ਭਾਜਪਾ ਨੂੰ ਘੇਰਨ ਲਈ ਚਲ ਰਿਹੈ ਸਪਾ-ਬਸਪਾ ਫਾਰਮੂਲੇ ''ਤੇ ਕੰਮ

08/18/2017 4:44:33 AM

ਜਲੰਧਰ (ਪਾਹਵਾ) - 2019 'ਚ ਦੇਸ਼ 'ਚ ਲੋਕ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਸਭ ਸਿਆਸੀ ਪਾਰਟੀਆਂ ਆਪਣੇ ਪੱਧਰ 'ਤੇ ਸਿਆਸੀ ਬਿਸਾਤ ਵਿਛਾਉਣ 'ਚ ਲੱਗੀਆਂ ਹੋਈਆਂ ਹਨ। ਸਭ ਤੋਂ ਵੱਡੀ ਮੁਸ਼ਕਲ ਵਿਰੋਧੀ ਧਿਰ ਨੂੰ ਇਸ ਸਮੇਂ ਇਹ ਆ ਰਹੀ ਹੈ ਕਿ ਉਸ ਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਦਾ ਮੁਕਾਬਲਾ ਕਰਨ ਲਈ ਕੁਝ ਵੀ ਨਹੀਂ ਮਿਲ ਰਿਹਾ। ਕੁਲ ਮਿਲਾ ਕੇ ਵਿਰੋਧੀ ਧਿਰ ਕੋਲ ਇਸ ਸਮੇਂ ਸਪਾ ਅਤੇ ਬਸਪਾ ਦਰਮਿਆਨ ਸਮਝੌਤਾ ਹੀ ਇਕੋ ਇਕ ਬਦਲ ਨਜ਼ਰ ਆ ਰਿਹਾ ਹੈ। ਕਾਰਨ ਇਹ ਹੈ ਕਿ ਵਿਰੋਧੀ ਧਿਰ ਦਾ ਇਕ ਹੋਰ ਬਦਲ ਨਿਤੀਸ਼ ਕੁਮਾਰ ਪਹਿਲਾਂ ਹੀ ਭਾਜਪਾ ਨਾਲ ਜਾ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ ਦੇ ਬਾਹਰ ਹੋਣ ਪਿਛੋਂ ਵਿਰੋਧੀ ਧਿਰ 'ਚ ਹੁਣ ਇਕ ਵਾਰ ਮੁੜ ਤੋਂ ਸਪਾ ਅਤੇ ਬਸਪਾ ਨੂੰ ਮਿਲਾਉਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ। ਸੋਚ ਇਹ ਹੈ ਕਿ ਜੇ ਕੱਟੜ ਵਿਰੋਧੀ ਰਹੇ ਨਿਤੀਸ਼ ਕੁਮਾਰ ਅਤੇ ਲਾਲੂ ਯਾਦਵ ਮਿਲ ਕੇ ਭਾਜਪਾ ਨੂੰ ਬਿਹਾਰ 'ਚ ਹਾਰ ਦੇ ਸਕਦੇ ਹਨ ਤਾਂ ਮਾਇਆਵਤੀ ਅਤੇ ਮੁਲਾਇਮ ਸਿੰਘ ਯਾਦਵ ਵੀ ਮਿਲ ਕੇ ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਹਰਾ ਸਕਦੇ ਹਨ।
ਵਿਰੋਧੀ ਧਿਰ ਕੋਲ ਬਦਲ : ਸਪਾ-ਬਸਪਾ ਗੱਠਜੋੜ
