ਹਵਾਈ ਫੌਜ ਦੇ 5 ਹੈਲੀਕਾਪਟਰ ਪ੍ਰੀਖਣ ਦੌਰਾਨ ਜੰਮੂ-ਸ਼੍ਰੀਨਗਰ ਹਾਈਵੇਅ ’ਤੇ ਉਤਰੇ ਤੇ ਉੱਡੇ
Wednesday, Apr 03, 2024 - 01:23 PM (IST)
ਸ਼੍ਰੀਨਗਰ, (ਭਾਸ਼ਾ)- ਭਾਰਤੀ ਹਵਾਈ ਫੌਜ ਦੇ 5 ਹੈਲੀਕਾਪਟਰ ਐਮਰਜੈਂਸੀ ਲੈਂਡਿੰਗ ਅਭਿਆਸ ਦੇ ਹਿੱਸੇ ਵਜੋਂ ਮੰਗਲਵਾਰ ਜੰਮੂ-ਸ਼੍ਰੀਨਗਰ ਹਾਈਵੇਅ ’ਤੇ ਉਤਰੇ ਤੇ ਉੱਡੇ। ਜੰਮੂ-ਕਸ਼ਮੀਰ ’ਚ ਇਸ ਤਰ੍ਹਾਂ ਦਾ ਇਹ ਪਹਿਲਾ ਅਭਿਆਸ ਸੀ।
ਅਮਰੀਕਾ ਦੇ ਬਣੇ ਚਿਨੂਕ ਹੈਲੀਕਾਪਟਰ ਜਿਨ੍ਹਾਂ ਨੂੰ ਕੁਝ ਸਮਾ ਪਹਿਲਾਂ ਹਵਾਈ ਫੌਜ ’ਚ ਸ਼ਾਮਲ ਕੀਤਾ ਗਿਆ ਸੀ, ਨੂੰ ਵੀ ਅਭਿਆਸ ’ਚ ਸ਼ਾਮਲ ਕੀਤਾ ਗਿਆ। ਇਸ ਅਭਿਆਸ ਤੋਂ ਬਾਅਦ ਜੰਮੂ-ਕਸ਼ਮੀਰ ਐਮਰਜੈਂਸੀ ਲੈਂਡਿੰਗ ਸਹੂਲਤ (ਈ. ਐੱਲ. ਐੱਫ.) ਵਾਲਾ ਪਹਿਲਾ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਿਆ ਹੈ। ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਉਹ 3 ਸੂਬੇ ਹਨ ਜਿੱਥੇ ਈ. ਐੱਲ. ਐੱਫ. ਦੀ ਸਹੂਲਤ ਉਪਲੱਬਧ ਹੈ।
ਅਧਿਕਾਰੀਆਂ ਮੁਤਾਬਕ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ 2 ਚਿਨੂਕ, ਇਕ ਰੂਸੀ ਐੱਮ. ਆਈ. -17 ਅਤੇ ਦੋ ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐੱਲ.ਐੱਚ.) ਹਾਈਵੇਅ ਦੀ ਵਾਨਪੋਹ-ਸੰਗਮ ਰੋਡ ’ਤੇ ਉਤਰੇ। ਇਹ ਹਾਈਵੇ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ।
ਅਭਿਆਸ ਤੜਕੇ 2.50 ਵਜੇ ਖਤਮ ਹੋਇਆ। ਇਸ ਦੌਰਾਨ ਹੈਲੀਕਾਪਟਰ ਹਾਈਵੇਅ ’ਤੇ ਉਤਰੇ ਅਤੇ ਜ਼ਮੀਨ ’ਤੇ ਮੌਜੂਦ ਜਵਾਨਾਂ ਨੂੰ ਚੁੱਕਣ ਦਾ ਅਭਿਆਸ ਕੀਤਾ। ਅਭਿਆਸ ਬਿਨਾਂ ਕਿਸੇ ਸਮੱਸਿਆ ਦੇ ਕੀਤਾ ਗਿਆ। ਐਮਰਜੈਂਸੀ ਹਾਲਾਤ ’ਚ ਜਹਾਜ਼ਾਂ ਨੂੰ ਉਤਾਰਨ ਲਈ 3.5 ਕਿਲੋਮੀਟਰ ਲੰਬੀ ਪੱਟੀ ’ਤੇ 2020 ’ਚ ਕੰਮ ਸ਼ੁਰੂ ਹੋਇਆ ਸੀ । ਇਹ ਪਿਛਲੇ ਸਾਲ ਪੂਰਾ ਹੋਇਆ ਸੀ। ਚਿਨੂਕ ਹੈਲੀਕਾਪਟਰ ਦੀ ਵੱਧ ਤੋਂ ਵੱਧ ਸਪੀਡ 310 ਕਿਲੋਮੀਟਰ ਪ੍ਰਤੀ ਘੰਟਾ ਹੈ।
ਇਹ ਵਧੇਰੇ ਭਾਰ ਚੁੱਕਣ ਲਈ ਵਰਤਿਆ ਜਾਂਦਾ ਹੈ। ਮੁੱਖ ਕੈਬਿਨ ’ਚ 33 ਜਵਾਨ ਆਰਾਮ ਨਾਲ ਬੈਠ ਸਕਦੇ ਹਨ। ਇਸ ਦੀ ਵਰਤੋਂ ਡਾਕਟਰੀ ਐਮਰਜੈਂਸੀ ਲਈ ਵੀ ਕੀਤੀ ਜਾ ਸਕਦੀ ਹੈ । ਇਸ ’ਚ 24 ਸਟ੍ਰੈਚਰ ਆ ਸਕਦੇ ਹਨ।
ਐੱਮ -17 ਹੈਲੀਕਾਪਟਰ ’ਚ 35 ਜਵਾਨਾਂ ਦੇ ਬੈਠਣ ਦੀ ਵਿਵਸਥਾ ਹੈ। ਏ.ਐੱਲ.ਐੱਚ. ਹਿੰਦੁਸਤਾਨ ਏਅਰੋਨਾਟਿਕਸ ਲਿਮਿਟੇਡ ਵਲੋਂ ਸਵਦੇਸ਼ੀ ਤੌਰ ’ਤੇ ਵਿਕਸਤ ਕੀਤਾ ਗਿਆ ਹੈ। ਇਸ ’ਚ 2 ਇੰਜਣ ਹਨ। ਇਸ ਦੀ ਵਰਤੋਂ ਲੋਕਾਂ ਨੂੰ ਕੱਢਣ ਲਈ ਕੀਤੀ ਜਾਂਦੀ ਹੈ। ਇਹ ਹੈਲੀਕਾਪਟਰ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ’ਚ ਤਾਇਨਾਤ ਕੀਤੇ ਜਾਂਦੇ ਹਨ।