ਪੰਜ ਸਾਲ ਬਾਅਦ ਫਿਰ ਟੁੱਟਿਆ ਜਦ (ਯੂ) ਅਤੇ ਭਾਜਪਾ ਦਾ ਗਠਜੋੜ

Wednesday, Aug 10, 2022 - 03:47 AM (IST)

ਪੰਜ ਸਾਲ ਬਾਅਦ ਫਿਰ ਟੁੱਟਿਆ ਜਦ (ਯੂ) ਅਤੇ ਭਾਜਪਾ ਦਾ ਗਠਜੋੜ

ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਬਿਹਾਰ ’ਚ ਸੱਤਾਧਾਰੀ ਗਠਜੋੜ ਸਰਕਾਰ ’ਚ ਨਾਰਾਜ਼ਗੀ ਦੇ ਸੰਕੇਤ ਮਿਲ ਰਹੇ ਸਨ, ਜਿਸ ਦਾ ਨਤੀਜਾ ਅਖੀਰ 9 ਅਗਸਤ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਆਪਣੀ ਪਾਰਟੀ ਜਦ (ਯੂ) ਦਾ ਭਾਜਪਾ ਨਾਲੋਂ ਗਠਜੋੜ ਖਤਮ ਕਰਨ ਦੇ ਐਲਾਨ ਦੇ ਰੂਪ ’ਚ ਨਿਕਲਿਆ। ਇਸੇ ਸਿਲਸਿਲੇ ’ਚ ਉਨ੍ਹਾਂ ਨੇ ਰਾਜਪਾਲ ਫਾਗੂ ਸਿੰਘ ਨਾਲ ਮੁਲਾਕਾਤ ਕਰ ਕੇ ਆਪਣਾ ਅਸਤੀਫਾ ਅਤੇ ਰਾਜਦ, ਕਾਂਗਰਸ, ਖੱਬੇਪੱਖੀ ਅਤੇ ਹਿੰਦੁਸਤਾਨ ਅਵਾਮ ਮੋਰਚਾ (ਹਮ) ਦੇ 164 ਵਿਧਾਇਕਾਂ ਦੇ ਸਮਰਥਨ ਦਾ ਪੱਤਰ ਸੌਂਪਦਿਆਂ ਇਨ੍ਹਾਂ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਨਵੀਂ ਸਰਕਾਰ ਬਣਾਉਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ 10 ਅਗਸਤ ਨੂੰ ਫਿਰ ਤੋਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।

ਵਰਣਨਯੋਗ ਹੈ ਕਿ ਹੁਣ ਨਿਤੀਸ਼ ਕੁਮਾਰ ਉਸੇ ਤੇਜਸਵੀ ਯਾਦਵ ਦੇ ਨਾਲ ਸਰਕਾਰ ਬਣਾਉਣ ਜਾ ਰਹੇ ਹਨ ਜਿਨ੍ਹਾਂ ’ਤੇ 2017 ’ਚ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਜਪਾ ਨਾਲ ਨਾਤਾ ਜੋੜਿਆ ਅਤੇ ਭਾਜਪਾ ਦੀ ਮਦਦ ਨਾਲ ਸਰਕਾਰ ਬਣਾਈ ਸੀ। ਉਸ ਸਮੇਂ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ ਨੂੰ ‘ਪਲਟੂ ਰਾਮ’ ਕਿਹਾ ਸੀ ਅਤੇ ਹੁਣ ਭਾਜਪਾ ਨੇ ਨਿਤੀਸ਼ ਨੂੰ ‘ਪਲਟੂ ਰਾਮ’ ਕਿਹਾ ਹੈ। ਇਸ ਦੇ ਬਾਅਦ 2020 ਦੀਆਂ ਵਿਧਾਨ ਸਭਾ ਚੋਣਾਂ ’ਚ ਰਾਜਗ ਗਠਜੋੜ ਜਿੱਤ ਤਾਂ ਗਿਆ ਪਰ ਜਦ (ਯੂ) ਦੇ ਵਿਧਾਇਕਾਂ ਦੀ ਗਿਣਤੀ ਘੱਟ ਗਈ। ਉਦੋਂ ਇਹ ਕਿਹਾ ਗਿਆ ਕਿ ਨਿਤੀਸ਼ ਕੁਮਾਰ ਨੂੰ ਕਮਜ਼ੋਰ ਕਰਨ ਲਈ ਭਾਜਪਾ ਨੇ ਚਿਰਾਗ ਪਾਸਵਾਨ ਦਾ ਸਾਥ ਦਿੱਤਾ ਸੀ, ਉਦੋਂ ਤੋਂ ਅੰਦਰ ਹੀ ਅੰਦਰ ਦੋਵਾਂ ਪਾਰਟੀਆਂ ’ਚ ਖਟਪਟ ਜਾਰੀ ਸੀ। ਕਈ ਮੁੱਦਿਆਂ ’ਤੇ ਦੋਵਾਂ ਪਾਰਟੀਆਂ ਦੇ ਨੇਤਾ ਵੱਖ-ਵੱਖ ਬਿਆਨਬਾਜ਼ੀ ਕਰ ਰਹੇ ਸਨ।

