋਰੋਨਾ ਤੋਂ ਪਾਰ ਪਾਉਣਾ ਅਜੇ ਸੌਖਾ ਨਹੀਂ। ਮੈਨੂੰ ਮਸ਼ਹੂਰ ਸ਼ਾਇਰ ਫੈਜ਼ ਅਹਿਮਦ ਫੈਜ਼ ਦੇ ਸ਼ੇਅਰ ਦੀਆਂ ਕੁਝ ਸਤਰਾਂ ਯਾਦ ਆ ਰਹੀਆਂ ਹਨ :

ਅਭੀ ਚਿਰਾਗ-ਏ-ਸਰੇ ਰਾਹ ਕੋ ਕੁਛ ਖਬਰ ਹੀ ਨਹੀਂ

ਅਭੀ ਗਰਾਨਿ-ਏ-ਸ਼ਬ ਮੇਂ ਕਮੀ ਨਹੀਂ ਆਈ,

ਨਜ਼ਾਤ-ਏ-ਦੀਦ-ਓ-ਦਿਲ ਕੀ ਘੜੀ ਨਹੀਂ ਆਈ,

ਚਲੇ ਚਲੋ ਕਿ ਵੋ ਮੰਜ਼ਿਲ ਅਭੀ ਨਹੀਂ ਆਈ।


Bharat Thapa

Content Editor

Related News