ਪੰਜਾਬ ’ਚ ਝੋਨੇ ਦੀ ਮਿਲਿੰਗ ਦਾ 93 ਫੀਸਦੀ ਕੰਮ ਹੋਇਆ ਪੂਰਾ
Wednesday, Jun 24, 2020 - 12:59 PM (IST)

ਜਲੰਧਰ (ਖੁਰਾਣਾ) – ਪਿਛਲੇ ਸਾਲ ਝੋਨੇ ਦੀ ਬੰਪਰ ਫਸਲ ਹੋਈ ਸੀ ਪਰ ਕੁਦਰਤੀ ਅਤੇ ਕੋਰੋਨਾ ਮਹਾਮਾਰੀ ਕਾਰਣ ਸੂਬੇ ਵਿਚ ਹੁਣ ਤੱਕ ਝੋਨੇ ਦੀ 93 ਫੀਸਦੀ ਹੀ ਮਿਲਿੰਗ ਦਾ ਕੰਮ ਪੂਰਾ ਹੋ ਸਕਿਆ ਹੈ। ਬਾਕੀ ਬਚੇ 7 ਫੀਸਦੀ ਮਿਲਿੰਗ ਦੇ ਕੰਮ ਦੀ ਰਫਤਾਰ ਬਹੁਤ ਘੱਟ ਹੈ। ਇਸ ਮੁੱਦੇ ’ਤੇ ਪੰਜਾਬ ਰਾਈਸ ਮਿਲਰਸ ਵੈੱਲਫੇਅਰ ਐਸੋਸੀਏਸ਼ਨ ਦੇ ਇਕ ਵਫਦ ਨੇ ਪ੍ਰਧਾਨ ਰਾਕੇਸ਼ ਜੈਨ ਦੀ ਅਗਵਾਈ ਵਿਚ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਵਿਭਾਗ ਦੇ ਡਾਇਰੈਕਟਰ ਅਨੰਦਿਤਾ ਮਿਸ਼ਰਾ ਨਾਲ ਮੁਲਾਕਾਤ ਕੀਤੀ। ਬੈਠਕ ਦੌਰਾਨ ਮਿਲਿੰਗ ਦੀ ਮਿਆਦ 31 ਜੁਲਾਈ ਤੱਕ ਵਧਾਉਣ ਦੀ ਮੰਗ ਰੱਖੀ ਗਈ ਪਰ ਮੰਤਰੀ ਨੇ 15 ਜੁਲਾਈ ਤੱਕ ਦਾ ਸਮਾਂ ਦਿੰਦੇ ਹੋਏ ਪੂਰੀ ਮਿਲਿੰਗ ਖਤਮ ਕਰਨ ਦੇ ਹੁਕਮ ਦਿੱਤੇ। ਜੈਨ ਅਤੇ ਵਫਦ ਦੇ ਬਾਕੀ ਮੈਂਬਰਾਂ ਅਸ਼ੋਕ ਵਰਮਾ, ਪਵਨ ਕੁਮਾਰ, ਅਨੂਪ ਭੋਗਲ, ਯੋਗਰਾਜ ਜਗਰਾਓਂ ਆਦਿ ਨੇ ਇਸ ਰਾਹਤ ਲਈ ਜਿਥੇ ਮੰਤਰੀ ਦਾ ਧੰਨਵਾਦ ਕੀਤਾ, ਉਥੇ ਹੀ ਮਿਲਰਸ ਨੂੰ ਵੀ ਸੂਚਿਤ ਕੀਤਾ ਕਿ ਹੁਣ ਮਿਲਿੰਗ ਦੀ ਮਿਆਦ ਹੋਰ ਨਹੀਂ ਵਧੇਗੀ, ਇਸ ਲਈ ਕੰਮ ਜਲਦੀ ਖਤਮ ਕੀਤਾ ਜਾਵੇ।
ਬੈਠਕ ਦੌਰਾਨ ਬਾਰਦਾਨੇ ਦੇ ਮੁੱਦੇ ’ਤੇ ਵੀ ਚਰਚਾ ਹੋਈ, ਜਿਸ ਦੌਰਾਨ ਫੈਸਲਾ ਹੋਇਆ ਕਿ ਮਿਲਰਸ ਆਪਣੀਆਂ ਏਜੰਸੀਆਂ ਤੋਂ ਸਾਲ 2020-21 ਦਾ ਨਵਾਂ ਬਾਰਦਾਨਾ ਲੈ ਕੇ ਲਗਾ ਸਕਦਾ ਹੈ। ਮਿਲਿੰਗ ਦੀ ਮਿਆਦ ਵਧਣ ਅਤੇ ਬਾਰਦਾਨੇ ਬਾਰੇ ਨਵੇਂ ਨਿਰਦੇਸ਼ਾਂ ਤੋਂ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਜੈਨ ਨੇ ਦੱਸਿਆ ਕਿ ਬੈਠਕ ਦੌਰਾਨ ਪੰਜਾਬ ਐਗਰੋ ਦੇ ਮੁੱਦੇ ’ਤੇ ਵੀ ਚਰਚਾ ਹੋਈ, ਜਿਥੇ ਮਿਲਰਸ ਦਾ ਕਾਫੀ ਪੈਸਾ ਫਸਿਆ ਹੋਇਆ ਹੈ। ਮੰਤਰੀ ਆਸ਼ੂ ਨੇ ਜਲਦ ਹੀ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਦਿਵਾਇਆ।
ਜੈਨ ਨੇ ਕਿਹਾ ਕਿ ਜਿਨ੍ਹਾਂ ਮਿਲਰਸ ਨੇ ਆਪਣੀ ਮਿਲਿੰਗ ਦਾ ਕੰਮ ਪੂਰਾ ਕਰ ਲਿਆ ਹੈ, ਉਹ ਲੇਵੀ ਸਕਿਓਰਿਟੀ, ਏਜੰਸੀ ਵਿਚ ਦਿੱਤੀ ਗਈ ਸਕਿਓਰਿਟੀ ਵਾਪਸ ਲੈ ਸਕਦੇ ਹਨ ਅਤੇ ਬੈਂਕ ਗਾਰੰਟੀ ਵੀ ਰਿਲੀਜ਼ ਕਰਵਾ ਸਕਦੇ ਹਨ। ਬੈਠਕ ਦੌਰਾਨ ਅਗਲੇ ਸਾਲ ਦੀ ਪਾਲਿਸੀ ਦੇ ਕੁਝ ਮੁੱਦਿਆਂ ’ਤੇ ਵੀ ਚਰਚਾ ਹੋਈ।