T20 WC ਲਈ ਟੀਮ ਇੰਡੀਆ ਦੀ ਚੋਣ ਅਪ੍ਰੈਲ ਦੇ ਆਖਰੀ ਹਫਤੇ ’ਚ ਹੋਣ ਦੀ ਸੰਭਾਵਨਾ
Saturday, Mar 30, 2024 - 06:24 PM (IST)
ਨਵੀਂ ਦਿੱਲੀ, (ਭਾਸ਼ਾ)–ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਣ ਵਾਲੇ ਆਗਾਮੀ ਟੀ-20 ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਦੇ ਅਪ੍ਰੈਲ ਦੇ ਆਖਰੀ ਹਫਤੇ ’ਚ ਚੁਣੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੀਮ ਸੌਂਪਣ ਦੀ ਆਖਰੀ ਮਿਤੀ 1 ਮਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੂਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਪਰ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀ ਹਰੇਕ ਟੀਮ ਨੂੰ 25 ਮਈ ਤਕ ਆਪਣੀ ਸ਼ੁਰੂਆਤੀ ਟੀਮ ਵਿਚ ਖਿਡਾਰੀਆਂ ਨੂੰ ਬਦਲਣ ਦਾ ਮੌਕਾ ਮਿਲੇਗਾ।
ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ,‘‘ਭਾਰਤੀ ਟੀਮ ਦੀ ਚੋਣ ਅਪ੍ਰੈਲ ਦੇ ਆਖਰੀ ਹਫਤੇ ਦੌਰਾਨ ਕੀਤੀ ਜਾਵੇਗੀ ਤੇ ਇਸ ਸਮੇਂ ਤਕ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦਾ ਪਹਿਲਾ ਹਿੱਸਾ ਖਤਮ ਹੋ ਜਾਵੇਗਾ, ਜਿਸ ਨਾਲ ਰਾਸ਼ਟਰੀ ਚੋਣ ਕਮੇਟੀ ਦਾਅਵੇਦਾਰਾਂ ਦੀ ਫਾਰਮ ਤੇ ਫਿਟਨੈੱਸ ਦਾ ਮੁਲਾਂਕਣ ਕਰਨ ਦੀ ਸਥਿਤੀ ਵਿਚ ਹੋਵੇਗੀ।’’ ਸੂਤਰ ਨੇ ਕਿਹਾ,‘‘ਕ੍ਰਿਕਟਰਾਂ ਦਾ ਪਹਿਲਾ ਗਰੁੱਪ 19 ਮਈ ਨੂੰ ਆਈ. ਪੀ.ਐੱਲ. ਦਾ ਲੀਗ ਗੇੜ ਖਤਮ ਹੋਣ ਦੇ ਤੁਰੰਤ ਬਾਅਦ ਨਿਊਯਾਰਕ ਲਈ ਰਵਾਨਾ ਹੋਵੇਗਾ। ਜਿਹੜੇ ਖਿਡਾਰੀਆਂ ਦੀ ਟੀਮ ਆਖਰੀ-4 ਲਈ ਕੁਆਲੀਫਾਈ ਨਹੀਂ ਕਰਦੀ, ਉਹ ਵੀ ਜਲਦੀ ਜਾਣਗੇ ਜਿਵੇਂ ਕਿ ਪਿਛਲੇ ਸਾਲ ਡਬਲਯੂ. ਟੀ. ਸੀ. ਫਾਈਨਲਸ ਦੌਰਾਨ ਹੋਇਆ ਸੀ।
ਟੀ-20 ਵਿਸ਼ਵ ਕੱਪ ਟੂਰਨਾਮੈਂਟ ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋ ਰਿਹਾ ਹੈ ਤੇ ਉਮੀਦ ਹੈ ਕਿ ਕੁਝ ‘ਸਟੈਂਡ ਬਾਈ’ ਖਿਡਾਰੀ ਵੀ ਟੀਮ ਦੇ ਨਾਲ ਸਫਰ ਕਰਨਗੇ ਤਾਂ ਕਿ ਮੁੱਖ ਟੀਮ ਦੇ ਕਿਸੇ ਵੀ ਖਿਡਾਰੀ ਦੇ ਜ਼ਖ਼ਮੀ ਹੋਣ ਦੀ ਸਥਿਤੀ ਵਿਚ ਜਾਂ ਫਿਰ ਕਿਸੇ ਵੀ ਹੰਗਾਮੀ ਸਥਿਤੀ ’ਚ ਹਟਣ ਦੇ ਕਾਰਨ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ। ਚਾਰੇ ਰਾਸ਼ਟਰੀ ਚੋਣਕਾਰ ਜ਼ਿਆਦਾਤਰ ਮੈਚ ਦੇਖਣ ਲਈ ਸਫਰ ਕਰਨਗੇ। ਪਤਾ ਲੱਗਾ ਹੈ ਕਿ ਵਿਸ਼ਵ ਕੱਪ ਲਈ ਕਿਸੇ ਵੀ ਦਾਅਵੇਦਾਰ ਨੂੰ ਕਾਰਜਭਾਰ ਪ੍ਰਬੰਧਨ ਦੇ ਬਾਰੇ ਵਿਚ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਹੈ ਕਿਉਂਕਿ ਇਨ੍ਹਾਂ ਦੋ ਮਹੀਨਿਆਂ ’ਚ ਉਹ ਫ੍ਰੈਂਚਾਈਜ਼ੀ ਦੇ ਅਧੀਨ ਖੇਡਣਗੇ।