ਜਬਰ-ਜ਼ਨਾਹ ਕਰਨ ਵਾਲੇ ਨੂੰ ਕੈਦ ਦੀਆਂ 4 ਸਜ਼ਾਵਾਂ

07/25/2021 3:33:24 AM

ਸਰਕਾਰਾਂ ਵੱਲੋਂ ਔਰਤਾਂ ਦੇ ਵਿਰੁੱਧ ਅਪਰਾਧਾਂ ’ਚ ਕਮੀ ਦੇ ਦਾਅਵਿਆਂ ਦੇ ਬਾਵਜੂਦ ਮਨੁੱਖਤਾ ਨੂੰ ਸ਼ਰਮਸਾਰ ਅਤੇ ਹੈਵਾਨੀਅਤ ਦੀ ਹੱਦ ਪਾਰ ਕਰਨ ਵਾਲੇ ਅਪਰਾਧ ਲਗਾਤਾਰ ਜਾਰੀ ਹਨ। ਦੁੱਧ ਪੀਂਦੀਆਂ ਬੱਚੀਆਂ ਤੋਂ ਲੈ ਕੇ 80-85 ਸਾਲ ਤੱਕ ਦੀਆਂ ਬਜ਼ੁਰਗ ਮਾਤਾਵਾਂ ਵੀ ਸੁਰੱਖਿਅਤ ਨਹੀਂ ਹਨ :

* 2 ਫਰਵਰੀ ਨੂੰ ਮਹੋਬਾ (ਉੱਤਰ ਪ੍ਰਦੇਸ਼) ਦੇ ਖਰੇਲਾ ਥਾਣਾ ਇਲਾਕੇ ਦੇ ਇਕ ਪਿੰਡ ’ਚ 80 ਸਾਲਾ ਬਜ਼ੁਰਗ ਔਰਤ ਨਾਲ ਘਰ ’ਚ ਵੜ ਕੇ ਜਬਰ-ਜ਼ਨਾਹ ਕੀਤਾ ਗਿਆ।

* 25 ਮਾਰਚ ਨੂੰ ਗਵਾਲੀਅਰ ਦੇ ਗਿਰਵਾਈ ਇਲਾਕੇ ’ਚ ਇਕ 60 ਸਾਲਾ ਬਜ਼ੁਰਗ ਨਾਲ ਇਕ ਵਿਅਕਤੀ ਨੇ ਹੈਵਾਨੀਅਤ ਕਰ ਦਿੱਤੀ ਅਤੇ ਜਦੋਂ ਪੀੜਤਾ ਨੇ ਕਿਹਾ ਕਿ ਮੈਂ ਤੇਰੀ ਮਾਂ ਵਰਗੀ ਹਾਂ ਤਾਂ ਦਰਿੰਦੇ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਈਕ ਨਾਲ ਉਸ ਦਾ ਪੈਰ ਦਰੜ ਦਿੱਤਾ।

* 5 ਮਈ ਨੂੰ ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ’ਚ 60 ਸਾਲਾ ਬਜ਼ੁਰਗ ਔਰਤ ਦੀ ਕੁੱਟਮਾਰ ਅਤੇ ਫਿਰ ਜਬਰ-ਜ਼ਨਾਹ ਕਰਨ ਦੇ ਬਾਅਦ ਉਸ ਨੂੰ ਜ਼ਹਿਰ ਦੇ ਦਿੱਤਾ ਗਿਆ।

* 13 ਜੂਨ ਨੂੰ ਦਿੱਲੀ ਦੇ ਦੱਲੂਪੁਰਾ ਇਲਾਕੇ ’ਚ 62 ਸਾਲਾ ਔਰਤ ਨਾਲ ਜਬਰ-ਜ਼ਨਾਹ ਅਤੇ ਹੱਤਿਆ ਕਰਨ ਦੇ ਦੋਸ਼ ’ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।

* 1 ਜੁਲਾਈ ਨੂੰ ਕਾਨਪੁਰ ਦੇ ਮੰਗਲਪੁਰ ਥਾਣਾ ਇਲਾਕੇ ’ਚ ਸਥਿਤ ਇਕ ਪਿੰਡ ’ਚ 13 ਸਾਲਾ ਅੱਲ੍ਹੜ ਦੇ ਨਾਲ ਜਬਰ-ਜ਼ਨਾਹ ਦੇ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਸਾੜ ਦਿੱਤਾ ਗਿਆ।

