CHC ਮਹਿਲ ਕਲਾਂ ਨੂੰ ਮਿਲੇ ਪੰਜ ਨਵੇਂ ਡਾਕਟਰ, ਚੰਨਣਵਾਲ ਹਸਪਤਾਲ ਨੂੰ ਡਿਜੀਟਲ ਐਕਸਰੇ ਮਸ਼ੀਨ
Friday, Oct 03, 2025 - 04:46 PM (IST)

ਮਹਿਲ ਕਲਾਂ (ਹਮੀਦੀ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਲੋਕਾਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਚ ਪੰਜ ਨਵੇਂ ਡਾਕਟਰ ਤਾਇਨਾਤ ਕੀਤੇ ਗਏ ਹਨ, ਜਦਕਿ ਬਲਵੀਰ ਸਿੰਘ ਮੈਮੋਰੀਅਲ ਹਸਪਤਾਲ ਚੰਨਣਵਾਲ ਵਿਚ ਨਵੀਂ ਡਿਜੀਟਲ ਐਕਸਰੇ ਮਸ਼ੀਨ ਲਗਾਈ ਗਈ ਹੈ। ਇਸ ਨਾਲ ਹਲਕੇ ਦੇ ਲੋਕਾਂ ਨੂੰ ਹੁਣ ਵਧੀਆ ਸਿਹਤ ਸਹੂਲਤਾਂ ਪ੍ਰਾਪਤ ਹੋਣਗੀਆਂ। ਇਹ ਜਾਣਕਾਰੀ ਹਲਕਾ ਮਹਿਲ ਕਲਾਂ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ।
ਇਹ ਖ਼ਬਰ ਵੀ ਪੜ੍ਹੋ - 2027 ਦੀਆਂ ਚੋਣਾਂ ਤੋਂ ਪਹਿਲਾਂ ਹਲਚਲ! ਕਾਂਗਰਸੀ ਆਗੂ ਨੇ ਖ਼ੁਦ ਨੂੰ ਐਲਾਨ ਦਿੱਤਾ ਉਮੀਦਵਾਰ
ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ’ਤੇ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਡਾਕਟਰ ਇਕਬਾਲ ਸਿੰਘ, ਡਾਕਟਰ ਜੈਵੀਰ ਸਿੰਘ, ਡਾਕਟਰ ਬਿਕਰਮ ਸਿੰਘ, ਡਾਕਟਰ ਤਜਿੰਦਰ ਸਿੰਘ ਅਤੇ ਇਕ ਹੋਰ ਡਾਕਟਰ ਸਮੇਤ ਕੁੱਲ ਪੰਜ ਡਾਕਟਰਾਂ ਨੂੰ ਤਾਇਨਾਤ ਕੀਤਾ ਹੈ। ਵਿਧਾਇਕ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਇਸ ਫ਼ੈਸਲੇ ਨਾਲ ਡਾਕਟਰਾਂ ਦੀ ਘਾਟ ਕਾਰਨ ਪੈਦਾ ਹੋ ਰਹੀ ਸਮੱਸਿਆ ਦਾ ਹੱਲ ਨਿਕਲਿਆ ਹੈ ਅਤੇ ਲੋਕਾਂ ਨੂੰ ਇਲਾਜ ਲਈ ਬਾਹਰਲੇ ਹਸਪਤਾਲਾਂ ਵਿਚ ਜਾਣ ਦੀ ਲੋੜ ਘੱਟ ਪਵੇਗੀ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿਚ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਚ ਇਕ ਵੱਡੀ ਲੈਬੋਰੇਟਰੀ ਵੀ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਲੋਕਾਂ ਨੂੰ ਵੱਡੇ ਟੈਸਟਾਂ ਲਈ ਪਟਿਆਲਾ ਅਤੇ ਹੋਰ ਸ਼ਹਿਰਾਂ ਦੇ ਹਸਪਤਾਲਾਂ ਦਾ ਰੁਖ ਨਹੀਂ ਕਰਨਾ ਪਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਸੁਖਬੀਰ ਬਾਦਲ ਨੇ ਵੱਡੇ ਆਗੂ ਨਾਲ ਕੀਤੀ ਬੰਦ ਕਮਰਾ ਮੀਟਿੰਗ
ਹਸਪਤਾਲ ਸਟਾਫ ਵੱਲੋਂ ਐਂਬੂਲੈਂਸਾਂ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਚੁੱਕੀ ਗਈ, ਜਿਸ ਬਾਰੇ ਵਿਧਾਇਕ ਪੰਡੋਰੀ ਨੇ ਭਰੋਸਾ ਦਵਾਇਆ ਕਿ ਇਹ ਮੰਗ ਵੀ ਸਤਿਕਾਰ ਨਾਲ ਜਲਦੀ ਪੂਰੀ ਕਰਵਾਈ ਜਾਵੇਗੀ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਤੇਜਿੰਦਰ ਕੌਰ ਲੁਧਿਆਣਾ ਅਤੇ ਬਲਵੀਰ ਮੈਮੋਰੀਅਲ ਹਸਪਤਾਲ ਚੰਨਣਵਾਲ ਦੇ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਵਿਧਾਇਕ ਪੰਡੋਰੀ ਦੇ ਯਤਨਾਂ ਨਾਲ ਹੁਣ ਦੋਵੇਂ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਹੋਰ ਮਜ਼ਬੂਤ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਹੂਲਤਾਂ ਦਾ ਪੂਰਾ ਲਾਭ ਲੈਣ। ਇਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਦੇ ਸਮੂਹ ਸਟਾਫ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਸਰਪੰਚ ਸਰਬਜੀਤ ਸਿੰਘ ਸੰਭੂ, ਜਿਲਾ ਆਗੂ ਪੁਨੀਤ ਸਿੰਘ ਮਾਨ ਗਹਿਲ, ਬਲਾਕ ਪ੍ਰਧਾਨ ਗੁਰਜੀਤ ਸਿੰਘ ਧਾਲੀਵਾਲ, ਵਿਧਾਇਕ ਦੇ ਪੁੱਤਰ ਰਮਨੀਤ ਸਿੰਘ ਪੰਡੋਰੀ, ਪੀਏ ਬਿੰਦਰ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਗਹਿਲ, ਅਰੁਣ ਕੁਮਾਰ ਬਾਂਸਲ, ਸੰਗਠਨ ਇੰਚਾਰਜ ਰਮਨਦੀਪ ਸਿੰਘ ਦੀਪੀ, ਸਰਪੰਚ ਲਖਵੀਰ ਸਿੰਘ ਸਹੌਰ, ਸਰਪੰਚ ਬਲਵਿੰਦਰ ਸਿੰਘ ਬਾਜਵਾ (ਸਹਿਜੜਾ), ਪੰਚ ਬਲਵਿੰਦਰ ਸਿੰਘ ਫੌਜੀ (ਚੰਨਣਵਾਲ), ਡਾ. ਮੁਹੰਮਦ ਯਾਸੀਨ, ਪੰਚ ਹਰਸੇਵਕ ਸਿੰਘ, ਗੁਰਜੀਤ ਸਿੰਘ, ਗੁਰਦੀਪ ਸਿੰਘ ਮਾਨ, ਗੁਰਜਨਕ ਸਿੰਘ (ਮਠਾੜੂ), ਚਰਨਜੀਤ ਸਿੰਘ (ਬੜਿੰਗ), ਗੁਰਬਚਨ ਸਿੰਘ ਤੋਂ ਇਲਾਵਾ ਕਈ ਹੋਰ ਵਰਕਰ ਅਤੇ ਸਟਾਫ ਦੇ ਮੈਂਬਰ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8