ਕਾਂਗਰਸ ਨੂੰ ਬਚਾਉਣਾ ਹੈ ਤਾਂ ਬਰਾਬਰ ਦੇ ਵਿਚਾਰਾਂ ਵਾਲੇ ਦਲਾਂ ਨਾਲ ਗੱਠਜੋੜ ਜ਼ਰੂਰੀ

02/13/2020 1:10:14 AM

ਦੇਸ਼ ਦੇ ਆਜ਼ਾਦੀ ਸੰਗਰਾਮ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਅਤੇ ਅਨੇਕ ਮਹਾਨ ਨੇਤਾ ਦੇਣ ਵਾਲੀ ਕਾਂਗਰਸ ਪਾਰਟੀ ਅੱਜ ਅਰਸ਼ ਤੋਂ ਫਰਸ਼ ’ਤੇ ਆ ਚੁੱਕੀ ਹੈ ਅਤੇ ਕੇਂਦਰ ਸਮੇਤ ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਸੱਤਾ ਤੋਂ ਦੂਰ ਹੈ। ਕਾਂਗਰਸ ਦੇ ਖੋਰੇ ਦਾ ਸਿਲਸਿਲਾ 11 ਫਰਵਰੀ ਨੂੰ ਐਲਾਨੇ ਗਏ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ, ਜਦੋਂ ਇਨ੍ਹਾਂ ਚੋਣਾਂ ’ਚ ਇਸ ਦੇ ਉਮੀਦਵਾਰ ਇਕ ਵੀ ਸੀਟ ਨਹੀਂ ਜਿੱਤ ਸਕੇ ਅਤੇ 65 ’ਚੋਂ 63 ਉਮੀਦਵਾਰਾਂ ਦੀ ਤਾਂ ਜ਼ਮਾਨਤ ਹੀ ਜ਼ਬਤ ਹੋ ਗਈ। ਆਜ਼ਾਦੀ ਤੋਂ ਬਾਅਦ ਲੱਗਭਗ 2 ਦਹਾਕਿਆਂ ਤਕ ਦੇਸ਼ ’ਤੇ ਇਕਛਤਰ ਸ਼ਾਸਨ ਕਰਨ ਵਾਲੀ ਭਾਰਤ ਦੀ ‘ਗ੍ਰੈਂਡ ਓਲਡ ਪਾਰਟੀ’ ਕਾਂਗਰਸ ਦੇ ਦਬਦਬੇ ਨੂੰ ਪਹਿਲੀ ਚੁਣੌਤੀ 1967 ’ਚ ਮਿਲੀ ਸੀ, ਜਦੋਂ ਅਨੇਕ ਹਿੰਦੀ ਭਾਸ਼ੀ ਸੂਬਿਆਂ ’ਚ ਇਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਉਸੇ ਦੌਰ ’ਚ ਕਾਂਗਰਸ ’ਚ ਟੁੱਟਣ ਦਾ ਸਿਲਸਿਲਾ ਸ਼ੁਰੂ ਹੋਇਆ, ਜਦੋਂ ਇਸ ’ਚ ਫੁੱਟ ਨਾਲ ‘ਸੰਗਠਨ ਕਾਂਗਰਸ’ ਦਾ ਜਨਮ ਹੋਇਆ ਅਤੇ ਉਸ ਤੋਂ ਬਾਅਦ ਕਾਂਗਰਸ ਦੇ ਖੋਰੇ ਦਾ ਸਿਲਸਿਲਾ ਕਿਸੇ ਨਾ ਕਿਸੇ ਰੂਪ ’ਚ ਜਾਰੀ ਹੈ। 