‘ਅਮਰੀਕਾ ’ਚ ਮਹਿੰਗਾਈ 40 ਸਾਲਾਂ ਦੇ ਉੱਚ ਪੱਧਰ ’ਤੇ, ਯੂਰਪੀ ਬਾਜ਼ਾਰ ਵੀ ਡਿੱਗੇ’
Saturday, Jun 11, 2022 - 11:25 AM (IST)
ਵਾਸ਼ਿੰਗਟਨ (ਭਾਸ਼ਾ) – ਅਮਰੀਕਾ ’ਚ ਮਹਿੰਗਾਈ ਮਈ ਮਹੀਨੇ ’ਚ 40 ਸਾਲਾਂ ਦੇ ਉੱਚ ਪੱਧਰ 8.6 ਫੀਸਦੀ ’ਤੇ ਪਹੁੰਚ ਗਈ। ਇਸ ਦਾ ਕਾਰਨ ਗੈਸ, ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਵਾਧਾ ਹੈ।
ਮਹਿੰਗਾਈ ਦੇ ਅੰਕੜਿਆਂ ਨੂੰ ਦੇਖਦੇ ਹੋਏ ਅਮਰੀਕੀ ਬਾਜ਼ਾਰਾਂ ਨਾਲ ਯੂਰਪੀ ਬਾਜ਼ਾਰ ਵੀ ਡਿਗ ਗਏ। ਅਮਰੀਕੀ ਕਿਰਤ ਵਿਭਾਗ ਨੇ ਸ਼ੁੱਕਰਵਾਰ ਨੂੰ ਮਈ 2022 ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਮਹੀਨੇ ਖਪਤਕਾਰ ਕੀਮਤਾਂ ਇਕ ਸਾਲ ਪਹਿਲਾਂ ਦੀ ਤੁਲਨਾ ’ਚ 8.6 ਫੀਸਦੀ ਵਧ ਗਈਆਂ। ਇਕ ਮਹੀਨੇ ਪਹਿਲਾਂ ਅਪ੍ਰੈਲ ’ਚ ਖਪਤਕਾਰ ਕੀਮਤਾਂ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ ਤੁਲਨਾ ’ਚ 8.3 ਫੀਸਦੀ ਵਧੀਆਂ ਸਨ।
ਇਹ ਵੀ ਪੜ੍ਹੋ : ਮਹਿੰਗੇ ਹੋ ਸਕਦੇ ਨੇ ਰੈਡੀਮੇਡ ਕੱਪੜੇ, ਹੌਜ਼ਰੀ ਉਤਪਾਦਾਂ ਦੀ ਅਸੈੱਸਰੀਜ਼ ਲਈ ਚੀਨ 'ਤੇ ਨਿਰਭਰ ਭਾਰਤ
ਮਹੀਨਾ-ਦਰ-ਮਹੀਨਾ ਆਧਾਰ ’ਤੇ ਖਪਤਕਾਰ ਵਸਤਾਂ ਦੀਆਂ ਕੀਮਤਾਂ ਅਪ੍ਰੈਲ ਦੀ ਤੁਲਨਾ ’ਚ ਮਈ ’ਚ ਇਕ ਫੀਸਦੀ ਵਧ ਗਈਆਂ। ਇਹ ਵਾਧਾ ਮਾਰਚ ਦੀ ਤੁਲਨਾ ’ਚ ਅਪ੍ਰੈਲ ’ਚ ਹੋਏ 0.3 ਫੀਸਦੀ ਦੇ ਵਾਧੇ ਦੀ ਤੁਲਨਾ ’ਚ ਕਾਫੀ ਜ਼ਿਆਦਾ ਹੈ।
ਡਾਓ ਜੋਨਸ ਇੰਡਸਟ੍ਰੀਅਲ ਇੰਡੈਕਸ 750 ਅੰਕ ਤੋਂ ਵੱਧ ਡਿਗਿਆ
