ਮਹਿੰਮਦੋਵਾਲ ਕਲਾਂ ਵਿਖੇ ਬਾਬਾ ਟੈਹਕੂ ਦੇ ਦਰਬਾਰ ''ਚ ਚੋਰੀ

12/13/2017 2:33:53 AM

ਮਾਹਿਲਪੁਰ, (ਮੁੱਗੋਵਾਲ)- ਮਾਹਿਲਪੁਰ-ਮੈਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਮਹਿੰਮਦੋਵਾਲ ਕਲਾਂ ਵਿਖੇ ਧਾਰਮਿਕ ਅਸਥਾਨ ਬਾਬਾ ਟੈਹਕੂ ਦੇ ਦਰਬਾਰ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਬਚਨ ਦਾਸ, ਭੁਪਿੰਦਰ ਸਿੰਘ, ਸਰਬਜੀਤ ਸਿੰਘ, ਗੁਰਦੀਪ ਚੰਦ ਆਦਿ ਮੈਂਬਰਾਂ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਅਸਥਾਨ ਦਾ ਸ਼ਰਧਾਲੂ ਰੇਸ਼ਮ ਪਾਲ ਜਦੋਂ ਸਵੇਰੇ ਮੱਥਾ ਟੇਕਣ ਅਤੇ ਧੂਪ-ਬੱਤੀ ਕਰਨ ਵਾਸਤੇ ਗਿਆ ਤਾਂ ਉਸ ਨੇ ਦੇਖਿਆ ਕਿ ਦਰਬਾਰ ਦੇ ਮੇਨ ਗੇਟ ਅਤੇ ਗੋਲਕ ਦੇ ਜਿੰਦਰੇ ਟੁੱਟੇ ਹੋਏ ਸਨ। ਇਸ ਸਬੰਧੀ ਉਸ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ, ਜਿਨ੍ਹਾਂ ਪੁਲਸ ਚੌਕੀ ਜੇਜੋਂ ਨੂੰ ਸੂਚਿਤ ਕੀਤਾ। ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। 
ਕਮੇਟੀ ਮੈਂਬਰਾਂ ਦੇ ਦੱਸਣ ਅਨੁਸਾਰ ਮੇਨ ਗੇਟ 'ਤੇ ਕੈਮਰਾ ਵੀ ਲਾਇਆ ਹੋਇਆ ਸੀ, ਜਿਸ ਦੀ ਜਾਂਚ-ਪੜਤਾਲ ਤੋਂ ਇਹ ਘਟਨਾ ਰਾਤ 12.30 ਵਜੇ ਵਾਪਰਨ ਸਬੰਧੀ ਪਤਾ ਲੱਗਾ ਹੈ। ਕੈਮਰੇ ਵਿਚ ਇਕ ਵਿਅਕਤੀ ਦੀ ਧੁੰਦਲੀ ਤਸਵੀਰ ਵੀ ਦਿਖਾਈ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਗੋਲਕ ਵਿਚੋਂ ਕਰੀਬ 5 ਹਜ਼ਾਰ ਰੁਪਏ ਦਾ ਚੜ੍ਹਾਵਾ ਚੋਰੀ ਹੋ ਜਾਣ ਦਾ ਅਨੁਮਾਨ ਹੈ। ਪਤਾ ਲੱਗਾ ਹੈ ਕਿ ਇਸੇ ਰਾਤ ਅਣਪਛਾਤੇ ਚੋਰਾਂ ਨੇ ਲਾਗਲੇ ਪਿੰਡ ਮਹਿੰਮਦੋਵਾਲ ਖੁਰਦ ਵਿਖੇ ਵੀ ਖਵਾਜਾ ਪੀਰ ਦੀ ਜਗ੍ਹਾ 'ਤੇ ਗੋਲਕ ਦੀ ਭੰਨ-ਤੋੜ ਕੀਤੀ।


Related News