ਵਿਰੋਧੀ ਧਿਰ ਕੋਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੈਦਾਨ 'ਚ ਉਤਰਨ ਲਈ ਵੱਡੀ ਤਾਕਤ ਚਾਹੀਦੀ ਹੈ ਜੋ ਉਸ ਕੋਲ ਫਿਲਹਾਲ ਨਹੀਂ ਹੈ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਮੁਕਾਬਲਾ ਕਰਨ ਲਈ ਬਸਪਾ-ਸਪਾ ਦਾ ਗੱਠਜੋੜ ਕਰਵਾਉਣ ਲਈ ਕਈ ਵੱਡੇ ਨੇਤਾ ਲੱਗੇ ਹੋਏ ਹਨ।
ਅੰਕੜਿਆਂ 'ਤੇ ਗੌਰ ਕੀਤਾ ਜਾਵੇ ਤਾਂ 2014 'ਚ ਉੱਤਰ ਪ੍ਰਦੇਸ਼ 'ਚ ਭਾਜਪਾ ਅਤੇ ਉਸ ਦੀ ਸਹਿਯੋਗੀ ਪਾਰਟੀ 'ਅਪਨਾ ਦਲ' ਨੂੰ ਕੁਲ ਮਿਲਾ ਕੇ 80 'ਚੋਂ 73 ਲੋਕ ਸਭਾ ਦੀਆਂ ਸੀਟਾਂ ਹਾਸਿਲ ਹੋਈਆਂ ਸਨ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਵੀ ਭਾਜਪਾ ਨੂੰ ਭਾਰੀ ਬਹੁਮਤ ਮਿਲ ਗਿਆ ਪਰ ਹੁਣ ਵੀ ਸਿਆਸੀ ਜਾਣਕਾਰ ਇਹ ਮਨ ਰਹੇ ਹਨ ਕਿ ਜੇ ਸਪਾ ਅਤੇ ਬਸਪਾ ਇਕ ਹੋ ਗਏ ਤਾਂ ਭਾਜਪਾ ਲਈ 2014 ਵਾਲਾ ਪ੍ਰਦਰਸ਼ਨ ਦੁਹਰਾਉਣਾ ਬਹੁਤ ਔਖਾ ਹੋ ਜਾਵੇਗਾ।
ਵਿਰੋਧੀ ਧਿਰ ਚਾਹੁੰਦੀ ਹੈ ਲਾਲੂ-ਨਿਤੀਸ਼ ਫਾਰਮੂਲਾ ਚੱਲੇ
ਵਿਰੋਧੀ ਧਿਰ ਦੀ ਕੋਸ਼ਿਸ਼ ਹੈ ਕਿ ਭਾਜਪਾ ਨੂੰ ਝਟਕਾ ਦੇਣ ਲਈ ਲਾਲੂ ਤੇ ਨਿਤੀਸ਼ ਵਾਂਗ ਕੱਟੜ ਵਿਰੋਧੀ ਮਾਇਆਵਤੀ-ਮੁਲਾਇਮ ਮਿਲ ਜਾਣ। ਇੰਝ ਹੋਣ 'ਤੇ ਭਾਜਪਾ ਲਈ ਮੁੜ ਤੋਂ 73 ਸੀਟਾਂ ਜਿੱਤਣੀਆਂ ਔਖੀਆਂ ਹੋ ਜਾਣਗੀਆਂ। ਸਿੱਧਾ ਜਿਹਾ ਹਿਸਾਬ ਹੈ ਜੇ ਭਾਜਪਾ ਨੂੰ ਸਪਾ-ਬਸਪਾ ਮਿਲ ਕੇ 73 ਦੇ ਅੰਕੜੇ ਤੋਂ ਦੂਰ ਕਰ ਦਿੰਦੇ ਹਨ ਤਾਂ ਫਿਰ ਕੇਂਦਰ 'ਚ ਸੱਤਾ ਮੁੜ ਤੋਂ ਹਾਸਿਲ ਕਰਨੀ ਭਾਜਪਾ ਲਈ ਇੰਨੀ ਸੌਖੀ ਨਹੀਂ ਰਹਿ ਜਾਵੇਗੀ ਜਿੰਨੀ 2014 'ਚ ਸੀ। ਇਸ ਹਾਲਤ 'ਚ ਸੰਭਵ ਹੈ ਕਿ ਭਾਜਪਾ ਨੂੰ ਪੂਰਨ ਬਹੁਮਤ ਵੀ ਨਾ ਮਿਲੇ ਅਤੇ ਉਸ ਨੂੰ ਸਹਿਯੋਗੀ ਪਾਰਟੀਆਂ 'ਤੇ ਨਿਰਭਰ ਹੋਣਾ ਪਏ।
ਫਿਰ ਵੀ ਬਹੁਤ ਸਾਰੀਆਂ ਹਨ ਮੁਸ਼ਕਲਾਂ