* 7 ਜੁਲਾਈ ਨੂੰ ਕੋਲਕਾਤਾ ਦੇ ਇਕ ਫਲੈਟ ’ਚ ਇਕ ਔਰਤ ਨਾਲ ਗੈਂਗਰੇਪ ਕਰਨ ਦੇ ਬਾਅਦ ਦੋਸ਼ੀ 15 ਲੱਖ ਰੁਪਏ ਲੁੱਟ ਕੇ ਲੈ ਗਏ।

* 9 ਜੁਲਾਈ ਨੂੰ ਜਗਰਾਓਂ ਦੇ ਪਿੰਡ ਰੂਮੀ ’ਚ 8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਇਕ ਨੌਜਵਾਨ ਨੂੰ ਫੜਿਆ।

* 14 ਜੁਲਾਈ ਨੂੰ ਭੋਪਾਲ ’ਚ ਇਕ ਪਿਓ-ਪੁੱਤ ਵੱਲੋਂ ਇਕ ਔਰਤ ਨਾਲ ਕਈ ਮਹੀਨਿਆਂ ਤੱਕ ਜਬਰ-ਜ਼ਨਾਹ ਕਰਨ ਦੇ ਬਾਅਦ ਉਸ ਨੂੰ 60 ਹਜ਼ਾਰ ਰੁਪਏ ’ਚ ਵੇਚ ਦਿੱਤਾ।

* 18 ਜੁਲਾਈ ਨੂੰ ਬੁਲੰਦਸ਼ਹਿਰ ’ਚ 9 ਮਹੀਨੇ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨੌਜਵਾਨ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ।

* 19 ਜੁਲਾਈ ਨੂੰ ਇਟਾਵਾ ’ਚ ਇਕ ਸੇਵਾਮੁਕਤ ਹੈੱਡਮਾਸਟਰ ਨੇ 4 ਸਾਲ ਦੀ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਦੇ ਬਾਅਦ ਜਬਰ-ਜ਼ਨਾਹ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ।

* 22 ਜੁਲਾਈ ਨੂੰ ਹਿਮਾਚਲ ਦੇ ਜੋਗਿੰਦਰ ਨਗਰ ’ਚ ਇਕ 67 ਸਾਲਾ ਅੱਧਖੜ ਨੇ 11 ਸਾਲਾ ਮਾਸੂਮ ਦੇ ਨਾਲ ਹੈਵਾਨੀਅਤ ਕਰ ਿਦੱਤੀ।

* 22 ਜੁਲਾਈ ਨੂੰ ਗ੍ਰੇਟਰ ਨੋਇਡਾ ਦੇ ਬਿਸਰਖ ਪਿੰਡ ’ਚ ਇਕ ਨੌਜਵਾਨ ਨੇ ਘਰ ਦੇ ਬਾਹਰ ਖੇਡ ਰਹੀ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ।

* 24 ਜੁਲਾਈ ਨੂੰ ਅਰਰੀਆ ’ਚ ਇਕ ਨੌਜਵਾਨ ਨੇ ਆਪਣੇ ਗੁਆਂਢ ’ਚ ਰਹਿਣ ਵਾਲੀ ਬੱਚੀ ਨੂੰ ਘਰ ਦੇ ਬਾਹਰੋਂ ਚੁੱਕ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।

* 24 ਜੁਲਾਈ ਨੂੰ ਜੈਪੁਰ ਦੇ ਮੁਹਾਣਾ ’ਚ ਵਿਆਹ ਦਾ ਝਾਂਸਾ ਦੇ ਕੇ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਫੌਜ ਦੇ ਇਕ ਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।

