ਮੱਕੀ ਦੀ ਕਾਸ਼ਤ ਦੇ ਮਾਮਲੇ ’ਚ ਪੰਜਾਬ ਦੇ ਕਿਸਾਨਾਂ ਨੇ ਤੋੜਿਆ ਪਿਛਲੇ ਦੋ ਦਹਾਕਿਆਂ ਦਾ ਰਿਕਾਰਡ

07/08/2020 2:05:12 PM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਇਸ ਸਾਲ ਮਾਰਚ ਤੋਂ ਜੂਨ ਮਹੀਨੇ ਦੌਰਾਨ ਬਸੰਤ ਰੁੱਤ ਦੀ ਮੱਕੀ ਦਾ ਰੇਟ ਘੱਟ ਮਿਲਣ ਦੇ ਬਾਵਜੂਦ ਕਿਸਾਨਾਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਮੱਕੀ ਦੀ ਕਾਸ਼ਤ ਕਰਨ ਲਈ ਜ਼ਿਆਦਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਇਸ ਤਹਿਤ ਹੁਣ ਤੱਕ ਪੰਜਾਬ ਅੰਦਰ ਕਿਸਾਨਾਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ 4 ਫੀਸਦੀ ਜ਼ਿਆਦਾ ਰਕਬੇ ਵਿਚ ਮੱਕੀ ਦੀ ਬਿਜਾਈ ਕੀਤੀ ਜਾ ਚੁੱਕੀ ਹੈ ਜਦੋਂ ਕਿ ਅਜੇ ਵੀ ਕਈ ਥਾਵਾਂ ’ਤੇ ਮੱਕੀ ਦੀ ਬਿਜਾਈ ਦਾ ਕੰਮ ਜਾਰੀ ਹੈ। ਇਸ ਵਾਰ ਸਭ ਤੋਂ ਤਸੱਲੀ ਵਾਲੀ ਗੱਲ ਇਹ ਹੈ ਕਿ ਇਸ ਸਾਲ ਕਿਸਾਨਾਂ ਨੇ ਮੱਕੀ ਦੀ ਬਿਜਾਈ ਕਰਨ ਦੇ ਮਾਮਲੇ ਵਿਚ ਪੰਜਾਬ ਦੇ ਕਿਸਾਨਾਂ ਨੇ ਪਿਛਲੇ ਦੋ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ। ਇਥੋਂ ਕਿ ਜਦੋਂ ਕਰੀਬ 7 ਸਾਲ ਪਹਿਲਾਂ ਜਦੋਂ ਤਤਕਾਲੀ ਸਰਕਾਰ ਨੇ ਮੱਕੀ ਹੇਠ ਰਕਬੇ ਨੂੰ 5 ਲੱਖ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਸੀ ਤਾਂ ਉਸ ਮੌਕੇ ਪੰਜਾਬ ਅੰਦਰ ਮੱਕੀ ਦੀ ਬਿਜਾਈ ਹੇਠ ਰਕਬਾ ਹੁਣ ਦੇ ਮੁਕਾਬਲੇ ਘੱਟ ਹੀ ਰਿਹਾ।

ਸਰਕਾਰ ਤੇ ਕਿਸਾਨਾਂ ’ਤੇ ਪੈ ਰਹੇ ਵਿੱਤੀ ਬੋਝ ਨੂੰ ਘੱਟ ਕਰਨ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ ‘ਸੋਲਰ ਪੰਪ’

