ਸ਼੍ਰੋਮਣੀ ਅਕਾਲੀ ਦਲ ਨੇ ਬਦਲੀ ਰਣਨੀਤੀ, 2027 ਦੀਆਂ ਚੋਣਾਂ ''ਤੇ ਟਿਕੀਆਂ ਨਜ਼ਰਾਂ
Wednesday, Mar 27, 2024 - 03:15 PM (IST)
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਜਾਬ ਵਿਚ ਆਗਾਮੀ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੇ ਐਲਾਨ ਨਾਲ ਹੀ ਅਕਾਲੀ ਲੀਡਰਸ਼ਿਪ ਆਪਣੀ ਚੋਣ ਰਣਨੀਤੀ ਨੂੰ ਮੁੜ ਤੋਂ ਬਦਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਹਾਲ ਹੀ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ 'ਸਿਆਸਤ ਤੋਂ ਉੱਪਰ ਸਿਧਾਂਤ' ਦੀ ਗੱਲ ਕਹਿ ਕੇ ਇਕੱਲਿਆ ਚੋਣਾਂ ਲੜਣ ਦਾ ਸੰਕੇਤ ਦਿੱਤਾ ਸੀ। ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ।
ਸਿੱਖ ਸਿਆਸੀ ਵਿਸ਼ਲੇਸ਼ਕ ਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦਾ ਵੋਟ ਸ਼ੇਅਰ 34% ਸੀ, ਜੋ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਘਟ ਕੇ 20% ਦੇ ਕਰੀਬ ਰਹਿ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਟਕਸਾਲੀ ਆਗੂਆਂ ਜਿਵੇਂ ਕਿ ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਟਿੱਕਾ ਨੇ ਜਾਂ ਤਾਂ ਆਪ ਹੀ ਪਾਰਟੀ ਛੱਡ ਦਿੱਤੀ ਜਾਂ ਉਨ੍ਹਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਇਸ ਨਾਲ ਪਾਰਟੀ ਦੀ ਸਾਖ ਨੂੰ ਕਾਫ਼ੀ ਢਾਹ ਲੱਗੀ।
ਇਹ ਖ਼ਬਰ ਵੀ ਪੜ੍ਹੋ - 'ਅਸੀਂ ਤਾਂ ਆਪ ਲੱਭ ਰਹੇ ਸੀ ਬਿੱਟੂ ਤੋਂ ਖਹਿੜਾ ਛੁਡਵਾਉਣ ਦਾ ਰਾਹ'; ਪ੍ਰਤਾਪ ਸਿੰਘ ਬਾਜਵਾ ਨੇ ਕੱਸਿਆ ਤੰਜ
ਅਕਾਲੀ ਲੀਡਰਸ਼ਿਪ ਨੂੰ ਬੇਅਦਬੀ ਮਾਮਲੇ ਵਿਚ ਨਿਆਂ ਪ੍ਰਾਪਤ ਕਰਨ ਵਿਚ ਆਪਣੀ ਅਸਫਲਤਾ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਦਸਤਖਤੀ ਮੁਹਿੰਮ ਸਮੇਤ ਵੱਖ-ਵੱਖ ਅੰਦੋਲਨਾਂ ਸ਼ੁਰੂ ਕਰਨ ਦੇ ਬਾਵਜੂਦ, ਪਾਰਟੀ 'ਬੰਧੀ ਸਿੰਘਾਂ' ਦੇ ਮੁੱਦੇ ਨੂੰ ਹੱਲ ਕਰਨ ਵਿੱਚ ਅਸਮਰੱਥ ਰਹੀ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਬਦਲਵਾਉਣ ਵਿਚ ਵੀ ਪਾਰਟੀ ਕਾਮਯਾਬ ਨਹੀਂ ਹੋ ਸਕੀ। ਰਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਪੰਜਾਬ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਕਿਸਾਨਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਭਾਜਪਾ 'ਤੇ ਆਪਣਾ ਪ੍ਰਭਾਵ ਪਾਉਣ ਵਿਚ ਅਸਮਰੱਥਾ ਲਈ ਵੀ ਪਾਰਟੀ ਦੀ ਆਲੋਚਨਾ ਹੋਈ ਹੈ।
