‘ਪ੍ਰਚੂਨ ਮਹਿੰਗਾਈ ਚੋਟੀ ’ਤੇ’ ‘ਆਮ ਆਦਮੀ ਦਾ ਘਰੇਲੂ ਬਜਟ ਹਿੱਲਿਆ’

10/18/2020 2:30:55 AM

ਦੇਸ਼ ’ਚ ਲਗਾਤਾਰ ਵਧਦੀ ਮਹਿੰਗਾਈ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਸ ਸਮੇਂ ਜਿਥੇ ਕੋਰੋਨਾ ਮਹਾਮਾਰੀ ਦੇ ਕਾਰਨ ਲੋਕਾਂ ਦੇ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ, ਉਥੇ ਦੇਸ਼ ’ਚ ਪ੍ਰਚੂਨ ਮਹਿੰਗਾਈ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

ਅਗਸਤ ’ਚ ‘ਪ੍ਰਚੂਨ ਮੁੱਲ ਸੂਚਕ ਅੰਕ’ (ਸੀ. ਪੀ. ਆਈ.) ’ਤੇ ਆਧਾਰਿਤ ਮਹਿੰਗਾਈ ਦਰ 6.69 ਫੀਸਦੀ ਸੀ, ਜੋ ਸਤੰਬਰ ਮਹੀਨੇ ’ਚ ਵਧ ਕੇ 7.34 ਫੀਸਦੀ ’ਤੇ ਪਹੁੰਚ ਗਈ। ਇਹ ਇਸ ਸਾਲ ਪਿਛਲੇ 8 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ।

ਬੀਤੇ ਵਰ੍ਹੇ ਸਤੰਬਰ ’ਚ ਪ੍ਰਚੂਨ ਮਹਿੰਗਾਈ ਦਰ 3.99 ਫੀਸਦੀ ਸੀ ਅਤੇ ਅਕਤੂਬਰ 2019 ਦੇ ਬਾਅਦ ਤੋਂ ਪ੍ਰਚੂਨ ਮਹਿੰਗਾਈ ਦੀ ਦਰ 4 ਫੀਸਦੀ ਤੋਂ ਉਪਰ ਹੀ ਬਣੀ ਹੋਈ ਹੈ। ਇਸ ਕਾਰਨ ਮਸਰ, ਮੂੰਗ, ਮਾਹ ਅਤੇ ਛੋਲਿਆਂ ਦੀਆਂ ਦਾਲਾਂ ’ਚ 10 ਤੋਂ 20 ਰੁਪਏ ਪ੍ਰਤੀ ਕਿਲੋ ਵਾਧੇ ਦੇ ਇਲਾਵਾ ਚਾਹਪੱਤੀ ਅਤੇ ਖੁਰਾਕੀ ਤੇਲ ਦੀਆਂ ਕੀਮਤਾਂ ’ਚ ਵੀ ਭਾਰੀ ਤੇਜ਼ੀ ਦਰਜ ਕੀਤੀ ਗਈ ਹੈ।

ਰਾਸ਼ਟਰੀ ਪੱਧਰ ’ਤੇ ਸਤੰਬਰ ’ਚ ਸਬਜ਼ੀਆਂ ਦੀਆਂ ਕੀਮਤਾਂ ’ਚ ਅਗਸਤ ਦੇ 11.41 ਫੀਸਦੀ ਦੇ ਮੁਕਾਬਲੇ ’ਚ 20.73 ਫੀਸਦੀ ਵਾਧਾ ਦੇਖਣ ਨੂੰ ਮਿਲਿਆ। ਇਸ ਤਰ੍ਹਾਂ ਦਾਲਾਂ ਅਤੇ ਇਨ੍ਹਾਂ ਨਾਲ ਜੁੜੇ ਉਤਪਾਦਾਂ ਦੀਆਂ ਕੀਮਤਾਂ ’ਚ 14.67 ਫੀਸਦੀ ਦਾ ਵਾਧਾ ਹੋਇਆ।

ਜੋ ਤੂਅਰ ਦੀ ਦਾਲ ਦੋ ਹਫਤੇ ਪਹਿਲਾਂ 80 ਤੋਂ 90 ਰੁਪਏ ਪ੍ਰਤੀ ਕਿਲੋ ਵਿਕ ਰਹੀ ਸੀ ਉਹ ਹੁਣ 125 ਰੁਪਏ ਕਿਲੋ ਤੱਕ ਪਹੁੰਚ ਗਈ ਹੈ।

