‘ਚੰਦਾ ਕੋਚਰ’ ਦੀ 78 ਕਰੋੜ ਦੀ ਜਾਇਦਾਦ ਅਟੈਚ ਦੇਰ ਨਾਲ ਲਿਆ ਗਿਆ ਸਹੀ ਫੈਸਲਾ

1/12/2020 1:21:10 AM

ਮੇਨ ਆਰਟੀਕਲ

ਅਜੇ ਕੁਝ ਹੀ ਸਮਾਂ ਪਹਿਲਾਂ ਦੇਸ਼ ਦੇ 10 ਸਰਵਉੱਚ ਸਹਿਕਾਰੀ ਬੈਂਕਾਂ ’ਚੋਂ ਇਕ ਮਹਾਰਾਸ਼ਟਰ ਦੇ ‘ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ’ (ਪੀ. ਐੱਮ. ਸੀ. ਬੈਂਕ) ਵਿਚ 6500 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਸਾਹਮਣੇ ਆਇਆ, ਜਿਸ ਦੇ ਸਿੱਟੇ ਵਜੋਂ ਅਨੇਕ ਜਮ੍ਹਾਕਰਤਾਵਾਂ ਦੀਆਂ ਰਕਮਾਂ ਡੁੱਬ ਜਾਣ ਕਾਰਣ ਸਦਮੇ ਨਾਲ ਮੌਤਾਂ ਹੋ ਗਈਆਂ।

ਪੰਜਾਬ ਦੇ ਪਠਾਨਕੋਟ ਵਿਚ ‘ਦਿ ਹਿੰਦੂ ਕੋਆਪ੍ਰੇਟਿਵ ਬੈਂਕ’ ਦਾ ਘਪਲਾ ਵੀ ਸਾਹਮਣੇ ਆਇਆ, ਜਿਸ ਕਾਰਣ ਮਾਰਚ 2019 ਵਿਚ ਰਿਜ਼ਰਵ ਬੈਂਕ ਨੇ ਇਸ ਉੱਤੇ ਵੱਖ-ਵੱਖ ਪਾਬੰਦੀਆਂ ਲਾ ਦਿੱਤੀਆਂ ਅਤੇ ਵਿੱਤੀ ਲੈਣ-ਦੇਣ ’ਤੇ ਰੋਕ ਲਾ ਦਿੱਤੀ। ਇਸ ਨਾਲ ਲੱਗਭਗ 80,000 ਬੈਂਕ ਗਾਹਕ ਅਤੇ 15,000 ਸ਼ੇਅਰਧਾਰਕ ਪ੍ਰਭਾਵਿਤ ਹੋਏ।

ਇਸੇ ਤਰ੍ਹਾਂ ਇਨ੍ਹੀਂ ਦਿਨੀਂ ਨਿੱਜੀ ਖੇਤਰ ਦੇ ਮੋਹਰੀ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਸੀ. ਈ. ਓ. ਅਤੇ ਐੱਮ. ਡੀ. ਚੰਦਾ ਕੋਚਰ ਚਰਚਾ ’ਚ ਹੈ, ਜਿਸ ਦੇ ਵਿਰੁੱਧ 2012 ਵਿਚ ਆਈ. ਸੀ. ਆਈ. ਸੀ. ਆਈ. ਬੈਂਕ ਵਲੋਂ ਵੀਡੀਓਕਾਨ ਇੰਡਸਟਰੀਜ਼ ਨੂੰ ਦਿੱਤੇ ਗਏ 3250 ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦੇ ਹੋਏ ਅੈਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਦੇ ਮੁੰਬਈ ਸਥਿਤ ਫਲੈਟ ਤੋਂ ਇਲਾਵਾ ਇਸ ਦੇ ਪਤੀ ਦੀਪਕ ਕੋਚਰ ਦੀ ਕੰਪਨੀ ਦੀਆਂ ਲੱਗਭਗ 78 ਕਰੋੜ ਰੁਪਏ ਮੁੱਲ ਦੀਆਂ ਜਾਇਦਾਦਾਂ ਨੂੰ ਅਟੈਚ ਕਰ ਲਿਆ ਹੈ।

ਵਰਣਨਯੋਗ ਹੈ ਕਿ ਬੈਂਕ ਦੀ ਕਰਜ਼ਦਾਰ ਵੀਡੀਓਕਾਨ ਇੰਡਸਟਰੀਜ਼ ਵਲੋਂ ਚੰਦਾ ਕੋਚਰ ਦੇ ਪਤੀ ਦੀ ਕੰਪਨੀ ਵਿਚ ਨਿਵੇਸ਼ ਨੂੰ ਲੈ ਕੇ ਗੜਬੜ ਦੇ ਦੋਸ਼ਾਂ ਤੋਂ ਬਾਅਦ ਚੰਦਾ ਕੋਚਰ ਨੇ ਅਕਤੂਬਰ 2018 ਵਿਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਆਈ. ਸੀ. ਆਈ. ਸੀ. ਆਈ. ਬੈਂਕ ਵਿਚ ਮੈਨੇਜਮੈਂਟ ਟ੍ਰੇਨੀ ਦੇ ਰੂਪ ਵਿਚ ਸ਼ਾਮਿਲ ਹੋ ਕੇ ਸਰਵਉੱਚ ਅਹੁਦੇ ’ਤੇ ਪਹੁੰਚੀ ਚੰਦਾ ਕੋਚਰ ਕਦੇ ਦੁਨੀਆ ਦੀਆਂ ਸ਼ਕਤੀਸ਼ਾਲੀ ਔਰਤਾਂ ਵਿਚ ਸ਼ਾਮਿਲ ਰਹੀ ਹੈ ਅਤੇ ਭਾਰਤ ਸਰਕਾਰ ਵਲੋਂ ਪਦਮ ਵਿਭੂਸ਼ਣ ਨਾਲ ਸਨਮਾਨਿਤ ਹੈ। ਇਸ ਦੇ ਅਤੇ ਇਸ ਦੇ ਪਤੀ ਦੀਪਕ ਕੋਚਰ ਕੋਲ ਇਸ ਸਮੇਂ 900 ਕਰੋੜ ਰੁਪਏ ਤੋਂ ਵੱਧ ਦੀ ਚੱਲ-ਅਚੱਲ ਜਾਇਦਾਦ ਦੱਸੀ ਜਾਂਦੀ ਹੈ।

ਬੈਂਕਾਂ ਵਿਚ ਇਸ ਕਿਸਮ ਦੀਆਂ ਬੇਨਿਯਮੀਆਂ ਦਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਯਕੀਨਨ ਲੋਕਾਂ ਦਾ ਨਿੱਜੀ ਬੈਂਕਾਂ ਤੋਂ ਵਿਸ਼ਵਾਸ ਉੱਠ ਜਾਵੇਗਾ, ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਵੀ ਪ੍ਰਭਾਵਿਤ ਹੋਵੇਗੀ।

–ਵਿਜੇ ਕੁਮਾਰਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

This news is Edited By Bharat Thapa