ਲੋਕ ਸਭਾ ਚੋਣਾਂ: ਇਨ੍ਹਾਂ ਕਾਰਨਾਂ ਕਰਕੇ ਸਿਰੇ ਨਹੀਂ ਚੜ੍ਹੀ ਅਕਾਲੀ-ਭਾਜਪਾ ਗੱਠਜੋੜ ਦੀ ਗੱਲ

Wednesday, Mar 27, 2024 - 08:58 AM (IST)

ਲੋਕ ਸਭਾ ਚੋਣਾਂ: ਇਨ੍ਹਾਂ ਕਾਰਨਾਂ ਕਰਕੇ ਸਿਰੇ ਨਹੀਂ ਚੜ੍ਹੀ ਅਕਾਲੀ-ਭਾਜਪਾ ਗੱਠਜੋੜ ਦੀ ਗੱਲ

ਜਲੰਧਰ (ਧਵਨ)- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਜਨਤਕ ਤੌਰ ’ਤੇ ਪੰਜਾਬ ’ਚ ਇਕੱਲਿਆਂ ਚੋਣਾਂ ਲੜਨ ਦੇ ਐਲਾਨ ਨਾਲ ਸਿਆਸਤ ਭਖ ਗਈ ਹੈ ਅਤੇ ਅਜਿਹਾ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਵੱਲੋਂ ਪੰਥਕ ਮੁੱਦਿਆਂ ’ਤੇ ਭਾਜਪਾ ਦੇ ਅੱਗੇ ਸ਼ਰਤਾਂ ਰੱਖਣ ਨੂੰ ਭਾਜਪਾ ਲੀਡਰਸ਼ਿਪ ਨੇ ਪਸੰਦ ਨਹੀਂ ਕੀਤਾ ਸੀ।

ਭਾਜਪਾ ਦੇ ਕੇਂਦਰੀ ਆਗੂਆਂ ਦਾ ਮੰਨਣਾ ਹੈ ਕਿ ਅਕਾਲੀ ਦਲ ਦੀਆਂ ਕੁਝ ਗੱਲਾਂ ਨੂੰ ਭਾਜਪਾ ਨੇ ਪਸੰਦ ਨਹੀਂ ਕੀਤਾ ਸੀ। ਇਨ੍ਹਾਂ ’ਚ ਜਿੱਥੇ ਅਕਾਲੀ ਦਲ ਵੱਲੋਂ ਭਾਜਪਾ ਉਪਰ ਪੰਥਕ ਮੁੱਦਿਆਂ ਨੂੰ ਲੈ ਕੇ ਦਬਾਅ ਬਣਾਉਣ ਦੀ ਗੱਲ ਸੀ ਜਾਂ ਫਿਰ ਸੀਟਾਂ ਦੇ ਤਾਲਮੇਲ ਨੂੰ ਲੈ ਕੇ ਅੜਿੱਕਾ ਪੈਦਾ ਹੋ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਭਾਜਪਾ ਵੱਲੋਂ ਇਕੱਲਿਆਂ ਚੋਣ ਲੜਣ ਦੇ ਐਲਾਨ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ

ਅਕਾਲੀ ਦਲ ਪੰਜਾਬ ’ਚ ਅਜੇ ਵੀ ਆਪਣੇ-ਆਪ ਨੂੰ ਵੱਡੇ ਭਰਾ ਦੀ ਭੂਮਿਕਾ ’ਚ ਪੇਸ਼ ਕਰਨਾ ਚਾਹੁੰਦਾ ਸੀ ਅਤੇ ਖੁਦ ਵੱਧ ਸੀਟਾਂ ਲੜਨ ਦੇ ਪੱਖ ’ਚ ਸੀ। ਉਹ ਭਾਜਪਾ ਨੂੰ 4 ਜਾਂ 5 ਤੋਂ ਵੱਧ ਸੀਟਾਂ ਦੇਣ ਲਈ ਤਿਆਰ ਨਹੀਂ ਸੀ। ਇਸ ਦੇ ਉਲਟ ਭਾਜਪਾ ਪਹਿਲਾਂ ਪੰਜਾਬ ਤੇ ਚੰਡੀਗੜ੍ਹ ਦੀਆਂ 14 ਸੀਟਾਂ ’ਚੋਂ 7-7 ਸੀਟਾਂ ’ਤੇ ਚੋਣ ਲੜਨ ਦੇ ਪੱਖ ’ਚ ਸੀ, ਜਦਕਿ ਅਕਾਲੀ ਦਲ ਇਸ ਲਈ ਬਿਲਕੁਲ ਤਿਆਰ ਨਹੀਂ ਸੀ।

ਇਸ ਤੋਂ ਬਾਅਦ ਭਾਜਪਾ ਨੇ ਆਪਣਾ ਰੁਖ਼ ਥੋੜਾ ਜਿਹਾ ਨਰਮ ਕਰਦੇ ਹੋਏ ਅਕਾਲੀ ਦਲ ਨੂੰ ਸੰਦੇਸ਼ ਭਿਜਵਾਇਆ ਸੀ ਕਿ ਅਕਾਲੀ ਦਲ ਸੂਬੇ ਦੀਆਂ 13 ਸੀਟਾਂ ’ਚੋਂ 7 ’ਤੇ ਚੋਣ ਲੜ ਲਵੇ ਅਤੇ ਭਾਜਪਾ ਲਈ 6 ਸੀਟਾਂ ਛੱਡ ਦਿੱਤੀਆਂ ਜਾਣ।