ਇਕ ਮਹੀਨੇ ’ਚ ਹੀ ਸਰ੍ਹੋਂ ਦਾ ਤੇਲ 95 ਰੁਪਏ ਤੋਂ ਵਧ 135 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਅਤੇ ਰਾਸ਼ਨ ਦਾ ਦੂਸਰਾ ਸਾਮਾਨ ਵੀ 20 ਤੋਂ 30 ਫੀਸਦੀ ਤੱਕ ਮਹਿੰਗਾ ਹੋਇਆ ਹੈ। ਫਲਾਂ, ਆਂਡਿਆਂ, ਮਾਸ ਮੱਛੀ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ। ਪਿਛਲੇ 1 ਸਾਲ ਦੀ ਤੁਲਨਾ ’ਚ ਆਲੂ ਦੀ ਕੀਮਤ 107.63 ਫੀਸਦੀ ਵੱਧ ਹੈ ਜਦਕਿ ਟਮਾਟਰ ਅਤੇ ਪਿਆਜ਼ ਸਮੇਤ ਹਰੀਆਂ ਸਬਜ਼ੀਆਂ ਦੇ ਭਾਅ ਵੀ ਅਾਕਾਸ਼ ਨੂੰ ਛੂਹ ਰਹੇ ਹਨ।

ਥੋਕ ਕੀਮਤਾਂ ’ਤੇ ਆਧਾਰਿਤ ਮੁਦਰਾਸਫਿਤੀ ਵੀ ਸਤੰਬਰ ’ਚ ਵਧ ਕੇ 1.32 ’ਤੇ ਜਾ ਪਹੁੰਚੀ ਜੋ ਪਿਛਲੇ ਸਾਲ ਇਸੇ ਅਰਸੇ ’ਚ 0.33 ਫੀਸਦੀ ਸੀ।

ਇਕ ਪਾਸੇ ਖੁਰਾਕੀ ਵਸਤੂਆਂ ਦੀ ਮਹਿੰਗਾਈ ਜਾਰੀ ਹੈ ਤੇ ਦੂਸਰੇ ਪਾਸੇ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਜਿਸਦਾ ਸਭ ਤੋਂ ਵੱਧ ਅਸਰ ਦਰਮਿਆਨੇ ਵਰਗ ਦੇ ਲੋਕਾਂ ਅਤੇ ਕਿਸਾਨ ਵਰਗ ’ਤੇ ਪੈ ਰਿਹਾ ਹੈ।

ਇਕ ਪਾਸੇ ਤਿਉਹਾਰੀ ਸੀਜ਼ਨ ਸ਼ੁਰੂ ਹੋ ਰਿਹਾ ਹੈ ਅਤੇ ਦੂਜੇ ਪਾਸੇ ਖੁਰਾਕੀ ਪਦਾਰਥਾਂ ਅਤੇ ਸਬਜ਼ੀਆਂ ਦੀ ਮਹਿੰਗਾਈ ਨੇ ਆਮ ਖਪਤਕਾਰਾਂ ਦਾ ਘਰੇਲੂ ਬਜਟ ਵਿਗਾੜ ਕੇ ਉਨ੍ਹਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ।

ਇਸ ਲਈ ਉਕਤ ਸਥਿਤੀ ਦੇ ਮੱਦੇਨਜ਼ਰ ਖੁਰਾਕ ਮੰਤਰਾਲਾ ਨੂੰ ਜਿੰਨਾ ਸੰਭਵ ਹੋ ਸਕੇ ਤੁਰੰਤ ਨਿਵਾਰਕ ਉਪਾਅ ਕਰਨ ਦੀ ਲੋੜ ਹੈ ਤਾਂ ਕਿ ਤਿਉਹਾਰੀ ਸੀਜ਼ਨ ’ਚ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲੇ ਅਤੇ ਤਿਉਹਾਰਾਂ ਦਾ ਜੋਸ਼ ਫਿੱਕਾ ਨਾ ਹੋਵੇ।

-ਵਿਜੇ ਕੁਮਾਰ


Bharat Thapa

Content Editor

Related News