''ਪਿਰਮਲ ਦੀ ਪੱਗ'' ਦੀ ਇੱਜ਼ਤ ਅਕਾਲੀ ਸਰਕਾਰ ਵੇਲੇ ਕਿਉਂ ਨਹੀਂ ਸੀ!

06/24/2017 1:51:59 AM

ਬਠਿੰਡਾ (ਬਲਵਿੰਦਰ) - ਵਿਧਾਨ ਸਭਾ ਦੇ ਬਾਹਰ 'ਆਪ' ਦੇ ਵਿਧਾਇਕ ਪਿਰਮਲ ਸਿੰਘ ਦੀ ਪੱਗ ਉੱਤਰੀ ਤਾਂ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਬੜੀ ਸ਼ਰਮ ਵਾਲੀ ਕਾਰਵਾਈ ਕਰਾਰ ਦਿੱਤਾ ਪਰ ਬਾਦਲ ਸਰਕਾਰ ਸਮੇਂ ਸ਼ਾਇਦ ਹੀ ਅਜਿਹਾ ਕੋਈ ਸ਼ਹਿਰ ਹੋਵੇ, ਜਿਥੇ ਧੂਹ-ਘੜੀਸ ਕਰਕੇ ਪਿਰਮਲ ਸਿੰਘ ਦੀ ਪੱਗ ਨਾ ਉਤਾਰੀ ਗਈ ਹੋਵੇ। ਕੀ 'ਪਿਰਮਲ ਦੀ ਪੱਗ' ਦੀ ਇੱਜ਼ਤ ਅਕਾਲੀ ਸਰਕਾਰ ਵੇਲੇ ਨਹੀਂ ਸੀ ?, ਦਾ ਜਵਾਬ ਦੇਣ ਦੀ ਬਜਾਏ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਸਮੇਂ ਪਿਰਮਲ ਸਿੰਘ ਦੀ ਪੱਗ ਢਾਹੁਣਾ ਬਹੁਤ ਮੰਦਭਾਗਾ ਹੈ। ਸ. ਬਾਦਲ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ. ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਹਾਲ ਇੰਨਾ ਜ਼ਿਆਦਾ ਮੰਦਾ ਹੈ ਕਿ ਮੁੱਖ ਮੰਤਰੀ ਵਿੱਤ ਮੰਤਰੀ ਨਾਲ ਖੁੰਦਕ ਕੱਢਣ ਲਈ ਸੂਬੇ ਦੇ ਬਜਟ ਸਮੇਂ ਵੀ  ਹਾਜ਼ਰ ਨਹੀਂ ਹੋਏ। ਸਿਰਫ 100 ਦਿਨਾਂ 'ਚ ਹੀ ਕਾਂਗਰਸ ਦੀ ਅਸਲੀਅਤ ਸਾਹਮਣੇ ਆ ਗਈ ਹੈ ਤੇ ਸਰਕਾਰ ਲੋਕਾਂ ਦਾ ਵਿਸ਼ਵਾਸ ਗੁਆ ਬੈਠੀ ਹੈ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਹਰੇਕ ਪਾਰਟੀ ਲਈ ਗੰਭੀਰ ਵਿਸ਼ਾ ਹੁੰਦਾ ਹੈ, ਜਿਹੜੀ ਪਾਰਟੀ ਆਪਣੇ ਮੈਨੀਫੈਸਟੋ 'ਤੇ ਵੀ ਖਰੀ ਨਾ ਉੱਤਰ ਸਕੇ, ਨੂੰ ਵਜੂਦ 'ਚ ਬਣੇ ਰਹਿਣ ਦਾ ਹੀ ਅਧਿਕਾਰ ਨਹੀਂ ਹੁੰਦਾ।