ਪਿਛਲੇ ਸਾਲ ਦੇ ਮੁਕਾਬਲੇ 6 ਹਜ਼ਾਰ ਹੈਕਟੇਅਰ ਜ਼ਿਆਦਾ ਰਕਬੇ ’ਚ ਹੋ ਚੁੱਕੀ ਹੈ ਬਿਜਾਈ
ਪੰਜਾਬ ਸਰਕਾਰ ਨੇ ਤਿੰਨ ਲੱਖ ਹੈਕਟੇਅਰ ਰਕਬੇ ਵਿਚ ਮੱਕੀ ਦੀ ਬਿਜਾਈ ਕਰਵਾਉਣ ਦਾ ਟੀਚਾ ਨਿਰਧਾਰਤ ਕੀਤਾ ਸੀ। ਪਿਛਲੇ ਸਾਲ ਪੰਜਾਬ ਦੇ ਕਿਸਾਨਾਂ ਨੇ ਕਰੀਬ 1 ਲੱਖ 59 ਹੈਕਟੇਅਰ ਰਕਬੇ ਵਿਚ ਮੱਕੀ ਦੀ ਬਿਜਾਈ ਕੀਤੀ ਸੀ ਜਦੋਂ ਕਿ ਇਸ ਸਾਲ 30 ਜੂਨ ਤੱਕ ਹੀ ਕਿਸਾਨਾਂ ਵੱਲੋਂ 1 ਲੱਖ 65 ਹਜ਼ਾਰ ਹੈਕਟੇਅਰ ਰਕਬੇ ਵਿਚ ਮੱਕੀ ਦੀ ਬਿਜਾਈ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 6 ਹਜ਼ਾਰ ਹੈਕਟੇਅਰ ਜ਼ਿਆਦਾ ਹੈ। ਇਕੱਤਰ ਵੇਰਵਿਆਂ ਅਨੁਸਾਰ ਸੂਬੇ ਅੰਦਰ ਸਾਲ 2000 ਤੋਂ 2020 ਤੱਕ ਦੇ ਦੋ ਦਹਾਕਿਆਂ ਦੌਰਾਨ ਸਾਲ 2000-01, 2001-02 ਅਤੇ 2014-15 ਦੌਰਾਨ ਹੀ ਮੱਕੀ ਹੇਠਲਾ ਰਕਬਾ ਕਰੀਬ 1 ਲੱਖ 65 ਹਜ਼ਾਰ ਹੈਕਟੇਅਰ ਦੇ ਨੇੜੇ-ਤੇੜੇ ਪਹੁੰਚਿਆ ਸੀ ਜਦੋਂ ਕਿ ਬਾਕੀ ਦੇ ਸਾਲਾਂ ਦੌਰਾਨ ਇਹ ਰਕਬਾ ਕਾਫੀ ਘੱਟ ਰਿਹਾ ਸੀ।

ਕੰਟਰੈਕਟ ਖੇਤੀ ਕਿਸਾਨ, ਖੇਤੀ ਮਜ਼ਦੂਰ ਤੇ ਪੇਂਡੂ ਛੋਟੇ ਕਾਰੀਗਰ ਨੂੰ ਉਜਾੜ ਦੇਵੇਗੀ: ਡਾ. ਗਿਆਨ ਸਿੰਘ

ਪਿਛਲੇ ਦੋ ਦਹਾਕਿਆਂ ਦੌਰਾਨ ਕੀ ਸੀ ਮੱਕੀ ਦੀ ਸਥਿਤੀ?

PunjabKesari

ਸਾਲ ਮੱਕੀ ਹੇਠ ਰਕਬਾ (ਲੱਖ ਹੈਕ)
2003 1.52
2004 1.54
2005 1.54
2006 1.51
2010 1.40
2012 1.34
2013 1.34
2016 1.16
2017 1.23
2018 1.09
2019 1.59