2014 ਦੀਆਂ ਲੋਕ ਸਭਾ ਚੋਣਾਂ ’ਚ ਮੋਦੀ ਲਹਿਰ ’ਚ ਕਾਂਗਰਸ ਨੂੰ ਪਹਿਲੀ ਵਾਰ ਇੰਨੀਆਂ ਵੀ ਸੀਟਾਂ ਨਹੀਂ ਮਿਲੀਆਂ ਕਿ ਇਸ ਨੂੰ ਆਪੋਜ਼ੀਸ਼ਨ ਦੇ ਨੇਤਾ ਦਾ ਦਰਜਾ ਮਿਲ ਸਕੇ। ਉਦੋਂ ਤੋਂ ਹੁਣ ਤਕ ਪਾਰਟੀ ਆਪਣੇ ਅਨੇਕ ਪ੍ਰਮੁੱਖ ਨੇਤਾਵਾਂ ਦੀ ਹਾਰ ਅਤੇ ਦਿੱਲੀ ਚੋਣਾਂ ’ਚ ਦੂਸਰੀ ਵਾਰ 0 ’ਤੇ ਸਿਮਟਣ ਤੋਂ ਬਾਅਦ ਸ਼ਰਮਨਾਕ ਸਥਿਤੀ ’ਚ ਪਹੁੰਚ ਚੁੱਕੀ ਹੈ ਅਤੇ ਇਸ ਦਾ ਵੋਟ ਫੀਸਦੀ, ਜੋ 1998 ਦੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ 48 ਸੀ, ਇਨ੍ਹਾਂ ਚੋਣਾਂ ’ਚ 4.3 ਤੋਂ ਵੀ ਹੇਠਾਂ ਚਲਾ ਗਿਆ ਹੈ। ਆਬਜ਼ਰਵਰਾਂ ਅਨੁਸਾਰ ਜਿਸ ਤਰ੍ਹਾਂ ਭਾਜਪਾ ਲੀਡਰਸ਼ਿਪ ਸਖਤ ਮਿਹਨਤ ਕਰ ਕੇ ਪਿਛਲੀਆਂ ਚੋਣਾਂ ’ਚ ਜਿੱਤੀਆਂ ਸਿਰਫ ਤਿੰਨ ਸੀਟਾਂ ਦੇ ਮੁਕਾਬਲੇ ਇਨ੍ਹਾਂ ਚੋਣਾਂ ’ਚ 8 ਸੀਟਾਂ ਜਿੱਤਣ ’ਚ ਸਫਲ ਹੋ ਗਈ, ਉਸੇ ਤਰ੍ਹਾਂ ਜੇਕਰ ਕਾਂਗਰਸ ਦਿੱਲੀ ’ਚ ‘ਆਪ’ ਦੇ ਨਾਲ ਚੋਣ ਗੱਠਜੋੜ ਕਰ ਲੈਂਦੀ ਤਾਂ ਇਸ ਦੀ ਸਥਿਤੀ ਵੀ ਕੁਝ ਬਿਹਤਰ ਨਜ਼ਰ ਆਉਂਦੀ ਅਤੇ ਉਹ ਮੌਜੂਦਾ ਸ਼ਰਮਨਾਕ ਹਾਰ ਤੋਂ ਵੀ ਬਚ ਜਾਂਦੀ ਅਤੇ ਉਸ ਨੂੰ ‘ਆਪ’ ਦਾ ਸਾਥ ਦੇਣ ਦਾ ਸਿਹਰਾ ਮਿਲ ਜਾਂਦਾ। ਵਰਣਨਯੋਗ ਹੈ ਕਿ ਪੰਜਾਬ ਦੀਆਂ 2017 ਦੀਆਂ ਚੋਣਾਂ ਵਿਚ ‘ਆਪ’ ਦੀ ਹਵਾ ਕਾਫੀ ਜ਼ਿਆਦਾ ਸੀ ਅਤੇ ਲੱਗਦਾ ਸੀ ਕਿ ਉਸ ਦੀ ਸਰਕਾਰ ਬਣ ਜਾਵੇਗੀ, ਜਿਸ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਕਥਿਤ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਨਾਲ ‘ਗੁਪਤ’ ਸਮਝੌਤਾ ਕਰ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਟਰਾਂਸਫਰ ਕਰ ਦਿੱਤੀਆਂ ਅਤੇ ਅਕਾਲੀ ਦਲ ਸਿਰਫ 