ਸੜਕਾਂ ’ਤੇ ਪਏ ਟੋਇਆਂ ਕਾਰਣ ਵੱਡੀ ਗਿਣਤੀ ’ਚ ਹੋ ਰਹੀਆਂ ਮੌਤਾਂ

08/23/2019 6:37:54 AM

ਉਂਝ ਤਾਂ ਸਾਡੇ ਦੇਸ਼ ’ਚ 12 ਮਹੀਨੇ ਸੜਕਾਂ ’ਤੇ ਟੋਇਆਂ ਆਦਿ ਕਾਰਣ ਹਾਦਸੇ ਹੁੰਦੇ ਹੀ ਰਹਿੰਦੇ ਹਨ ਪਰ ਬਰਸਾਤ ਦੀ ਰੁੱਤ ਆਉਣ ’ਤੇ ਤਾਂ ਸੜਕਾਂ ਦੀ ਹਾਲਤ ਬਦਤਰ ਹੋ ਜਾਂਦੀ ਹੈ ਅਤੇ ਵੱਡੇ-ਵੱਡੇ ਟੋਏ ਪੈ ਜਾਂਦੇ ਹਨ।

ਹਰ ਸਾਲ ਸੜਕਾਂ ਦੀ ਮੁਰੰਮਤ ਅਤੇ ਦੇਖਭਾਲ ਦੇ ਨਾਂ ’ਤੇ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਸਥਿਤੀ ’ਚ ਸੁਧਾਰ ਨਹੀਂ ਹੋ ਰਿਹਾ ਅਤੇ ਅਣਗਿਣਤ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਕੇ ਲੋਕਾਂ ਦੀ ਮੌਤ ਦਾ ਕਾਰਣ ਬਣ ਰਹੀਆਂ ਹਨ, ਜਿਨ੍ਹਾਂ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :

* 27 ਜੁਲਾਈ ਨੂੰ ਤੇਲੰਗਾਨਾ ਦੇ ਵਾਰੰਗਲ ’ਚ ਸੜਕ ਦੇ ਟੋਏ ਤੋਂ ਬਚਣ ਦੀ ਕੋਸ਼ਿਸ਼ ’ਚ ਇਕ ਬੱਸ ਸਾਹਮਣਿਓਂ ਆ ਰਹੀ ਦੂਜੀ ਬੱਸ ਨਾਲ ਜਾ ਟਕਰਾਈ, ਜਿਸ ਨਾਲ ਇਕ ਮੁਸਾਫਿਰ ਦੀ ਮੌਤ ਹੋ ਗਈ।

* 08 ਅਗਸਤ ਨੂੰ ਮਹਾਰਾਸ਼ਟਰ ਦੇ ਅੰਬਰਨਾਥ ’ਚ ਸੜਕ ’ਤੇ ਟੋਏ ਤੋਂ ਬਚ ਕੇ ਨਿਕਲ ਰਹੇ ਕਾਂਸਟੇਬਲ ਨੂੰ ਪਿੱਛਿਓਂ ਆ ਰਹੇ ਟਰੱਕ ਨੇ ਕੁਚਲ ਕੇ ਮਾਰ ਦਿੱਤਾ।

* 15 ਅਗਸਤ ਨੂੰ ਝਾਰਖੰਡ ਦੇ ਗੁਮਲਾ ’ਚ ਸੜਕ ’ਤੇ ਪਏ ਟੋਏ ’ਚ ਡਿੱਗ ਜਾਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।

* 16 ਅਗਸਤ ਨੂੰ ਉਲਹਾਸ ਨਗਰ ’ਚ ਸੜਕ ’ਤੇ ਟੋਏ ’ਚ ਫਸ ਕੇ ਉਥੋਂ ਲੰਘ ਰਹੇ ਡੰਪਰ ਦਾ ਪਹੀਆ ਫਟ ਜਾਣ ਨਾਲ ਉਸ ਦਾ ਲੋਹੇ ਦਾ ਰਿਮ ਉਥੋਂ ਲੰਘ ਰਹੇ ਬੱਚੇ ਨੂੰ ਲੱਗਣ ਨਾਲ ਉਸ ਦੀ ਮੌਤ ਹੋ ਗਈ।

* 16 ਅਗਸਤ ਨੂੰ ਹੀ ਅਲੀਗੜ੍ਹ ’ਚ ਯਮੁਨਾ ਐਕਸਪ੍ਰੈੱਸ ਵੇਅ ’ਤੇ ਟੋਏ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਪਿੱਛਿਓਂ ਆ ਰਹੇ ਟਰੱਕ ਵਲੋਂ ਕੁਚਲ ਦੇਣ ਨਾਲ ਦੋਵਾਂ ਦੀ ਮੌਤ ਹੋ ਗਈ।