ਹੁਸ਼ਿਆਰਪੁਰ ਜ਼ਿਲਾ ਮੋਹਰੀ
ਇਸ ਸਾਲ ਮੱਕੀ ਦੀ ਬਿਜਾਈ ਦੇ ਮਾਮਲੇ ਵਿਚ ਹੁਸ਼ਿਆਰਪੁਰ ਜ਼ਿਲਾ ਸਭ ਤੋਂ ਮੋਹਰੀ ਹੈ ਜਿਥੇ ਕਿਸਾਨਾਂ ਨੇ ਕਰੀਬ 51 ਹਜ਼ਾਰ ਹੈਕਟੇਅਰ ਰਕਬੇ ਵਿਚ ਮੱਕੀ ਦੀ ਕਾਸ਼ਤ ਕੀਤੀ ਹੈ। ਰੂਪਨਗਰ ਜ਼ਿਲੇ ਅੰਦਰ 23 ਹਜ਼ਾਰ ਹੈਕਟੇਅਰ ਦੇ ਕਰੀਬ ਰਕਬੇ ਵਿਚ ਮੱਕੀ ਦੀ ਬਿਜਾਈ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਨਵਾਂਸ਼ਹਿਰ ਅੰਦਰ 12 ਹਜ਼ਾਰ, ਮੋਗਾ ਜ਼ਿਲੇ ਅੰਦਰ 9 ਹਜ਼ਾਰ, ਜਲੰਧਰ ’ਚ 8 ਹਜ਼ਾਰ, ਲੁਧਿਆਣਾ ਅੰਦਰ 7500 ਹੈਕਟੇਅਰ ਰਕਬੇ ਵਿਚ ਮੱਕੀ ਦੀ ਕਾਸ਼ਤ ਹੋ ਚੁੱਕੀ ਹੈ। ਮੋਹਾਲੀ, ਬਠਿੰਡਾ, ਮੁਕਤਸਰ ਤੇ ਪਠਾਨਕੋਟ ਜ਼ਿਲਿਆਂ ਅੰਦਰ ਵੀ ਪ੍ਰਤੀ ਜ਼ਿਲਾ 6 ਹਜ਼ਾਰ ਤੋਂ 7500 ਹੈਕਟੇਅਰ ਦੇ ਕਰੀਬ ਰਕਬੇ ਵਿਚ ਮੱਕੀ ਦੀ ਬਿਜਾਈ ਹੋਈ ਹੈ। ਉਕਤ ਜ਼ਿਲਿਆਂ ਤੋਂ ਇਲਾਵਾ ਪੰਜਾਬ ਦੇ ਬਾਕੀ 12 ਜ਼ਿਲਿਆਂ ਅੰਦਰ ਮੱਕੀ ਹੇਠਲਾ ਰਕਬਾ 1500 ਤੋਂ 3 ਹਜ਼ਾਰ ਹੈਕਟੇਅਰ ਦੇ ਨੇੜੇ-ਤੇੜੇ ਹੀ ਹੈ।

ਗਰਮੀ ’ਚ ਕੜਕਦੀ ਧੁੱਪ ਤੋਂ ਬਚਣ ਲਈ ਜਾਣੋ ਇਹ ਖ਼ਾਸ ਗੱਲਾਂ

ਮੱਕੀ ਦੇ ਮੁਕਾਬਲੇ ਜ਼ਿਆਦਾ ਹੈ ਝੋਨੇ ਦਾ ਰੇਟ ਅਤੇ ਪੈਦਾਵਾਰ
ਝੋਨੇ ਹੇਠੋਂ ਰਕਬਾ ਘਟਾਉਣ ਲਈ ਮੱਕੀ ਦੀ ਫਸਲ ਇਕ ਵਧੀਆ ਬਦਲ ਸਿੱਧ ਹੋ ਸਕਦੀ ਹੈ। ਪਰ ਕਿਸਾਨ ਮੱਕੀ ਦੇ ਸਹੀ ਮੰਡੀਕਰਨ ਨੂੰ ਲੈ ਕੇ ਦੁਚਿੱਤੀ ਵਿਚ ਰਹਿੰਦੇ ਹਨ। ਖਾਸ ਤੌਰ ’ਤੇ ਸਾਉਣੀ ਦੇ ਸੀਜਨ ਵਿਚ ਬੀਜੀ ਜਾਣ ਵਾਲੀ ਮੱਕੀ ਦੀ ਫਸਲ ਦੀ ਪੈਦਾਵਾਰ ਬਸੰਤ ਰੁੱਤ ਦੀ ਮੱਕੀ ਨਾਲੋਂ ਘੱਟ ਨਿਕਲਣ ਕਾਰਣ ਕਿਸਾਨ ਇਸ ਸੀਜਨ ਵਿਚ ਮੱਕੀ ਦੀ ਕਾਸ਼ਤ ਕਰਨ ਤੋਂ ਪਹਿਲਾਂ ਕਈ ਵਾਰ ਸੋਚਦੇ ਹਨ। ਕਈ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੇਕਰ ਸਰਕਾਰ ਸਹੀ ਮਾਇਨਿਆਂ ਵਿਚ ਮੱਕੀ ਹੇਠਲਾ ਰਕਬਾ ਵਧਾਉਣਾ ਚਾਹੁੰਦੀ ਹੈ ਤਾਂ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ ਝੋਨੇ ਤੋਂ ਜ਼ਿਆਦਾ ਰੱਖ ਕੇ ਇਸ ਦੀ ਖਰੀਦ ਯਕੀਨੀ ਬਣਾਉਣ ਦੀ ਲੋੜ ਹੈ। ਝੋਨੇ ਦੀ ਪੈਦਾਵਾਰ ਅਤੇ ਰੇਟ ਦੋਵੇਂ ਹੀ ਮੱਕੀ ਤੋਂ ਜਿਆਦਾ ਹੋਣ ਕਾਰਣ ਕਿਸਾਨ ਮੱਕੀ ਦੀ ਕਾਸ਼ਤ ਕਰਨ ਤੋਂ ਗੁਰੇਜ ਕਰਦੇ ਹਨ।