* 24 ਜੁਲਾਈ ਨੂੰ ਸ਼ਿਮਲਾ ’ਚ ਇਕ ਸਕੂਲੀ ਵਿਦਿਆਰਥੀ ਨੇ ਖੇਡਣ ਦੇ ਬਹਾਨੇ ਢਾਈ ਸਾਲ ਦੀ ਬੱਚੀ ਨੂੰ ਖੇਤਾਂ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* ਇਸ ਤੋਂ ਪਹਿਲਾਂ, 19 ਮਾਰਚ, 2019 ਨੂੰ ਗੁਰਦਾਸਪੁਰ ਦੇ ਭੈਣੀ ਮੀਆਂ ਖਾਂ ਥਾਣੇ ਦੇ ਇਕ ਪਿੰਡ ’ਚ ਇਕ ਨੇਪਾਲੀ ਨੌਜਵਾਨ ਨੇ 84 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਸੀ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸਖਤ ਕਾਨੂੰਨੀ ਵਿਵਸਥਾਵਾਂ ਦੇ ਬਾਵਜੂਦ ਅਪਰਾਧੀ ਬਾਜ਼ ਨਹੀਂ ਆ ਰਹੇ। ਇਸੇ ਨੂੰ ਦੇਖਦੇ ਹੋਏ ਗੁਰਦਾਸਪੁਰ ਦੀ ਜ਼ਿਲਾ ਅਤੇ ਸੈਸ਼ਨ ਜੱਜ ਰਮੇਸ਼ ਕੁਮਾਰੀ ਨੇ 23 ਜੁਲਾਈ ਨੂੰ ਉਕਤ ਦੋਸ਼ੀ ਨੂੰ 4 ਸਜ਼ਾਵਾਂ ਸੁਣਾਈਆਂ।

ਪਹਿਲੀ ਸਜ਼ਾ ਦੇ ਅਧੀਨ ਉਸ ਨੂੰ 10 ਸਾਲ ਦੀ ਸਖਤ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ, ਇਸ ਦੇ ਖਤਮ ਹੋਣ ਦੇ ਬਾਅਦ 6 ਮਹੀਨੇ ਦੀ ਕੈਦ, ਫਿਰ 15 ਸਾਲ ਦੀ ਸਾਧਾਰਨ ਕੈਦ ਦੀ ਸਜ਼ਾ ਭੁਗਤਣੀ ਹੋਵੇਗੀ ਅਤੇ ਉਸ ਦੇ ਪੂਰਾ ਹੋਣ ਦੇ ਬਾਅਦ ਚੌਥੀ ਸਜ਼ਾ ਦੇ ਰੂਪ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਜਿੱਥੇ ਇਸ ਕੇਸ ’ਚ ਮਾਣਯੋਗ ਅਦਾਲਤ ਨੇ ਹਰ ਸਜ਼ਾ ’ਤੇ ਵਾਰੀ-ਵਾਰੀ ਅਮਲ ਕਰਨ ਦੇ ਹੁਕਮ ਦਿੱਤੇ ਹਨ, ਉੱਥੇ ਹੀ ਦੇਸ਼ ’ਚ ਜਾਰੀ ਲਾਕਡਾਊਨ ਦੇ ਬਾਵਜੂਦ ਇਸ ਕੇਸ ਦਾ ਸਿਰਫ 2 ਸਾਲ ਅਤੇ 4 ਮਹੀਨਿਆਂ ’ਚ ਫੈਸਲਾ ਵੀ ਸੁਣਾ ਦਿੱਤਾ।

ਇੰਨੀ ਜਲਦੀ ਅਤੇ ਸਿੱਖਿਆਦਾਇਕ ਫੈਸਲਾ ਸੁਣਾਉਣ ਦੇ ਲਈ ਮਾਣਯੋਗ ਜੱਜ ਰਮੇਸ਼ ਕੁਮਾਰੀ ਧੰਨਵਾਦ ਦੀ ਪਾਤਰ ਹਨ। ਇਸੇ ਤਰ੍ਹਾਂ ਔਰਤਾਂ ਦੇ ਜਬਰ-ਜ਼ਨਾਹ ਦੇ ਚੱਲ ਰਹੇ ਪੈਂਡਿੰਗ ਮਾਮਲਿਆਂ ਅਤੇ ਹੋਰਨਾਂ ਅਪਰਾਧਾਂ ’ਚ ਸਮੁੱਚੇ ਦੇਸ਼ ’ਚ ਜਲਦੀ ਫੈਸਲੇ ਸੁਣਾਏ ਜਾਣੇ ਚਾਹੀਦੇ ਹਨ ਤਾਂ ਕਿ ਅਪਰਾਧਾਂ ’ਚ ਕਮੀ ਆ ਸਕੇ।

-ਵਿਜੇ ਕੁਮਾਰ


Bharat Thapa

Content Editor

Related News