ਮੋਬਾਇਲ ਖੋਹਣ ਵਾਲੇ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ

12/12/2017 7:48:57 AM

ਬਟਾਲਾ, (ਮਠਾਰੂ)– ਸੜਕ ਦੇ ਕਿਨਾਰੇ ਜਾ ਰਹੇ ਇਕ ਵਿਅਕਤੀ ਕੋਲੋਂ  ਮੋਬਾਇਲ ਖੋਹਣ ਵਾਲੇ ਨੌਜਵਾਨ ਨੂੰ ਉਸ ਵੇਲੇ ਭਾਰੀ ਖਮਿਆਜ਼ਾ ਭੁਗਤਣਾ ਪਿਆ ਜਦ ਥੋੜ੍ਹੀ ਦੂਰ ਦੌੜਣ ਤੋਂ ਬਾਅਦ ਲੋਕਾਂ ਨੇ ਮੌਕੇ 'ਤੇ ਹੀ ਦਬੋਚ ਕੇ ਜਿਥੇ ਛਿੱਤਰ-ਪਰੇਡ ਕੀਤੀ, ਉਥੇ ਨਾਲ ਹੀ ਖੋਹਿਆ ਮੋਬਾਇਲ ਵੀ ਪ੍ਰਾਪਤ ਕਰ ਲਿਆ।  ਜਾਣਕਾਰੀ ਅਨੁਸਾਰ ਜੀ. ਟੀ. ਰੋਡ ਅੰਮ੍ਰਿਤਸਰ ਵਾਲੀ ਸਾਈਡ 'ਤੇ ਇਕ ਪ੍ਰਵਾਸੀ ਮਜ਼ਦੂਰ ਮੋਬਾਇਲ ਫੋਨ ਸੁਣਦਾ ਜਾ ਰਿਹਾ ਸੀ, ਇਸੇ ਦੌਰਾਨ ਪਿਛੋਂ ਆਏ ਇਕ ਨੌਜਵਾਨ ਨੇ ਝੱਪਟ ਮਾਰ ਕੇ ਮੋਬਾਇਲ ਖੋਹ ਲਿਆ ਤੇ ਤੇਜ਼ੀ ਨਾਲ ਦੌੜ ਗਿਆ। ਜਦ ਪ੍ਰਵਾਸੀ ਮਜ਼ਦੂਰ ਵੱਲੋਂ ਮੋਬਾਇਲ ਖੋਹਣ ਦਾ ਰੌਲਾ ਪਾਇਆ ਗਿਆ, ਤਾਂ ਮੌਕੇ 'ਤੇ ਹਾਜ਼ਰ ਲੋਕ ਨੌਜਵਾਨ ਦੇ ਪਿੱਛੇ ਦੌੜ ਪਏ। ਇਸੇ ਦੌਰਾਨ ਮੋਬਾਇਲ ਖੋਹਣ ਵਾਲਾ ਨੌਜਵਾਨ ਆਪਣੀ ਜਾਨ ਬਚਾਉਣ ਲਈ ਖਾਲਸਾ ਕਾਲੋਨੀ 'ਚ ਵੜ ਗਿਆ, ਜਿਥੇ ਗਲੀ ਬੰਦ ਹੋਣ ਕਾਰਨ ਜਦ ਉਹ ਵਾਪਿਸ ਮੁੜਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਦਬੋਚ ਲਿਆ ਤੇ ਭੀੜ ਨੇ ਨੌਜਵਾਨ ਦੀ ਛਿੱਤਰ-ਪਰੇਡ ਕੀਤੀ। ਪੁੱਛੇ ਜਾਣ 'ਤੇ ਉਸ ਨੇ ਆਪਣਾ ਨਾਂ ਤੇ ਪਤਾ ਨਜ਼ਦੀਕੀ ਇਕ ਪਿੰਡ ਦਾ ਦੱਸਿਆ ਤੇ ਕਿਹਾ ਕਿ ਉਹ ਕਿਸੇ ਵਰਕਸ਼ਾਪ 'ਚ ਕੰਮ ਕਰਦਾ ਹੈ ਪਰ ਉਸ ਨੇ ਪਹਿਲਾਂ ਕਦੇ ਵੀ ਕੋਈ ਚੋਰੀ ਜਾਂ ਲੁੱਟ-ਖੋਹ ਨਹੀਂ ਕੀਤੀ। ਇਸ ਲਈ ਭਵਿੱਖ 'ਚ ਅਜਿਹੀ ਕੋਈ ਵੀ ਗਲਤੀ ਨਾ ਕਰਨ ਦੀ ਸੂਰਤ 'ਚ ਲੋਕਾਂ ਕੋਲੋਂ ਮੁਆਫ਼ੀ ਮੰਗ ਕੇ ਤੇ ਮੋਬਾਇਲ ਵਾਪਿਸ ਕਰਕੇ ਉਸ ਨੇ ਆਪਣੀ ਜਾਨ ਛੁਡਾਈ।  


Related News