ਦੇਸ਼ ਦੀ ਸ਼ਾਨ ਮੁੰਬਈ ਦਾ ਮਸ਼ਹੂਰ ‘ਰਾਇਲ ਓਪੇਰਾ ਹਾਊਸ’

ਕੀ ਕਹਿਣਾ ਹੈ ਕਿਸਾਨ ਦਾ?

PunjabKesari
ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਬੇਟ ਇਲਾਕੇ ਦੇ ਉੱਘੇ ਕਿਸਾਨ ਸੁਖਪ੍ਰੀਤ ਸਿੰਘ ਰਿਆੜ ਨੇ ਕਿਹਾ ਕਿ ਕਿਸਾਨ ਖੁਦ ਵੀ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲਣਾ ਚਾਹੁੰਦੇ ਹਨ। ਪਰ ਕਿਸਾਨਾਂ ਨੂੰ ਹਮੇਸ਼ਾਂ ਇਹ ਡਰ ਬਣਿਆ ਰਹਿੰਦਾ ਹੈ ਕਿ ਉਨ੍ਹਾਂ ਦੀ ਫਸਲ ਦਾ ਸਹੀ ਮੰਡੀਕਰਨ ਹੋ ਸਕੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮੱਕੀ ਦੀ ਕਾਸ਼ਤ ਝੋਨੇ ਦੀ ਕਾਸ਼ਤ ਦੇ ਮੁਕਾਬਲੇ ਕਾਫੀ ਮੁਸ਼ਕਿਲ ਹੈ ਜਦੋਂ ਕਿ ਝੋਨਾ ਆਸਾਨੀ ਨਾਲ ਤਿਆਰ ਹੋ ਜਾਂਦਾ ਹੈ ਅਤੇ ਆਸਾਨੀ ਨਾਲ ਇਸ ਦੀ ਕਟਾਈ ਕਰਕੇ ਕਿਸਾਨ ਮੰਡੀ ਵਿਚੋਂ ਪੈਸੇ ਵੀ ਲੈ ਲੈਂਦੇ ਹਨ। ਪਰ ਮੱਕੀ ਦੀ ਕਾਸ਼ਤ ਤੇ ਕਟਾਈ ਸਮੇਤ ਹੋਰ ਕਈ ਕੰਮਾਂ ਲਈ ਪਹਿਲਾਂ ਤਾਂ ਮਸ਼ੀਨਰੀ ਹੀ ਨਹੀਂ ਮਿਲਦੀ ਅਤੇ ਜੇਕਰ ਕਿਸਾਨ ਕਿਸੇ ਢੰਗ ਨਾਲ ਸਾਰਾ ਕੰਮ ਮੁਕੰਮਲ ਕਰ ਲੈਂਦੇ ਹਨ, ਤਾਂ ਬਾਅਦ ਵਿਚ ਉਨ੍ਹਾਂ ਨੂੰ ਪੂਰਾ ਰੇਟ ਨਾ ਮਿਲਣ ਕਾਰਣ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੋਰੋਨਾ ਦੇ ਦੌਰ ਵਿਚ ਖਾਸ ਤੌਰ ’ਤੇ ਆਪਣੀ ਕਰੋ ਸੰਭਾਲ