ਤਰਨਤਾਰਨ ਦੇ ਇਕ ਸੀਨੀਅਰ ਜ਼ਿਲ੍ਹਾ ਅਕਾਲੀ ਆਗੂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ, "ਸਾਨੂੰ ਸ਼ੁਰੂ ਵਿਚ ਪਾਰਟੀ ਵੱਲੋਂ ਆਜ਼ਾਦ ਤੌਰ 'ਤੇ ਚੋਣ ਲੜਨ ਦੇ ਫੈਸਲੇ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਸਿੱਟੇ ਵਜੋਂ, ਅਸੀਂ ਭਾਜਪਾ ਨਾਲ ਗਠਜੋੜ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਚੋਣ ਰਣਨੀਤੀ ਬਣਾਈ ਹੈ। ਹਾਲਾਂਕਿ, ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ, ਸਾਨੂੰ ਆਪਣੀ ਰਣਨੀਤੀ ਨੂੰ ਮੁੜ ਬਦਲਣ ਦੇ ਸੰਕੇਤ ਮਿਲੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਜ਼ਾਦ ਤੌਰ 'ਤੇ ਚੋਣ ਲੜਨ ਦਾ ਐਲਾਨ ਦੇ ਨਾਲ, ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ 'ਤੇ ਵਿਸ਼ੇਸ਼ ਤਵੱਜੋਂ ਦੇ ਰਹੇ ਹਾਂ।"
ਇਹ ਖ਼ਬਰ ਵੀ ਪੜ੍ਹੋ - ਭਾਜਪਾ ਵੱਲੋਂ ਇਕੱਲਿਆਂ ਚੋਣ ਲੜਣ ਦੇ ਐਲਾਨ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ
ਸਿੱਖ ਵਿਦਵਾਨ ਪੀ ਅਜਨਾਲਾ ਦੇ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਨਾ ਕਰਨ ਦਾ ਫੈਸਲਾ ਲੰਬੇ ਸਮੇਂ ਵਿਚ, ਖਾਸ ਕਰਕੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਸੁਤੰਤਰ ਪਛਾਣ ਅਤੇ ਸੰਭਾਵਨਾਵਾਂ ਲਈ ਲਾਹੇਵੰਦ ਹੋ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਕੀਤਾ ਹੁੰਦਾ, ਤਾਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਇਸ ਦਾ ਨੁਕਸਾਨ ਹੋ ਸਕਦਾ ਸੀ। ਅਜਨਾਲਾ ਨੇ ਕਿਹਾ ਕਿ ਇਹ ਕਦਮ 2027 ਦੀਆਂ ਰਾਜ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਪਹੁੰਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਕੀਤਾ ਹੁੰਦਾ ਤਾਂ ਭਾਜਪਾ ਨੂੰ ਸ਼ਹਿਰੀ ਲੋਕ ਸਭਾ ਹਲਕਿਆਂ ਵਿੱਚ ‘ਰਾਮ ਮੰਦਰ’ ਦੀ ਭਾਵਨਾ ਦੇ ਨਾਲ-ਨਾਲ ਅਕਾਲੀਆਂ ਦੇ ਗੱਠਜੋੜ ਦੇ ਪ੍ਰਭਾਵ ਨੂੰ ਆਪਣੇ ਗਠਜੋੜ ਵਿਚ ਸ਼ਾਮਲ ਕਰਕੇ ਕਾਫੀ ਫਾਇਦਾ ਹੁੰਦਾ। ਹਾਲਾਂਕਿ, ਆਜ਼ਾਦ ਤੌਰ 'ਤੇ ਚੋਣ ਲੜਨ ਦੀ ਚੋਣ ਕਰਕੇ, ਚੋਣ ਨਤੀਜੇ ਜੋ ਵੀ ਹੋਣ, ਇਹ ਪੂਰੀ ਤਰ੍ਹਾਂ ਅਕਾਲੀ ਪਾਰਟੀ ਦੀ ਕਾਰਗੁਜ਼ਾਰੀ 'ਤੇ ਪ੍ਰਤੀਬਿੰਬਤ ਕਰੇਗਾ ਅਤੇ ਪੰਜਾਬ ਵਿਚ ਆਪਣੀ ਸਥਿਤੀ ਦਾ ਪ੍ਰਦਰਸ਼ਨ ਕਰੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8