ਅਕਾਲੀ ਦਲ ਨੇ ਦੂਜੀ ਵਾਰ ਲਾਈ ਭਾਜਪਾ ਨੂੰ ਠਿੱਬੀ

12/12/2017 4:30:39 AM

ਗੜ੍ਹਦੀਵਾਲਾ, (ਜਤਿੰਦਰ)- ਇਕ ਪਾਸੇ ਜਿਥੇ ਅਕਾਲੀ-ਭਾਜਪਾ ਲੀਡਰਸ਼ਿਪ ਵੱਲੋਂ ਕੁਝ ਦਿਨਾਂ ਬਾਅਦ ਹੋਣ ਵਾਲੀਆਂ ਪੰਜਾਬ ਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਵਿਚ ਗੱਠਜੋੜ ਦੀ ਮਜ਼ਬੂਤੀ ਦੇ ਬਲਬੂਤੇ 'ਤੇ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਅੱਜ ਨਗਰ ਕੌਂਸਲ ਗੜ੍ਹਦੀਵਾਲਾ ਦੇ ਮੀਤ ਪ੍ਰਧਾਨ ਦੀ ਚੋਣ ਦੌੜ ਵਿਚ ਅਕਾਲੀ ਦਲ ਨੇ ਭਾਜਪਾ ਨੂੰ ਠਿੱਬੀ ਲਾਉਂਦਿਆਂ ਕਾਂਗਰਸ, 'ਆਪ' ਸਮਰਥਿਤ ਅਤੇ ਆਜ਼ਾਦ ਕੌਂਸਲਰਾਂ ਦੇ ਸਹਿਯੋਗ ਨਾਲ ਉਸ ਨੂੰ ਲਗਾਤਾਰ ਦੂਜੀ ਵਾਰ ਉਕਤ ਅਹੁਦੇ ਤੋਂ ਵਾਂਝਾ ਕਰ ਦਿੱਤਾ।
ਨਗਰ ਕੌਂਸਲ ਗੜ੍ਹਦੀਵਾਲਾ ਦੇ ਮੀਤ ਪ੍ਰਧਾਨ ਦੀ ਚੋਣ ਲਈ ਅੱਜ ਮੀਟਿੰਗ ਰੱਖੀ ਗਈ ਸੀ, ਜਿਸ ਦੀ ਪ੍ਰਧਾਨਗੀ ਐੱਸ. ਡੀ. ਐੱਮ. ਦਸੂਹਾ ਹਿਮਾਂਸ਼ੂ ਅਗਰਵਾਲ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਇਕ-ਦੂਜੇ ਦਾ ਸਾਥ ਦੇਣ ਦੀ ਬਜਾਏ ਅਕਾਲੀ-ਭਾਜਪਾ ਕੌਂਸਲਰ ਆਹਮੋ-ਸਾਹਮਣੇ ਹੋ ਗਏ। ਭਾਜਪਾ ਕੌਂਸਲਰ ਸ਼ਿਵ ਕੁਮਾਰ ਨੇ ਵਾਰਡ ਨੰਬਰ-4 ਤੋਂ ਭਾਜਪਾ ਮਹਿਲਾ ਕੌਂਸਲਰ ਅਨੂ ਬਾਲਾ ਦਾ ਨਾਂ ਮੀਤ ਪ੍ਰਧਾਨ ਦੇ ਅਹੁਦੇ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਅਕਾਲੀ ਦਲ ਦੀ ਵਾਰਡ ਨੰਬਰ-1 ਤੋਂ ਕੌਂਸਲਰ ਅਤੇ ਨਗਰ ਕੌਂਸਲ ਪ੍ਰਧਾਨ ਬੀਬੀ ਇੰਦਰਜੀਤ ਕੌਰ ਬੁੱਟਰ ਵੱਲੋਂ ਕੀਤੀ ਗਈ। ਦੂਜੇ ਪਾਸੇ ਵਾਰਡ ਨੰਬਰ-3 ਤੋਂ ਆਜ਼ਾਦ ਕੌਂਸਲਰ ਜਥੇਦਾਰ ਗੁਰਦੀਪ ਸਿੰਘ ਨੇ ਅਕਾਲੀ ਦਲ ਦੀ ਵਾਰਡ ਨੰਬਰ-10 ਤੋਂ ਕੌਂਸਲਰ ਕਮਲੇਸ਼ ਰਾਣੀ ਦਾ ਨਾਂ ਮੀਤ ਪ੍ਰਧਾਨ ਦੇ ਅਹੁਦੇ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਅਕਾਲੀ ਦਲ ਦੇ ਕੌਂਸਲਰ ਮਨਜੀਤ ਸਿੰਘ ਰੌਬੀ ਵੱਲੋਂ ਕੀਤੀ ਗਈ। ਇਸ ਦੌਰਾਨ ਮੀਟਿੰਗ 'ਚ ਹਾਜ਼ਰ ਕੁਲ 10 ਕੌਂਸਲਰਾਂ ਵਿਚੋਂ 4 ਨੇ ਭਾਜਪਾ ਕੌਂਸਲਰ ਅਨੂ ਬਾਲਾ ਦੇ ਹੱਕ ਵਿਚ ਅਤੇ 6 ਕੌਂਸਲਰਾਂ ਨੇ ਅਕਾਲੀ ਦਲ ਦੀ ਕਮਲੇਸ਼ ਰਾਣੀ ਦੇ ਹੱਕ ਵਿਚ ਹੱਥ ਖੜ੍ਹੇ ਕੀਤੇ, ਜਿਸ ਤੋਂ ਬਾਅਦ ਅਕਾਲੀ ਦਲ ਦੀ ਕਮਲੇਸ਼ ਰਾਣੀ ਨਗਰ ਕੌਂਸਲ ਗੜ੍ਹਦੀਵਾਲਾ ਦੀ ਨਵੀਂ ਮੀਤ ਪ੍ਰਧਾਨ ਚੁਣੀ ਗਈ। 
ਕਿਸ ਨੇ ਕਿਸ ਦਾ ਦਿੱਤਾ ਸਾਥ : ਕਮਲੇਸ਼ ਰਾਣੀ ਦੇ ਹੱਕ ਵਿਚ ਉਸ ਤੋਂ ਇਲਾਵਾ ਮਨਜੀਤ ਸਿੰਘ ਰੌਬੀ, ਚੌਧਰੀ ਪਰਮਜੀਤ ਕੌਰ, ਨਰਿੰਦਰ ਕੌਰ ਬੈਂਸ, ਜਥੇਦਾਰ ਗੁਰਦੀਪ ਸਿੰਘ ਤੇ ਅਸ਼ੋਕ ਕੁਮਾਰ ਸਨ, ਜਦਕਿ ਅਨੂ ਬਾਲਾ ਦੇ ਹੱਕ ਵਿਚ ਉਸ ਸਮੇਤ ਭਾਜਪਾ ਕੌਂਸਲਰ ਸ਼ਿਵ ਦਿਆਲ, ਨਗਰ ਕੌਂਸਲ ਪ੍ਰਧਾਨ ਅਤੇ ਅਕਾਲੀ ਕੌਂਸਲਰ ਇੰਦਰਜੀਤ ਕੌਰ ਤੇ ਭਾਜਪਾ ਕੌਂਸਲਰ ਰਾਜੂ ਗੁਪਤਾ ਸਨ। ਮੀਟਿੰਗ ਦੌਰਾਨ ਵਾਰਡ ਨੰਬਰ-6 ਤੋਂ ਆਜ਼ਾਦ ਕੌਂਸਲਰ ਮਾਸਟਰ ਰਛਪਾਲ ਸਿੰਘ ਗੈਰ-ਹਾਜ਼ਰ ਰਹੇ। ਮੀਟਿੰਗ 'ਚ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਰਣਧੀਰ ਸਿੰਘ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।
ਅਕਾਲੀ ਦਲ ਵੰਡਿਆ ਗਿਆ 2 ਧੜਿਆਂ 'ਚ :  ਇਸ ਚੋਣ ਵਿਚ ਦਿਲਚਸਪ ਗੱਲ ਇਹ ਰਹੀ ਕਿ ਅਕਾਲੀ ਦਲ ਦੀ ਕੌਂਸਲਰ ਅਤੇ ਨਗਰ ਕੌਂਸਲ ਪ੍ਰਧਾਨ ਬੀਬੀ ਇੰਦਰਜੀਤ ਕੌਰ ਬੁੱਟਰ ਨੇ ਜਿਥੇ ਮੀਤ ਪ੍ਰਧਾਨਗੀ ਲਈ ਭਾਜਪਾ ਕੌਂਸਲਰ ਅਨੂ ਬਾਲਾ ਦੇ ਨਾਂ ਦੀ ਤਾਈਦ ਕੀਤੀ, ਉਥੇ ਹੀ ਦੂਜੇ ਪਾਸੇ ਬਾਕੀ ਅਕਾਲੀ ਕੌਂਸਲਰ ਕਮਲੇਸ਼ ਰਾਣੀ ਦੇ ਹੱਕ ਵਿਚ ਰਹੇ।
ਪਿਛਲੀ ਵਾਰ ਅਕਾਲੀ ਦਲ ਦੇ ਰੌਬੀ ਸਿਰ ਸਜਿਆ ਸੀ ਇਹ ਤਾਜ : ਇਸ ਤੋਂ ਪਹਿਲਾਂ ਜਦੋਂ ਪਿਛਲੇ ਸਾਲ ਨਗਰ ਕੌਂਸਲ ਗੜ੍ਹਦੀਵਾਲਾ ਦੇ ਮੀਤ ਪ੍ਰਧਾਨ ਦੀ ਚੋਣ ਹੋਈ ਸੀ ਤਾਂ ਉਸ ਸਮੇਂ ਵੀ ਭਾਜਪਾ ਨੂੰ ਅੰਗੂਠਾ ਦਿਖਾਉਂਦੇ ਹੋਏ ਅਕਾਲੀ ਦਲ ਦੇ ਮਨਜੀਤ ਸਿੰਘ ਰੌਬੀ ਮੀਤ ਪ੍ਰਧਾਨ ਬਣ ਗਏ ਸਨ।
ਅਕਾਲੀ ਦਲ ਨੇ ਆਪਣਿਆਂ ਨੂੰ ਛੱਡ ਬੇਗਾਨਿਆਂ ਦਾ ਲੜ ਫੜਿਆ : 11 ਮੈਂਬਰਾਂ ਦੇ ਹਾਊਸ ਵਿਚ ਅਕਾਲੀ ਦਲ ਦੇ 5, ਭਾਜਪਾ ਦੇ 3, ਆਜ਼ਾਦ 2 ਅਤੇ 1 ਕਾਂਗਰਸ ਪਾਰਟੀ ਦਾ ਕੌਂਸਲਰ ਸੀ, ਜਿਸ ਵਿਚੋਂ ਅਕਾਲੀ ਦਲ ਦੀ ਟਿਕਟ 'ਤੇ ਜੇਤੂ ਰਹੀ ਸਾਬਕਾ ਪ੍ਰਧਾਨ ਅਤੇ ਵਾਰਡ ਨੰਬਰ-7 ਤੋਂ ਕੌਂਸਲਰ ਚੌਧਰੀ ਪਰਮਜੀਤ ਕੌਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਸਮਰਥਕ ਬਣ ਗਏ ਸਨ ਅਤੇ ਉਨ੍ਹਾਂ ਮੀਤ ਪ੍ਰਧਾਨਗੀ ਦੀ ਚੋਣ ਵਿਚ ਅਕਾਲੀ ਦਲ ਦੀ ਕਮਲੇਸ਼ ਰਾਣੀ ਦਾ ਸਾਥ ਦਿੱਤਾ। 
ਇਸ ਤਰ੍ਹਾਂ ਅਕਾਲੀ ਦਲ ਨੇ ਭਾਜਪਾ ਦੇ 3 ਕੌਂਸਲਰਾਂ ਨੂੰ ਛੱਡ ਕੇ ਆਪਣੇ 3 ਅਕਾਲੀ ਕੌਂਸਲਰਾਂ, 1 'ਆਪ' ਸਮਰਥਿਤ ਕੌਂਸਲਰ, 1 ਕਾਂਗਰਸੀ ਕੌਂਸਲਰ ਅਤੇ 1 ਆਜ਼ਾਦ ਕੌਂਸਲਰ ਦੇ ਸਮਰਥਨ ਨਾਲ ਮੀਤ ਪ੍ਰਧਾਨਗੀ ਦਾ ਅਹੁਦਾ ਹਥਿਆਇਆ। ਇਹ ਗੱਲ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


Related News