‘‘ਗੁਰਦਾਸਪੁਰ ਜ਼ਿਲੇ ਦੇ ਪਿੰਡ ਜਾਫਰਪੁਰ ਦੇ ਸਰਪੰਚ ਅਤੇ ਅਗਾਂਹਵਧੂ ਕਿਸਾਨ ਭਾਗ ਸਿੰਘ ਜਾਫਰਪੁਰ ਨੇ ਕਿਹਾ ਕਿ ਮੱਕੀ ਦੀ ਕਾਸ਼ਤ ਦੌਰਾਨ ਸਭ ਤੋਂ ਵੱਡੀ ਸਮੱਸਿਆ ਰੇਟ ਘੱਟ ਮਿਲਣ ਦੀ ਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਜ਼ਿਲਿਆਂ ਅੰਦਰ ਮੱਕੀ ਦੀ ਕਾਸ਼ਤ ਜ਼ਿਆਦਾ ਹੁੰਦੀ ਹੈ, ਉਨ੍ਹਾਂ ਵਿਚ ਮੱਕੀ ਦੀ ਵਿਕਰੀ ਖੁੱਲੀ ਮੰਡੀ ਵਿਚ ਹੋ ਜਾਂਦੀ ਹੈ। ਪਰ ਗੁਰਦਾਸਪੁਰ ਵਰਗੇ ਜ਼ਿਲਿਆਂ ਅੰਦਰ ਮੱਕੀ ਦੀ ਮੰਡੀ ਨਾ ਹੋਣ ਕਾਰਣ ਕਿਸਾਨਾਂ ਨੂੰ ਸਮੱਸਿਆ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਝੋਨੇ ਹੇਠਲਾ ਰਕਬਾ ਘੱਟ ਕਰਨਾ ਚਾਹੁੰਦੇ ਹਨ। ਪਰ ਜਿੰਨੀ ਦੇਰ ਉਨ੍ਹਾਂ ਨੂੰ ਝੋਨੇ ਦਾ ਹਰ ਪੱਖੋਂ ਵਧੀਆ ਬਦਲ ਨਹੀਂ ਮਿਲਦਾ, ਓਨੀਂ ਦੇਰ ਉਹ ਕਿਸੇ ਹੋਰ ਫਸਲ ’ਤੇ ਰਿਸਕ ਨਹੀਂ ਲੈ ਸਕਦੇ।’’

PunjabKesari

ਕੀ ਕਹਿਣਾ ਹੈ ਖੇਤੀ ਅਧਿਕਾਰੀਆਂ ਦਾ
ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਕੇ ਮੱਕੀ ਹੇਠ ਰਕਬਾ ਵਧਾਇਆ ਗਿਆ ਹੈ ਅਤੇ ਵਿਭਾਗ ਦੀਆਂ ਟੀਮਾਂ ਸਿਰਫ ਮੱਕੀ ਹੇਠ ਰਕਬਾ ਵਧਾਉਣ ਲਈ ਹੀ ਕਿਸਾਨਾਂ ਨੂੰ ਜਾਗਰੂਕ ਨਹੀਂ ਕਰ ਰਹੀਆਂ ਸਗੋਂ ਉਨ੍ਹਾਂ ਵੱਲੋਂ ਕਿਸਾਨਾਂ ਦੀ ਮੱਕੀ ਦੀ ਵਿਕਰੀ ਕਰਵਾਉਣ ਲਈ ਵੀ ਬਕਾਇਦਾ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿਥੇ ਡੇਅਰੀ ਮਾਲਕਾਂ ਨੂੰ ਸਾਈਲੇਜ ਬਣਾਉਣ ਲਈ ਵੀ ਮੱਕੀ ਨਹੀਂ ਮਿਲਦੀ। ਇਸ ਦੇ ਨਾਲ ਹੀ ਹੋਰ ਕੰਮਾਂ ਲਈ ਵੀ ਬਾਹਰਲੇ ਜ਼ਿਲਿਆਂ ਜਾਂ ਸੂਬਿਆਂ ਤੋਂ ਮੱਕੀ ਮੰਗਵਾ ਕੇ ਲੋੜ ਪੂਰੀ ਕੀਤੀ ਜਾਂਦੀ ਹੈ। ਇਸ ਲਈ ਵਿਭਾਗ ਵਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਮੱਕੀ ਦਾ ਪੂਰਾ ਰੇਟ ਦਵਾਉਣ ਲਈ ਉਨ੍ਹਾਂ ਦਾ ਸੰਪਰਕ ਲੋੜਵੰਦਾਂ ਨਾਲ ਕਰਵਾਇਆ ਜਾਵੇ ਅਤੇ ਇਸ ਸਾਲ ਉਹ ਮਕਸਦ ਵਿਚ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਹਨ।

PunjabKesari

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


rajwinder kaur

Content Editor

Related News