ਇਸੇ ਤਰ੍ਹਾਂ ਕਾਂਗਰਸ ਹੋਰ ਮੁੱਦਿਆਂ ਵਾਂਗ ਕਿਸਾਨਾਂ ਦੀ ਕਰਜ਼ਾ ਮੁਆਫੀ ਤੋਂ ਵੀ ਭੱਜ ਗਈ ਹੈ। ਕਿਸਾਨੀ ਕਰਜ਼ੇ 90 ਹਜ਼ਾਰ ਕਰੋੜ ਬਦਲੇ ਸਿਰਫ 1500 ਕਰੋੜ ਦੀ ਕਰਜ਼ਾ ਮਾਫੀ ਦਾ ਐਲਾਨ ਬੜੀ ਸ਼ਰਮ ਦੀ ਗੱਲ ਹੈ, ਜਦਕਿ ਇਸ ਦੇ ਪੂਰਾ ਹੋਣ ਦੀ ਉਮੀਦ ਨਹੀਂ ਹੈ। ਕਾਂਗਰਸ ਨੇ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ, ਜੋ ਕਿ ਜਗ ਜ਼ਾਹਰ ਹੈ ਤੇ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ।
ਸ. ਬਾਦਲ ਨੇ ਕਿਹਾ ਕਿ ਮੀਡੀਆ 'ਆਪ' ਦੀ ਮਦਦ ਕਰ ਰਿਹਾ ਹੈ ਪਰ ਇਹ ਗੱਲ ਠੀਕ ਨਹੀਂ ਹੈ। ਮੀਡੀਆ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ, ਕਿਉਂਕਿ ਮੀਡੀਆ ਲਈ ਸਾਰੀਆਂ ਪਾਰਟੀਆਂ ਤੇ ਲੀਡਰ ਬਰਾਬਰ ਹੀ ਹੁੰਦੇ ਹਨ। ਜੋ ਹੈ, ਸਿਰਫ ਉਹੀ ਸਾਹਮਣੇ ਲਿਆਂਦਾ ਜਾਵੇ, ਕਿਸੇ ਪਾਸੇ ਵੀ ਉਲਾਰ ਹੋਣਾ ਠੀਕ ਨਹੀਂ ਹੈ।
ਸ. ਬਾਦਲ ਇਥੇ ਸੀਨੀਅਰ ਪੱਤਰਕਾਰ ਹੁਕਮ ਚੰਦ ਸ਼ਰਮਾ ਦੇ ਸਦੀਵੀ ਵਿਛੋੜੇ ਉਪਰੰਤ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ। ਉਨ੍ਹਾਂ ਸ਼੍ਰੀ ਸ਼ਰਮਾ ਦੇ ਸਪੁੱਤਰ ਹਰਵਿੰਦਰ ਸ਼ਰਮਾ ਅਕਾਲੀ ਕੌਂਸਲਰ ਨਾਲ ਦੁੱਖ ਪ੍ਰਗਟਾਉਂਦਿਆਂ ਭਰੋਸਾ ਦਿਵਾਇਆ ਕਿ ਅਕਾਲੀ ਦਲ ਹਮੇਸ਼ਾ ਹੀ ਪਰਿਵਾਰ ਨਾਲ ਖੜ੍ਹਾ ਹੈ।
ਅਕਾਲੀਆਂ ਨੂੰ ਖੁਦ ਸ਼ਰਮ ਕਿਉਂ ਨਹੀਂ ਆਈ-ਪਿਰਮਲ ਸਿੰਘ
ਆਪ ਦੇ ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹੁਣ ਉਸ ਦੀ ਪੱਗ ਢਾਹੁਣਾ ਸ਼ਰਮ ਵਾਲੀ ਕਾਰਵਾਈ ਨਜ਼ਰ ਆ ਰਹੀ ਹੈ ਪਰ ਉਨ੍ਹਾਂ ਦੀ ਆਪਣੀ ਸਰਕਾਰ ਸਮੇਂ ਪਿਰਮਲ ਸਿੰਘ ਸਣੇ ਅਨੇਕਾਂ ਸਿੰਘਾਂ ਦੀਆਂ ਪੱਗਾਂ ਉੱਤਰੀਆਂ ਉਦੋਂ ਸ਼ਰਮ ਕਿਉਂ ਨਹੀਂ ਆਈ। ਉਨ੍ਹਾਂ ਕਿਹਾ ਕਿ '' ਬਾਦਲ ਸਾਹਿਬ, ਇਹ ਖੁਲਾਸਾ ਵੀ ਜ਼ਰੂਰ ਕਰੋ ਕਿ ਤੁਹਾਡੇ ਰਾਜ 'ਚ ਪਿਰਮਲ ਦੀ ਪੱਗ ਦੀ ਇੱਜ਼ਤ ਕਿਉਂ ਨਹੀਂ ਸੀ, ਹੁਣ ਕਿਉਂ ਇਸ ਦੀ ਇੱਜ਼ਤ ਹੋ ਰਹੀ ਹੈ, ਕਿਉਂਕਿ ਇਕ ਸਿੰਘ ਦੀ ਪੱਗ ਦੀ ਇੱਜ਼ਤ ਹਮੇਸ਼ਾ ਹੀ ਸੀ ਤੇ ਹਮੇਸ਼ਾ ਰਹੇਗੀ।''


Related News