ਹਰਮਨਪ੍ਰੀਤ ਦੇ ਪਰਿਵਾਰ ਨੇ ਗੁਰੂਦੁਆਰੇ ਵਿਚ ਕੀਤੀ ਅਰਦਾਸ

07/23/2017 4:53:48 PM

ਚੰਡੀਗੜ੍ਹ— ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦੇ ਪਰਿਵਾਰ ਨੇ ਅੱਜ ਪੰਜਾਬ ਵਿਚ ਉਸ ਦੇ ਜੱਦੀ ਸ਼ਹਿਰ ਮੋਗਾ ਵਿਚ ਗੁਰੂਦੁਆਰੇ ਵਿਚ ਤੜਕੇ ਅਰਦਾਸ ਕਰਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਫਲਤਾ ਦੀ ਪ੍ਰਾਰਥਨਾ ਕੀਤੀ ਜੋ ਅੱਜ ਲੰਡਨ 'ਚ ਇੰਗਲੈਂਡ ਦੇ ਖਿਲਾਫ ਆਈ.ਸੀ.ਸੀ. ਵਿਸ਼ਵ ਕੱਪ ਖੇਡ ਰਹੀ ਹੈ।

ਮੋਗਾ ਸਥਿਤ ਉਨ੍ਹਾਂ ਦੇ ਘਰ ਵਿਚ ਸਵੇਰੇ ਤੋਂ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ, ਦੋਸਤਾਂ ਅਤੇ ਕ੍ਰਿਕਟ ਪ੍ਰਸ਼ੰਸਕਾਂ ਦੀ ਹਲਚਲ ਹੈ। ਹਰਮਨ ਦੇ ਪਿਤਾ ਹਰਮੰਦਰ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ। ਅਸੀਂ ਅੱਜ ਸਵੇਰੇ ਤੜਕੇ ਗੁਰੂਦੁਆਰੇ ਵਿਚ ਗਏ ਅਤੇ ਟੀਮ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ। ਸਾਨੂੰ ਪੂਰੀ ਉਮੀਦ ਹੈ ਕਿ ਟੀਮ ਵਿਸ਼ਵ ਕੱਪ ਦੇ ਨਾਲ ਦੇਸ਼ ਪਰਤੇਗੀ। ਹਰਮਨ ਦੀ ਮਾਂ ਆਪਣੀ ਬੇਟੀ ਦੇ ਪਰਤਨ ਦੇ ਬਾਅਦ ਉਸ ਦਾ ਮਨਪਸੰਦ ਖਾਣਾ ਬਣਾਉਣ ਦੀ ਤਿਆਰੀ ਵਿਚ ਹੈ।

ਉਨ੍ਹਾਂ ਕਿਹਾ ਕਿ ਮੇਰੀ ਬੇਟੀ ਨੂੰ ਘਰ ਦਾ ਖਾਣਾ ਬਹੁਤ ਪਸੰਦ ਹੈ। ਉਸ ਨੂੰ ਭਿੰਡੀ ਦੀ ਸਬਜ਼ੀ ਬਹੁਤ ਪਸੰਦ ਹੈ ਅਤੇ ਉਬਲੇ ਆਲੂ ਦੀ ਸਬਜ਼ੀ ਵੀ ਉਸ ਨੂੰ ਪਸੰਦ ਹੈ। ਭਾਰਤ ਦੇ ਸਾਬਕਾ ਮਹਾਨ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਹਰਮਨਪ੍ਰੀਤ ਆਪਣਾ ਆਦਰਸ਼ ਮੰਨਦੀ ਹੈ, ਉਨ੍ਹਾਂ ਨੇ ਵੀ ਟੀਮ ਦੀ ਸਫਲਤਾ ਦੀ ਕਾਮਨਾ ਕੀਤੀ। ਸਹਿਵਾਗ ਨੇ ਟਵੀਟ ਕੀਤਾ ਸੀ, ਹਰਮਨਪ੍ਰੀਤ, ਤੁਹਾਨੂੰ ਅਤੇ ਟੀਮ ਨੂੰ ਖੇਡਦੇ ਦੇਖਣਾ ਸਨਮਾਨ ਦੀ ਗੱਲ ਰਹੀ। ਫਾਈਨਲ ਦੇ ਲਈ ਤੁਹਾਨੂੰ ਸ਼ੁੱਭਕਾਮਨਾਵਾਂ।


Related News