* 19 ਅਗਸਤ ਨੂੰ ਰੀਵਾ ’ਚ ਟੋਏ ਕਾਰਣ ਬੇਕਾਬੂ ਹੋ ਕੇ ਪਲਟ ਜਾਣ ਨਾਲ ਬੱਸ ’ਚ ਸਵਾਰ ਡੇਢ ਦਰਜਨ ਮੁਸਾਫਿਰ ਜ਼ਖਮੀ ਹੋ ਗਏ।

* 19 ਅਗਸਤ ਨੂੰ ਹੀ ਜਲੰਧਰ ’ਚ ਟਾਂਡਾ ਰੋਡ ’ਤੇ ਸਕੂਲੋਂ ਵਾਪਸ ਆ ਰਹੀ ਸਾਕਸ਼ੀ ਨਾਂ ਦੀ 9 ਸਾਲਾ ਬੱਚੀ ਸੜਕ ’ਤੇ ਪਏ ਟੋਏ ਕਾਰਣ ਆਟੋ ’ਚੋਂ ਉੱਛਲ ਕੇ ਸੜਕ ’ਤੇ ਜਾ ਡਿੱਗੀ ਅਤੇ ਉਸ ਦੀ ਮੌਤ ਹੋ ਗਈ।

* 20 ਅਗਸਤ ਨੂੰ ਜਮਸ਼ੇਦਪੁਰ ’ਚ ਮੈਰੀਨ ਡ੍ਰਾਈਵ ’ਤੇ ਟੋਏ ਤੋਂ ਬਚਾਉਣ ਲਈ ਲਗਾਈ ਬ੍ਰੇਕ ਕਾਰਣ ਇਕ ਮੋਟਰਸਾਈਕਲ ਸੜਕ ਕੰਢੇ ਲੱਗੇ ਬੈਰੀਕੇਡ ਨਾਲ ਟਕਰਾ ਜਾਣ ’ਤੇ ਇਕ ਮੁਟਿਆਰ ਦੀ ਮੌਤ ਹੋ ਗਈ।

* 20 ਅਗਸਤ ਨੂੰ ਹੀ ਪਟਨਾ ਦੇ ਬਾੜ੍ਹ ਥਾਣਾ ਖੇਤਰ ’ਚ ਮੁਸਾਫਿਰਾਂ ਨਾਲ ਭਰੀ ਵੈਨ ਸੜਕ ਕੰਢੇ ਪਾਣੀ ਨਾਲ ਭਰੇ ਟੋਏ ’ਚ ਪਲਟ ਜਾਣ ’ਤੇ 2 ਦਰਜਨ ਮੁਸਾਫਿਰ ਜ਼ਖਮੀ ਹੋ ਗਏ।

ਟੋਇਆਂ ਦੀ ਇਸ ਸਮੱਸਿਆ ਨਾਲ ਨਜਿੱਠਣ ਲਈ ਮੁੰਬਈ ’ਚ ਕੁਝ ਪੌਟ ਹੋਲਜ਼ ਵਾਰੀਅਰਜ਼ ਅੱਗੇ ਆਏ ਹਨ, ਜੋ ਆਪਣੇ ਦਮ ’ਤੇ ਸੜਕਾਂ ’ਚ ਪਏ ਟੋਇਆਂ ਦੀਆਂ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ’ਤੇ ਪਾਉਂਦੇ ਹਨ ਤਾਂ ਕਿ ਆਪਣੀਆਂ ਤਿਆਰੀਆਂ ਦਾ ਦਾਅਵਾ ਕਰਨ ਵਾਲੀ ਬੀ. ਐੱਮ. ਸੀ. ਦੀਆਂ ਅੱਖਾਂ ਤੋਂ ਪੱਟੀ ਉਤਰ ਜਾਵੇ, ਜਿਸ ਤੋਂ ਬਾਅਦ ਬੀ. ਐੱਮ. ਸੀ. ਇਨ੍ਹਾਂ ਟੋਇਆਂ ਨੂੰ ਭਰਨ ਲਈ ਮਜਬੂਰ ਹੋ ਜਾਂਦੀ ਹੈ।

ਆਖਿਰ ਕਦੋਂ ਤਕ ਸਰਕਾਰੀ ਬਾਡੀਜ਼ ਦੀ ਲਾਪ੍ਰਵਾਹੀ ਦੀ ਕੀਮਤ ਦੇਸ਼ਵਾਸੀ ਆਪਣੀ ਜਾਨ ਦੇ ਕੇ ਚੁਕਾਉਂਦੇ ਰਹਿਣਗੇ ਅਤੇ ਜਾਂ ਫਿਰ ਸੜਕਾਂ ਦੇ ਟੋਏ ਭਰਨ ਲਈ ਮੁੰਬਈ ਵਾਂਗ ਹੀ ਪੌਟ ਹੋਲਜ਼ ਵਾਰੀਅਰਜ਼ ਨੂੰ ਅੱਗੇ ਆਉਣਾ ਪਵੇਗਾ।

–ਵਿਜੇ ਕੁਮਾਰ
 


Bharat Thapa

Content Editor

Related News