ਮੈਦਾਨੀ ''ਜੰਗ'' ਵਿਚ ਉਤਰੇ ਆਸਟਰੇਲੀਆ ਅਤੇ ਇੰਗਲੈਂਡ

11/23/2017 1:08:23 AM

ਬ੍ਰਿਸਬੇਨ— ਭਾਰਤ ਤੇ ਪਾਕਿਸਤਾਨ ਦੀ ਤਰ੍ਹਾਂ ਕ੍ਰਿਕਟ ਮੈਦਾਨ ਦੀ ਇਕ ਹੋਰ ਸਭ ਤੋਂ ਰੋਮਾਂਚਕ ਜੰਗ ਜੇਕਰ ਕੋਈ ਹੈ ਤਾਂ ਉਹ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਵੱਕਾਰੀ ਏਸ਼ੇਜ਼ ਸੀਰੀਜ਼ ਹੈ। ਵੀਰਵਾਰ ਤੋਂ ਗਾਬਾ ਦੇ ਮੈਦਾਨ 'ਤੇ ਇਹ ਦੋਵੇਂ ਟੀਮਾਂ ਆਪਣੀ ਇਸ ਮੈਦਾਨੀ ਜੰਗ ਲਈ ਮੁੜ ਜੀਅ-ਜਾਨ ਲਾਉਣ ਲਈ ਉਤਰਨਗੀਆਂ।  ਸਾਲ 2013 ਤੋਂ 2015 ਵਿਚਾਲੇ 3 ਸਾਲਾਂ 'ਚ 2 ਸੀਰੀਜ਼ ਤੋਂ ਬਾਅਦ ਆਸਟਰੇਲੀਆ ਅਤੇ ਇੰਗਲੈਂਡ ਫਿਰ ਤੋਂ ਇਥੇ ਗਾਬਾ ਮੈਦਾਨ ਵਿਚ ਸ਼ੁਰੂ ਹੋ ਰਹੇ ਮੈਚ ਵਿਚ ਇਕ ਪਾਸੇ ਜਿਥੇ ਕਪਤਾਨ ਸਟੀਵ ਸਮਿਥ ਲਈ ਆਪਣੇ ਘਰੇਲੂ ਮੈਦਾਨ 'ਤੇ ਟੀਮ ਨੂੰ ਜਿੱਤ ਦਿਵਾਉਣ ਦਾ ਭਾਰੀ ਦਬਾਅ ਹੈ, ਉਥੇ ਹੀ ਦੂਜੇ ਪਾਸੇ ਨੌਜਵਾਨ ਕਪਤਾਨ ਇੰਗਲੈਂਡ ਦੇ ਜੋ ਰੂਟ ਲਈ ਵਿਰੋਧੀ ਟੀਮ ਦੇ ਮੈਦਾਨ 'ਤੇ ਇਤਿਹਾਸ ਰਚਣ ਦਾ ਦਬਾਅ ਅਤੇ ਮੌਕਾ ਦੋਵੇਂ ਹੋਣਗੇ।
ਇੰਗਲੈਂਡ ਨੂੰ ਆਸਟਰੇਲੀਆ ਦੇ ਕੁਝ ਅਨਫਿੱਟ ਖਿਡਾਰੀਆਂ ਦਾ ਫਾਇਦਾ ਮਿਲ ਸਕਦਾ ਹੈ। ਇਨ੍ਹਾਂ 'ਚ ਉਸ ਦੇ ਉਪ-ਕਪਤਾਨ ਡੇਵਿਡ ਵਾਰਨਰ ਆਪਣੀ ਜ਼ਖ਼ਮੀ ਗਰਦਨ ਅਤੇ ਮਿਸ਼ੇਲ ਮਾਰਸ਼ ਪਿੱਠ 'ਚ ਅਕੜਾਅ ਕਾਰਨ ਕੁਝ ਪ੍ਰੇਸ਼ਾਨ ਦਿਸ ਰਹੇ ਹਨ। ਧਮਾਕਾਖੇਜ਼ ਬੱਲੇਬਾਜ਼ ਗਲੇਨ ਮੈਕਸਵੈੱਲ ਨੂੰ ਟੀਮ ਵਿਚ ਕਵਰ ਦੇ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ। ਦੇਖਣਾ ਹੋਵੇਗਾ ਕਿ ਉਹ ਕਿਸ ਦੀ ਜਗ੍ਹਾ ਲੈਂਦਾ ਹੈ।  ਕੈਮਰਨ ਬੇਨਕ੍ਰਾਫਟ ਜਿਥੇ ਓਪਨਿੰਗ ਕਰ ਸਕਦਾ ਹੈ, ਉਥੇ ਹੀ ਸ਼ਾਨ ਮਾਰਸ਼ 6ਵੇਂ ਨੰਬਰ 'ਤੇ ਉਤਰ ਸਕਦਾ ਹੈ, ਜਦਕਿ ਵਿਕਟਕੀਪਰ ਟਿਮ ਪੇਨ 2010 ਤੋਂ ਬਾਅਦ ਪਹਿਲਾ ਟੈਸਟ ਖੇਡਣ ਉਤਰੇਗਾ। ਇੰਗਲੈਂਡ ਦੀ ਟੀਮ 'ਚ ਗੇਂਦਬਾਜ਼ਾਂ ਵਿਚ ਤਜਰਬੇਕਾਰ ਮੋਇਨ ਅਲੀ, ਸਟੂਅਰਟ ਬ੍ਰਾਡ, ਜੈਕ ਬਾਲ, ਕ੍ਰਿਸ ਵੋਕਸ ਦੀ ਭੂਮਿਕਾ ਅਹਿਮ ਹੋਵੇਗੀ। ਬੱਲੇਬਾਜ਼ਾਂ 'ਚ ਜੋ ਰੂਟ, ਐਲਿਸਟੀਅਰ ਕੁਕ, ਮਾਰਕ ਸਟੋਨਮੈਨ 'ਤੇ ਨਜ਼ਰਾਂ ਹੋਣਗੀਆਂ। ਕਪਤਾਨ ਰੂਟ ਨੇ ਆਪਣੀ ਆਖਰੀ ਇਲੈਵਨ ਟੀਮ 'ਚ ਜੈਕ ਬਾਲ ਨੂੰ ਕ੍ਰੇਗ ਓਵਰਟਨ 'ਤੇ ਤਰਜੀਹ ਦਿੰਦੇ ਹੋਏ ਸ਼ਾਮਿਲ ਕੀਤਾ ਹੈ, ਜਦਕਿ ਮੋਇਨ 6ਵੇਂ ਅਤੇ ਜਾਨੀ ਬੇਅਰਸਟ੍ਰੋ 7ਵੇਂ ਨੰਬਰ 'ਤੇ ਉਤਰੇਗਾ। ਹਾਲਾਂਕਿ ਦੇਖਣਾ ਹੋਵੇਗਾ ਕਿ ਰੂਟ ਦੇ ਬੱਲੇਬਾਜ਼ ਗਾਬਾ ਦੀ ਪਿੱਚ 'ਤੇ ਉਛਾਲ ਅਤੇ ਤੇਜ਼ੀ ਦਾ ਸਾਹਮਣਾ ਕਰ ਸਕਦੇ ਹਨ ਜਾਂ ਨਹੀਂ।


Related News