ਮੋਹਾਲੀ 'ਚ 'ਮੱਕੀ ਦੀ ਰੋਟੀ ਤੇ ਸਰ੍ਹੋੋਂ ਦੇ ਸਾਗ' ਨੂੰ ਤਰਸੇਗੀ ਟੀਮ ਇੰਡੀਆ, ਜਾਣੋ ਕੀ ਹੈ ਕਾਰਨ

12/12/2017 2:43:06 PM

ਮੋਹਾਲੀ : ਸ਼੍ਰੀਲੰਕਾ ਖਿਲਾਫ ਵਨਡੇਅ ਮੈਚ ਖੇਡਣ ਲਈ ਮੋਹਾਲੀ ਪੁੱਜੀ ਟੀਮ ਇੰਡੀਆ ਇਸ ਵਾਰ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਸੁਆਦ ਨਹੀਂ ਚਖ ਸਕੇਗੀ। ਅਕਸਰ ਜਦੋਂ ਵੀ ਮੋਹਾਲੀ 'ਚ ਮੈਚ ਸ਼ੁਰੂ ਹੁੰਦਾ ਹੈ ਤਾਂ ਖਿਡਾਰੀਆਂ ਦੀ ਪਹਿਲੀ ਪਸੰਦ ਸਰ੍ਹੋੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਹੁੰਦੀ ਹੈ। ਇਸ ਤੋਂ ਇਲਾਵਾ ਕਈ ਖਿਡਾਰੀਆਂ ਨੂੰ ਪੰਜਾਬੀ ਨਾਨਵੈੱਜ ਵੀ ਕਾਫੀ ਪਸੰਦ ਹੈ ਪਰ ਇਸ ਵਾਰ ਖਿਡਾਰੀ ਪੰਜਾਬੀ ਖਾਣੇ ਦਾ ਮਜ਼ਾ ਨਹੀਂ ਲੈ ਸਕਣਗੇ। ਇਸ ਦਾ ਕਾਰਨ ਹੈ ਬੀ. ਸੀ. ਸੀ. ਆਈ. ਦੀਆਂ ਗਾਈਡਲਾਈਨਜ਼। ਸਾਰੇ ਖਿਡਾਰੀ ਹੋਟਲ ਲਲਿਤ 'ਚ ਰੁਕੇ ਹੋਏ ਹਨ ਅਤੇ ਹੋਟਲ ਇਨ੍ਹਾਂ ਗਾਈਡਲਾਈਨਜ਼ ਦੇ ਮੁਤਾਬਕ ਹੀ ਖਿਡਾਰੀਆਂ ਨੂੰ ਖਾਣਾ ਪਰੋਸੇਗਾ। ਖਿਡਾਰੀਆਂ ਲਈ ਬ੍ਰੇਕਫਾਸਟ, ਲੰਚ ਅਤੇ ਡਿਨਰ ਤਿਆਰ ਕਰਨ ਦੀ ਜ਼ਿੰਮੇਵਾਰੀ ਹੋਟਲ ਦੀ ਚੀਫ ਸ਼ੈੱਫ ਨੰਦਿਤਾ ਕਰਣ ਨੂੰ ਸੌਂਪੀ ਗਈ ਹੈ। ਪੀ. ਸੀ. ਏ. ਸਟੇਡੀਅਮ 'ਚ ਵੀ ਖਿਡਾਰੀਆਂ ਲਈ ਹੋਟਲ ਲਲਿਤ ਤੋਂ ਹੀ ਖਾਣਾ ਭੇਜਿਆ ਜਾਵੇਗਾ। ਮੰਗਲਵਾਰ ਨੂੰ ਪ੍ਰੈਕਟਿਸ ਦੌਰਾਨ ਬ੍ਰੇਕਫਾਸਟ ਅਤੇ ਲੰਚ ਹੋਟਲ ਹੀ ਤਿਆਰ ਕਰੇਗਾ। ਸ਼੍ਰੀਲੰਕਾ ਦੀ ਟੀਮ ਨੇ ਵੀ ਹੋਟਲ ਲਲਿਤ 'ਚ ਹੀ ਰੁਕਣਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਏਅਰਕ੍ਰਾਫਟ ਗੱਗਲ ਤੋਂ ਉਡਾਣ ਨਹੀਂ ਭਰ ਸਕਿਆ, ਜਿਸ ਕਾਰਨ ਟੀਮ ਚੰਡੀਗੜ੍ਹ ਨਹੀਂ ਪੁੱਜ ਸਕੀ।


Related News