ਸ਼ੁੱਕਰਵਾਰ ਸ਼ਾਮ ਨੂੰ ਮਹਿੰਗਾਈ ਦੇ ਅੰਕੜੇ ਆਉਣ ਤੋਂ ਬਾਅਦ ਹੀ ਅਮਰੀਕੀ ਸ਼ੇਅਰ ਬਾਜ਼ਾਰ ’ਚ ਤੇਜ਼ ਗਿਰਾਵਟ ਦੇਖੀ ਗਈ। ਡਾਓ ਜੋਨਸ ਇੰਡਸਟ੍ਰੀਅਲ ਇੰਡੈਕਸ 750 ਅੰਕ ਤੋਂ ਵੱਧ ਡਿਗ ਗਿਆ ਜਦ ਕਿ ਨੈਸਡੈਕ ’ਚ 400 ਅਤੇ ਐੱਸ. ਐਂਡ ਪੀ. 500 ਇੰਡੈਕਸ ’ਚ ਵੀ 100 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤਰ੍ਹਾਂ ਅਮਰੀਕਾ ਦੇ ਬਾਜ਼ਾਰ ਨੂੰ ਦੇਖਦੇ ਹੋਏ ਯੂਰਪੀ ਬਾਜ਼ਾਰਾਂ ’ਚ ਤੇਜ਼ ਗਿਰਾਵਟ ਸ਼ੁਰੂ ਹੋ ਗਈ ਅਤੇ ਸਮਾਚਾਰ ਲਿਖੇ ਜਾਣ ਤੱਕ ਜਰਮਨ ਦਾ ਡੈਕਸ 13785, ਲੰਡਨ ਦਾ ਐੱਫ. ਟੀ. ਐੱਸ. ਈ. 7323.40 ਅਤੇ ਫ੍ਰਾਂਸ ਦਾ ਸੀ. ਏ. ਸੀ. 6192 ’ਤੇ ਕਾਰੋਬਾਰ ਕਰ ਰਹੇ ਸਨ।
ਇਹ ਵੀ ਪੜ੍ਹੋ : ਭਾਰਤ ਦੀ ਬਾਇਓਟੈਕਨਾਲੋਜੀ ਅਧਾਰਿਤ ਅਰਥਵਿਵਸਥਾ 8 ਗੁਣਾ ਵਧ ਕੇ 80 ਅਰਬ ਡਾਲਰ ਹੋਈ : ਮੋਦੀ
ਅਮਰੀਕੀ ਪਰਿਵਾਰ ਲਈ ਰੋਜ਼ੀ-ਰੋਟੀ ਚਲਾਉਣਾ ਕਾਫੀ ਮੁਸ਼ਕਲ
ਅਮਰੀਕਾ ਪਿਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਉੱਚ ਮਹਿੰਗਾਈ ਦੀ ਸਥਿਤੀ ਨਾਲ ਜੂਝ ਰਿਹਾ ਹੈ। ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਨਾਲ ਇਕ ਅਮਰੀਕੀ ਪਰਿਵਾਰ ਲਈ ਰੋਜ਼ੀ-ਰੋਟੀ ਚਲਾਉਣਾ ਕਾਫੀ ਮੁਸ਼ਕਲ ਹੋ ਗਿਆ ਹੈ।
ਇਸ ਦੀ ਸਭ ਤੋਂ ਵੱਧ ਮਾਰ ਅਸ਼ਵੇਤ ਭਾਈਚਾਰੇ ਅਤੇ ਹੇਠਲੀ ਆਮਦਨ ਵਰਗੇ ਦੇ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਮਾਰਚ 2022 ’ਚ ਖਪਤਕਾਰ ਮੁੱਲ ਆਧਾਰਿਤ ਮਹਿੰਗਾਈ 1092 ਤੋਂ ਬਾਅਦ ਪਹਿਲੀ ਵਾਰ 8.5 ਫੀਸਦੀ ’ਤੇ ਪਹੁੰਚੀ ਸੀ। ਇਸ ਵਧੀ ਹੋਈ ਮਹਿੰਗਾਈ ਨੇ ਅਮਰੀਕੀ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਨੂੰ ਵੀ ਵਿਆਜ ਦਰ ’ਚ ਵਾਧੇ ਲਈ ਮਜਬੂਰ ਕੀਤਾ ਹੈ।