ਨਿਤੀਸ਼ ਕੁਮਾਰ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਉਨ੍ਹਾਂ ਦੀ ਨਾਰਾਜ਼ਗੀ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਿਤ ਸ਼ਾਹ ਰਿਮੋਟ ਰਾਹੀਂ ਬਿਹਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ। ਆਪਣੀ ਇਹੀ ਨਾਰਾਜ਼ਗੀ ਪ੍ਰਗਟਾਉਣ ਲਈ ਨਿਤੀਸ਼ ਕੁਮਾਰ ਨੇ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਵੱਲੋਂ ਸੱਦੀਆਂ ਗਈਆਂ ਕਈ ਬੈਠਕਾਂ ’ਚ ਹਿੱਸਾ ਹੀ ਨਹੀਂ ਲਿਆ। ਪ੍ਰਧਾਨ ਮੰਤਰੀ ਵੱਲੋਂ ਮੁੱਖ ਮੰਤਰੀਆਂ ਨਾਲ ਸੱਦੀ ਬੈਠਕ ’ਚ ਹਿੱਸਾ ਨਾ ਲੈਣ ਦਾ ਕਾਰਨ ਨਿਤੀਸ਼ ਕੁਮਾਰ ਨੇ ਤਬੀਅਤ ਖਰਾਬ ਹੋਣਾ ਦੱਸਿਆ ਪਰ ਉਸ ਦੌਰਾਨ ਉਹ ਪਟਨਾ ’ਚ 2 ਸਰਕਾਰੀ ਸਮਾਗਮਾਂ ’ਚ ਸ਼ਾਮਲ ਹੋਏ। ਨਿਤੀਸ਼ ਕੁਮਾਰ ਦੇ ਨੇੜਲੇ ਨੇਤਾਵਾਂ ਦਾ ਮੰਨਣਾ ਹੈ ਕਿ ਆਰ. ਸੀ. ਪੀ. ਸਿੰਘ ਦੇ ਨਾਲ ਮਿਲ ਕੇ ਭਾਜਪਾ ਨੇ ਜਦ (ਯੂ) ਨੂੰ ਦੋਫਾੜ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ’ਚ ਮੰਤਰੀ ਬਣਾਇਆ ਸੀ।

2020 ਦੇ ਬਾਅਦ ਤੋਂ ਹੀ ਨਿਤੀਸ਼ ਕੁਮਾਰ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਭਰੋਸੇਮੰਦ ਭਾਜਪਾ ਉਨ੍ਹਾਂ ਦਾ ਕੱਦ ਛੋਟਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਭਾਜਪਾ ਧੜਾ ਇਸ ਨੂੰ ਨਿਤੀਸ਼ ਕੁਮਾਰ ਦੀ ਚਾਲ ਦੱਸ ਰਿਹਾ ਹੈ। ਨਿਤੀਸ਼ ਕੁਮਾਰ ਦੀ ਕੈਬਨਿਟ ’ਚ ਇਕ ਸੀਨੀਅਰ ਮੰਤਰੀ ਦਾ ਕਹਿਣਾ ਹੈ ਕਿ ਨਿਤੀਸ਼ ਕੁਮਾਰ ਦਾ ਅਗਲਾ ਨਿਸ਼ਾਨਾ ਲੋਕ ਸਭਾ ਦੀਆਂ ਚੋਣਾਂ ਹਨ ਅਤੇ ਉਹ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨਾ ਚਾਹੁੰਦੇ ਹਨ। ਹਾਲਾਂਕਿ ਹਾਲ ਹੀ ’ਚ ਆਪਣੀ ਪਟਨਾ ਯਾਤਰਾ ਦੌਰਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ ਨਿਤੀਸ਼ ਕੁਮਾਰ ਹੀ ਸੂਬਾ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ’ਚ ਗਠਜੋੜ ਦਾ ਚਿਹਰਾ ਹੋਣਗੇ ਪਰ ਜਦ (ਯੂ) ਨੇਤਾ ਲਲਨ ਸਿੰਘ ਨੇ 7 ਅਗਸਤ ਨੂੰ ਇਹ ਕਹਿ ਕੇ ਭਾਜਪਾ-ਜਦ (ਯੂ) ਗਠਜੋੜ ’ਚ ਤਰੇੜ ਦਾ ਸੰਕੇਤ ਦੇ ਦਿੱਤਾ ਕਿ ਅਗਲੀਆਂ ਚੋਣਾਂ ਦੇ ਸਬੰਧ ’ਚ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਨਿਤੀਸ਼ ਕੁਮਾਰ ਨੇ ਭਾਜਪਾ ਨਾਲ ਗਠਜੋੜ ਤੋੜਨ ’ਤੇ ਕਿਹਾ ਹੈ, ‘‘ਸਮਾਜ ’ਚ ਵਿਵਾਦ ਪੈਦਾ ਕਰਨ ਦੀ ਹੋ ਰਹੀ ਸੀ ਕੋਸ਼ਿਸ਼, ਮੈਨੂੰ ਇਹ ਬੁਰਾ ਲੱਗਾ।’’ਸੀਨੀਅਰ ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਨੇ ਨਿਤੀਸ਼ ਕੁਮਾਰ ’ਤੇ ਲੋਕ ਫਤਵੇ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਦੇ ਪ੍ਰਚਾਰ ਨਾਲ 2020 ਦੀਆਂ ਚੋਣਾਂ ’ਚ ਰਾਜਗ ਨੇ ਜਿੱਤ ਹਾਸਲ ਕੀਤੀ ਸੀ ਅਤੇ ਭਾਜਪਾ ਨੇ ਵੱਧ ਸੀਟਾਂ ਜਿੱਤਣ ਦੇ ਬਾਵਜੂਦ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਸੀ। ਕੀ ਹੁਣ ਰਾਜਦ ਦਾ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ, ਜਿਸ ਦੇ ਕਾਰਨ ਉਨ੍ਹਾਂ ਨੇ 2017 ’ਚ ਰਾਜਦ ਨਾਲੋਂ ਨਾਤਾ ਤੋੜਿਆ ਸੀ?’’ ਦੂਜੇ ਪਾਸੇ ਜਦ (ਯੂ) ਨੇਤਾ ਰਾਜੀਵ ਰੰਜਨ ਦਾ ਕਹਿਣਾ ਹੈ, ‘‘ਜਦ (ਯੂ) ਭਾਜਪਾ ’ਤੇ ਗਠਜੋੜ ਧਰਮ ਦੀ ਉਲੰਘਣਾ ਦਾ ਦੋਸ਼ ਲਾ ਰਹੀ ਹੈ ਪਰ ਭਾਜਪਾ ਵਾਰ-ਵਾਰ ਨਿਤੀਸ਼ ਸਰਕਾਰ ਦੀ ਗਵਰਨੈਂਸ ’ਤੇ ਸਵਾਲ ਉਠਾ ਰਹੀ ਸੀ। ਕੀ ਇਹ ਗਠਜੋੜ ਧਰਮ ਦੀ ਉਲੰਘਣਾ ਨਹੀਂ ਸੀ?’’