17 ਸੀਟਾਂ ’ਤੇ ਸਿਮਟ ਕੇ ਰਹਿ ਗਿਆ ਸੀ। ਅਸਲ ’ਚ ਬੀਤੇ ਸਾਲ ਮਾਰਚ ’ਚ ਕਾਂਗਰਸ ਦੇ ‘ਆਪ’ ਨਾਲ ਗੱਠਜੋੜ ਦੀ ਦਿਸ਼ਾ ’ਚ ਚਰਚਾ ਚੱਲੀ ਵੀ ਸੀ ਪਰ 15 ਸਾਲ ਤਕ ਦਿੱਲੀ ’ਤੇ ਸ਼ਾਸਨ ਕਰਨ ਵਾਲੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਵਿਰੋਧ ਕਾਰਣ ਰਾਹੁਲ ਗਾਂਧੀ ਨੇ ਅਜਿਹਾ ਨਹੀਂ ਕੀਤਾ। ਇਹ ਗੱਠਜੋੜ ਸਰਕਾਰਾਂ ਦਾ ਯੁੱਗ ਹੈ। ਲਿਹਾਜ਼ਾ ਪਾਰਟੀ ਨੂੰ ਜ਼ਿੰਦਾ ਰੱਖਣ ਲਈ ਲੋੜ ਇਸ ਗੱਲ ਦੀ ਹੈ ਕਿ ਜਿਸ ਤਰ੍ਹਾਂ ਇਸ ਨੇ ਮਹਾਰਾਸ਼ਟਰ ਅਤੇ ਝਾਰਖੰਡ ’ਚ ਸ਼ਿਵ ਸੈਨਾ, ਰਾਕਾਂਪਾ, ਅਤੇ ਝਾਮੁਮੋ ਨਾਲ ਮਿਲ ਕੇ ਸਰਕਾਰਾਂ ਬਣਾਈਆਂ ਹਨ, ਉਸੇ ਤਰ੍ਹਾਂ ਜਿਥੇ ਇਸ ਦੀ ਲੀਡਰਸ਼ਿਪ ਨੂੰ ਪਾਰਟੀ ਦੀ ਸਥਿਤੀ ਕਮਜ਼ੋਰ ਲੱਗੇ, ਉਥੇ ਦੂਸਰੇ ਦਲਾਂ ਨਾਲ ਗੱਠਜੋੜ ਕਰਨ ਦੇ ਰਸਤੇ ਲੱਭ ਕੇ ਆਪਣੀ ਸਥਿਤੀ ਮਜ਼ਬੂਤ ਕਰਨ ਅਤੇ ਸੱਤਾ ’ਚ ਹਿੱਸੇਦਾਰੀ ਦੇ ਯਤਨ ਕਰਨੇ ਹੋਣਗੇ। ਜਿਸ ਤਰ੍ਹਾਂ ਭਾਜਪਾ ਆਪਣੇ ਸੀਨੀਅਰ ਨੇਤਾਵਾਂ ਦੀ ਅਣਡਿੱਠਤਾ ਅਤੇ ਉਨ੍ਹਾਂ ਨੂੰ ਲਾਂਭੇ ਕਰ ਕੇ ਅੱਜ ਆਲੋਚਨਾ ਦੀ ਪਾਤਰ ਬਣਨ ਦੇ ਨਾਲ-ਨਾਲ ਹਾਰਾਂ ਝੱਲ ਰਹੀ ਹੈ, ਕਾਂਗਰਸ ਲੀਡਰਸ਼ਿਪ ਨੂੰ ਅਜਿਹਾ ਕਰਨ ਦੀ ਬਜਾਏ ਆਪਣੇ ਸੀਨੀਅਰ ਅਤੇ ਅਣਗੌਲੇ ਨੇਤਾਵਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਜਿਥੋਂ ਤਕ ਪਾਰਟੀ ’ਚ ਝਗੜਿਆਂ ਅਤੇ ਵਿਵਾਦਾਂ ਦਾ ਸਬੰਧ ਹੈ, ਇਹ ਤਾਂ ਸਾਰੀਆਂ ਪਾਰਟੀਆਂ ’ਚ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਾਰਟੀ ਦੇ ਨਾਰਾਜ਼ ਜਾਂ ਸੀਨੀਅਰ ਨੇਤਾਵਾਂ ਵਲੋਂ ਮੂੰਹ ਮੋੜ ਲਿਆ ਜਾਵੇ ਸਗੋਂ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜੀ ਰੱਖਣਾ ਚਾਹੀਦਾ ਹੈ ਤਾਂ ਕਿ ਪਾਰਟੀ ਨੂੰ ਉਨ੍ਹਾਂ ਦੇ ਤਜਰਬਿਆਂ ਦਾ ਲਾਭ ਮਿਲ ਸਕੇ। ਕਾਂਗਰਸ ਲੀਡਰਸ਼ਿਪ ਲਈ ਇਹ ਵੀ ਜ਼ਰੂਰੀ ਹੈ ਕਿ ਇਸ ਦੇ ਨੇਤਾ ਕਿਸੇ ਵੀ ਮੁੱਦੇ ’ਤੇ ਅਨਾਪ-ਸ਼ਨਾਪ ਬਿਆਨਬਾਜ਼ੀ ਕਰਨ ਤੋਂ ਸੰਕੋਚ ਕਰਨ। ਬੇਸ਼ੱਕ ਉਹ ਗਲਤ ਨੂੰ ਗਲਤ ਕਹਿਣ ਅਤੇ ਜੇਕਰ ਸਰਕਾਰ ਦੇ ਕਿਸੇ ਕੰਮ ਨੂੰ ਪਸੰਦ ਨਾ ਕਰਦੇ ਹੋਣ ਤਾਂ ਵੀ ਉਨ੍ਹਾਂ ਨੂੰ ਭਾਜਪਾ ਨੇਤਾਵਾਂ ਵਾਂਗ ਵਿਰੋਧੀਆਂ ’ਤੇ ਨਿੱਜੀ ਟਿੱਪਣੀਆਂ ਕਰਨ ਅਤੇ ਇਤਰਾਜ਼ਯੋਗ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ, ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਚੋਣਾਂ ’ਚ ਕਿਸੇ ਵੀ ਨੇਤਾ ਵਿਰੁੱਧ ਵਾਦ-ਵਿਵਾਦ ਵਾਲਾ ਅਤੇ ਇਤਰਾਜ਼ਯੋਗ ਬਿਆਨ ਨਹੀਂ ਦਿੱਤਾ। ਕਾਂਗਰਸ ਲੀਡਰਸ਼ਿਪ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਜਪਾ ਦੇਸ਼ ’ਚੋਂ ਜਾਣ ਵਾਲੀ ਨਹੀਂ ਹੈ, ਲਿਹਾਜ਼ਾ ਉਸ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਨੂੰ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਜੋ ਇਸ ਦੇ ਨੇਤਾਵਾਂ ਵਲੋਂ ਆਪਣੀ ਮੌਜੂਦਾ ਸਥਿਤੀ ਬਾਰੇ ਗੰਭੀਰਤਾਪੂਰਵਕ ਆਪਾ-ਪੜਚੋਲ ਅਤੇ ਚਿੰਤਨ ਤੇ ਬਰਾਬਰ ਵਿਚਾਰ ਵਾਲੇ ਦਲਾਂ ਨਾਲ ਚੋਣ ਗੱਠਜੋੜ ਕਰਨ ਨਾਲ ਹੀ ਸੰਭਵ ਹੋ ਸਕਦਾ ਹੈ।

–ਵਿਜੇ ਕੁਮਾਰ\\\


Bharat Thapa

Content Editor

Related News