ਉਂਝ ਸਪਾ, ਬਸਪਾ ਅਤੇ ਕਾਂਗਰਸ ਸਮੇਤ ਕੁਝ ਹੋਰਨਾਂ ਛੋਟੀਆਂ ਸਿਆਸੀ ਪਾਰਟੀਆਂ ਦੇ ਗੱਠਜੋੜ ਦੀ ਉੱਤਰ ਪ੍ਰਦੇਸ਼ 'ਚ ਕੋਸ਼ਿਸ਼ ਚਲ ਰਹੀ ਹੈ ਪਰ ਇਹ ਸਭ ਇੰਨਾ ਸੌਖਾ ਵੀ ਨਹੀਂ ਹੈ। ਸਭ ਤੋਂ ਔਖਾ ਕੰਮ ਹੈ ਸਪਾ ਅਤੇ ਬਸਪਾ ਨੂੰ ਨਾਲ ਲੈ ਕੇ ਚੱਲਣਾ। ਦਿਲਚਸਪ ਗੱਲ ਇਹ ਹੈ ਕਿ ਗੈਸਟ ਹਾਊਸ ਕਾਂਡ ਦੇ ਸਮੇਂ ਸਪਾ ਦੇ ਵਰਕਰਾਂ ਨੇ ਮਾਇਆਵਤੀ 'ਤੇ ਹਮਲਾ ਕੀਤਾ ਸੀ ਜਿਸ ਨੂੰ ਮਾਇਆਵਤੀ ਭੁੱਲ ਨਹੀਂ ਸਕੀ। ਜਦੋਂ ਵੀ ਨੇੜਤਾ ਵੱਧਦੀ ਹੈ, ਗੈਸਟ ਹਾਊਸ ਕਾਂਡ ਦਾ ਜਿੰਨ ਮਾਇਆਵਤੀ ਦੇ ਸਾਹਮਣੇ ਆ ਕੇ ਖੜ੍ਹਾ ਹੋ ਜਾਂਦਾ ਹੈ।
ਭਾਜਪਾ ਦੀ ਕਿਲਾਬੰਦੀ
ਉੱਤਰ ਪ੍ਰਦੇਸ਼ 'ਚ ਮਾਇਆਵਤੀ 'ਤੇ ਕਈ ਤਰ੍ਹਾਂ ਦੇ ਦੋਸ਼ ਹਨ ਅਤੇ ਕੁਝ ਮਾਮਲੇ ਵੀ ਚਲ ਰਹੇ ਹਨ। ਬਸਪਾ ਨੂੰ ਲੱਗਦਾ ਹੈ ਕਿ ਜੇ ਮਾਇਆਵਤੀ ਸਪਾ ਨਾਲ ਗਈ ਤਾਂ ਕੇਂਦਰ  ਦੀ ਮੋਦੀ ਸਰਕਾਰ ਉਸ ਦੇ ਮਾਮਲਿਆਂ ਨੂੰ ਮੁੜ ਤੋਂ ਖੋਲ੍ਹ ਕੇ ਭਾਰੀ ਨੁਕਸਾਨ ਕਰ ਸਕਦੀ ਹੈ। ਭਾਜਪਾ ਦੀ ਇਸ ਕਿਲੇਬੰਦੀ ਦਾ ਤੋੜ ਵਿਰੋਧੀ ਧਿਰ ਨੂੰ ਨਹੀਂ ਮਿਲ ਰਿਹਾ। ਇੰਝ ਸਪਸ਼ਟ ਹੈ ਕਿ ਬਸਪਾ-ਸਪਾ ਜੋੜੀ ਬਣੀ ਤਾਂ ਕਈ ਆਗੂਆਂ ਨੂੰ ਉਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ।
ਓਧਰ ਅਖਿਲੇਸ਼ ਦੇ ਨੇੜੇ ਸਮਝੇ ਜਾਣ ਵਾਲੇ ਉਸ ਦੇ ਚਾਚਾ ਰਾਮ ਗੋਪਾਲ ਯਾਦਵ ਦੇ ਸੰਸਦੀ ਜੀਵਨ ਦੇ 25 ਸਾਲ ਪੂਰੇ ਹੋਣ 'ਤੇ ਆਯੋਜਿਤ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਣਾ ਸਪਸ਼ਟ ਇਸ਼ਾਰਾ ਕਰਦਾ ਹੈ ਕਿ ਯਾਦਵ ਪਰਿਵਾਰ ਦੇ ਕੁਝ ਵਿਅਕਤੀ ਭਾਜਪਾ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹਨ। ਇਹ ਇਕ ਇਸ਼ਾਰਾ ਬਸਪਾ-ਸਪਾ ਗੱਠਜੋੜ ਦੀਆਂ ਧੱਜੀਆਂ ਉਡਾ ਸਕਦਾ ਹੈ ਪਰ ਇਸ ਦੀ ਸੰਭਾਵਨਾ ਬਹੁਤ ਘੱਟ ਹੈ।


Related News