ਫਿਲਹਾਲ ਹੁਣ ਜਦਕਿ ਨਿਤੀਸ਼ ਕੁਮਾਰ ਜਦ (ਯੂ), ਰਾਜਦ ਅਤੇ ਹੋਰਨਾਂ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਹਨ, ਰਾਜਦ ਦੇ ਵਿਧਾਇਕ ਵੱਧ ਹੋਣ ਦੇ ਕਾਰਨ ਨਿਤੀਸ਼ ਕੁਮਾਰ ਉਸੇ ’ਤੇ ਨਿਰਭਰ ਰਹਿਣਗੇ। ਮੌਜੂਦਾ ਸੰਕੇਤਾਂ ਦੇ ਅਨੁਸਾਰ ਦੱਸਿਆ ਜਾਂਦਾ ਹੈ ਕਿ ਨਿਤੀਸ਼ ਕੁਮਾਰ ਨੇ ਤੇਜਸਵੀ ਨੂੰ ਉਪ-ਮੁੱਖ ਮੰਤਰੀ ਅਹੁਦਾ ਦੇਣ ਦੀ ਮੰਗ ਵੀ ਮੰਨ ਲਈ ਹੈ। ਇਹੀ ਨਹੀਂ, ਤੇਜਸਵੀ ਯਾਦਵ ਨੇ ਆਪਣਾ 2020 ਦਾ ਏਜੰਡਾ ਲਾਗੂ ਕਰਨ ਦੀ ਗੱਲ ਵੀ ਕਹੀ ਹੈ, ਜਿਸ ਦਾ ਮਤਲਬ ਇਹ ਹੈ ਕਿ ਨਿਤੀਸ਼ ਕੁਮਾਰ ਨੂੰ ਰਾਜਦ ਦੀਆਂ ਕਈ ਮੰਗਾਂ ਮੰਨਣੀਆਂ ਹੀ ਪੈਣਗੀਆਂ, ਬੇਸ਼ੱਕ ਹੀ ਉਹ ਚਾਹੁਣ ਜਾਂ ਨਾ ਚਾਹੁਣ। ਨਿਤੀਸ਼ ਕੁਮਾਰ ਦਾ ਇਹ ਫੈਸਲਾ ਕਿੰਨਾ ਸਹੀ ਹੈ, ਇਸ ਦਾ ਜਵਾਬ ਤਾਂ ਸਮਾਂ  ਹੀ ਦੇਵੇਗਾ ਪਰ ਇਸ ਸਥਿਤੀ ਨੇ ਭਾਜਪਾ ਲਈ ਔਖੀ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਉਸ ਨੇ ਬਿਹਾਰ ’ਚ ਆਪਣੇ ਪੈਰ ਜਮਾਉਣ ਦਾ ਚੰਗਾ ਮੌਕਾ ਗਵਾ ਦਿੱਤਾ ਹੈ।
-ਵਿਜੇ ਕੁਮਾਰ


author

Mukesh

Content Editor

Related News