ਹਾਲਾਂਕਿ ਕੁੱਝ ਵਿਸ਼ਲੇਸ਼ਕਾਂ ਨੇ ਅਜਿਹੀ ਸੰਭਾਵਨਾ ਪ੍ਰਗਟਾਈ ਹੈ ਕਿ ਆਉਣ ਵਾਲੇ ਕੁੱਝ ਮਹੀਨਿਆਂ ’ਚ ਅਮਰੀਕਾ ’ਚ ਮਹਿੰਗਾਈ ਦੀ ਤੇਜ਼ੀ ’ਤੇ ਲਗਾਮ ਲੱਗੇਗੀ ਪਰ ਇਸ ਦੇ ਬਾਵਜੂਦ ਮਹਿੰਗਾਈ ਦੇ ਸਾਲ ਦੇ ਅਖੀਰ ’ਚ 7 ਫੀਸਦੀ ਤੋਂ ਹੇਠਾਂ ਆਉਣ ਦੀ ਸੰਭਾਵਨਾ ਘੱਟ ਹੀ ਹੈ।
ਇਹ ਵੀ ਪੜ੍ਹੋ : ਮੋਦੀ ਨੇ ਅੰਮ੍ਰਿਤ ਮਹੋਤਸਵ ਦੇ ਡਿਜ਼ਾਈਨ ਵਾਲੇ ਸਿੱਕਿਆਂ ਦੀ ਨਵੀਂ ਲੜੀ ਦਾ ਕੀਤਾ ਉਦਘਾਟਨ
ਬਾਂਡ ਯੀਲਡ 2008 ਤੋਂ ਬਾਅਦ ਦੇ ਉੱਚ ਪੱਧਰ ’ਤੇ
ਮਹਿੰਗਾਈ ਦੇ ਅੰਕੜੇ ਆਉਣ ਤੋਂ ਬਾਅਦ ਬਾਂਡ ਦਾ ਲਾਭ (ਯੀਲਡ) 17 ਆਧਾਰ ਅੰਕ ਵਧ ਕੇ 3 ਫੀਸਦੀ ਤੱਕ ਪਹੁੰਚ ਗਿਆ। ਇਹ 2008 ਤੋਂ ਬਾਅਦ ਦਾ ਉੱਚ ਪੱਧਰ ਹੈ ਜਦ ਕਿ 10 ਸਾਲ ਦੇ ਬਾਂਡ ਦਾ ਲਾਭ ਵੀ ਵਧ ਕੇ 3.14 ਫੀਸਦੀ ਤੱਕ ਪਹੁੰਚ ਗਿਆ ਹੈ।
ਬਾਂਡ ਯੀਲਡ ਵਧਣ ਨਾਲ ਨਿਵੇਸ਼ਕ ਸ਼ੇਅਰ ਮਾਰਕੀਟ ਦੀ ਥਾਂ ਸੁਰੱਖਿਅਤ ਆਮਦਨ ਦੇਣ ਵਾਲੇ ਬਾਂਡਸ ਵੱਲ ਆਕਰਸ਼ਿਤ ਹੁੰਦੇ ਹਨ, ਜਿਸ ਨਾਲ ਇਕਵਿਟੀ ਮਾਰਕੀਟ ’ਚੋਂ ਪੈਸਾ ਨਿਕਲਦਾ ਹੈ। ਇਸੇ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ’ਚ ਗਿਰਾਵਟ ਦੇਖਣ ਨੂੰ ਮਿਲਦੀ ਹੈ।
ਇਹ ਵੀ ਪੜ੍ਹੋ : ਇਨਕਮ ਟੈਕਸ ਪੋਰਟਲ 'ਤੇ ਫਿਰ ਤਕਨੀਕੀ ਖਾਮੀ, ਇੰਫੋਸਿਸ ਨੂੰ ਠੀਕ ਕਰਨ ਦੇ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।