ਇਨ੍ਹਾਂ ’ਚ ਭਾਜਪਾ ਨੇ ਆਪਣੀਆਂ ਰਵਾਇਤੀ 3 ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਪਟਿਆਲਾ ਅਤੇ ਲੁਧਿਆਣਾ ਮੰਗੀਆਂ ਸੀ। ਅਕਾਲੀ ਦਲ ਇਸ ਲਈ ਤਿਆਰ ਵੀ ਨਹੀਂ ਹੋਇਆ। ਜਦੋਂ ਅਕਾਲੀ ਦਲ ਕਿਸੇ ਵੀ ਗੱਲ ’ਤੇ ਤਿਆਰ ਨਹੀਂ ਹੋ ਰਿਹਾ ਸੀ ਤਾਂ ਅਖੀਰ ਭਾਜਪਾ ਨੇ ਖੁਦ ਆਪਣੇ ਦਮ ’ਤੇ ਚੋਣ ਲੜਨ ਦਾ ਫੈਸਲਾ ਕੀਤਾ। ਭਾਜਪਾ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਗੱਠਜੋੜ ਨਾ ਹੋਣ ਦੀ ਸਥਿਤੀ ’ਚ ਉਸ ਨੂੰ ਘੱਟ ਨੁਕਸਾਨ ਹੈ।

ਇਹ ਖ਼ਬਰ ਵੀ ਪੜ੍ਹੋ - ਭਾਜਪਾ ਵੱਲੋਂ ਪੰਜਾਬ ਵਿਚ ਇਕੱਲਿਆਂ ਚੋਣ ਲੜਣ ਦੇ ਐਲਾਨ ਮਗਰੋਂ ਪ੍ਰੋ. ਚੰਦੂਮਾਜਰਾ ਦਾ ਵੱਡਾ ਬਿਆਨ

ਸਭ ਤੋਂ ਵੱਧ ਨੁਕਸਾਨ ਤਾਂ ਅਕਾਲੀ ਦਲ ਨੂੰ ਹੀ ਸਹਿਣਾ ਪਵੇਗਾ ਕਿਉਂਕਿ ਅਕਾਲੀ ਦਲ ਹਮੇਸ਼ਾ ਸ਼ਹਿਰਾਂ ਤੇ ਛੋਟੇ ਸ਼ਹਿਰਾਂ ’ਚ ਭਾਜਪਾ ਦੀ ਵੋਟ ਬੈਂਕ ਕਾਰਨ ਜਿੱਤ ਹਾਸਲ ਕਰਦਾ ਆਇਆ ਹੈ। ਜੇ ਉਸ ਨੂੰ ਭਾਜਪਾ ਦੀਆਂ ਵੋਟਾਂ ਨਹੀਂ ਮਿਲਦੀਆਂ ਤਾਂ ਸੂਬੇ ’ਚ ਉਸ ਲਈ ਇਕ ਸੀਟ ’ਤੇ ਵੀ ਆਪਣੀ ਜਿੱਤ ਯਕੀਨੀ ਬਣਾਉਣੀ ਔਖੀ ਹੋ ਜਾਵੇਗੀ।

‘ਆਪ’ ਅਤੇ ਕਾਂਗਰਸ ਦੀਆਂ ਵੀ ਟਿਕੀਆਂ ਸੀ ਨਜ਼ਰਾਂ

ਪੰਜਾਬ ’ਚ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਚੋਣਾਂ ਲਈ ਗੱਠਜੋੜ ਹੋਵੇਗਾ ਜਾਂ ਨਹੀਂ ਇਸ ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਦੋਵਾਂ ਪਾਰਟੀਆਂ ਦਾ ਮੰਨਣਾ ਸੀ ਕਿ ਜੇ ਗੱਠਜੋੜ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਰਣਨੀਤੀ ’ਤੇ ਮੁੜ ਵਿਚਾਰ ਕਰਨਾ ਪੈਂਦਾ। ਗੱਠਜੋੜ ਨਾ ਹੋਣ ਦੀ ਸਥਿਤੀ ’ਚ ਆਮ ਆਦਮੀ ਪਾਰਟੀ ਦੇ ਕਈ ਉਮੀਦਵਾਰ ਖੁਸ਼ ਹਨ ਅਤੇ ਨਾਲ ਹੀ ਦੂਜੇ ਪਾਸੇ ਕਾਂਗਰਸ ਦੇ ਕੁਝ ਉਮੀਦਵਾਰਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ। ਹੁਣ ਗੱਠਜੋੜ ਨਾ ਹੋਣ ਕਾਰਨ ਪੰਜਾਬ ’ਚ ਵਧੇਰੇ ਸੀਟਾਂ ’ਤੇ ਚਾਰ ਕੋਣੀ ਮੁਕਾਬਲੇ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News