ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਵਧੀ, ਜਲਦ ਖੁੱਲ੍ਹਣਗੀਆਂ 3 ਹੋਰ ਸਰਾਂਵਾਂ

Monday, Apr 01, 2024 - 02:51 PM (IST)

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੀ ਵੱਧ ਰਹੀ ਆਮਦ ਦੇ ਮੱਦੇਨਜ਼ਰ ਜਲਦ ਹੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਤਿੰਨ ਹੋਰ ਸਰਾਵਾਂ ਖੋਲ੍ਹਣ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਮੁਤਾਬਕ ਰੋਜ਼ਾਨਾ 1 ਲੱਖ ਸ਼ਰਧਾਲੂ ਇਸ ਅਸਥਾਨ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਸ਼ਨੀਵਾਰ-ਐਤਵਾਰ ਤੇ ਹੋਰ ਛੁੱਟੀ ਵਾਲੇ ਦਿਨ ਇਹ ਗਿਣਤੀ 1.75 ਲੱਖ ਤੱਕ ਪਹੁੰਚ ਜਾਂਦੀ ਹੈ। ਸ਼ਰਧਾਲੂਆਂ ਲਈ ਉੱਥੇ ਰਹਿਣਾ ਇਕ ਵੱਡੀ ਸਮੱਸਿਆ ਬਣ ਰਿਹਾ ਹੈ। ਹਾਲ ਹੀ ਵਿਚ ਹੋਏ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਮੈਂਬਰਾਂ ਵੱਲੋਂ ਇਹ ਸਮੱਸਿਆ ਚੁੱਕੀ ਗਈ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲ ਸਕਦੇ ਨੇ ਸਿਆਸੀ ਸਮੀਕਰਨ, 'ਆਪ'-ਕਾਂਗਰਸ ਤੇ ਅਕਾਲੀ-ਭਾਜਪਾ ਵਿਚਾਲੇ ਹੋ ਸਕਦੈ ਗੱਠਜੋੜ!

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੰਗਤਾਂ ਦੀ ਗਿਣਤੀ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤਿੰਨ ਨਵੀਆਂ ਸਰਾਵਾਂ-ਭਗਤ ਨਾਮਦੇਵ ਜੀ ਨਿਵਾਸ, ਬਾਬਾ ਬਸੰਤ ਸਿੰਘ ਨਿਵਾਸ ਅਤੇ ਭਾਈ ਜੈਤਾ ਜੀ ਨਿਵਾਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 

ਕੇਸਰੀ ਬਾਗ ਨੇੜੇ ਬਣ ਰਹੇ ਭਗਤ ਨਾਮਦੇਵ ਨਿਵਾਸ ਵਿਚ 110 ਕਮਰੇ ਹੋਣਗੇ। ਪਰਾਗ ਦਾਸ ਚੌਕ ਨੇੜੇ ਬਣ ਰਹੇ ਬਾਬਾ ਬਸੰਤ ਸਿੰਘ ਨਿਵਾਸ ਵਿਚ 90 ਅਤੇ ਭਾਈ ਜੈਤਾ ਜੀ ਨਿਵਾਸ ਵਿਚ 80 ਕਮਰੇ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਾਵਾਂ ਦਾ ਨਿਰਮਾਣ ਇਸੇ ਸਾਲ ਪੂਰਾ ਹੋ ਜਾਵੇਗਾ। ਇਸ ਦੇ ਲਈ ਬਜਟ ਵਿਚ 19 ਕਰੋੜ ਰੁਪਏ ਅਲਾਟ ਕੀਤੇ ਗਏ ਹਨ। 

ਇਕ ਹੋਰ ਵੱਡੀ ਸਰਾਂ ਬਣਾਉਣ ਦੀ ਵੀ ਯੋਜਨਾ

SGPC ਦੇ ਮੁੱਖ ਸਕੱਤਰ ਨੇ ਦੱਸਿਆ ਕਿ ਇਕ ਹੋਰ ਵੱਡੀ ਸਰਾਂ ਬਣਾਉਣ ਦੀ ਵੀ ਯੋਜਨਾ ਬਣਾਈ ਗਈ ਹੈ। ਇਸ ਉੱਤੇ ਵੀ ਕੰਮ ਜਲਦੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਰਾਂ ਅਕਾਲੀ ਮਾਰਕੀਟ ਵਿਖੇ ਬਣਾਈ ਜਾਵੇਗੀ। ਇਸ ਸਰਾਂ ਵਿਚ 1700 ਕਮਰੇ ਬਣਾਏ ਜਾਣਗੇ। ਇੱਥੇ ਦੱਸ ਦਈਏ ਕਿ ਸ਼ਹਿਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸੰਸਥਾਵਾਂ ਦੀਆਂ ਸਰਾਂਵਾਂ ਵੀ ਹਨ, ਪਰ ਉਹ ਸ੍ਰੀ ਦਰਬਾਰ ਸਾਹਿਬ ਤੋਂ ਥੋੜ੍ਹੀ ਦੂਰੀ 'ਤੇ ਹਨ ਤੇ ਸੰਗਤ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਰਹਿਣ ਨੂੰ ਹੀ ਤਰਜੀਹ ਦਿੰਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਸ਼੍ਰੋਮਣੀ ਅਕਾਲੀ ਦਲ ਭਲਕੇ ਐਲਾਨ ਸਕਦੈ ਉਮੀਦਵਾਰ! ਸੁਖਬੀਰ ਬਾਦਲ ਨੇ ਮੰਗੀਆਂ ਰਿਪੋਰਟਾਂ

ਇਸ ਵੇਲੇ ਇਨ੍ਹਾਂ ਸਰਾਵਾਂ ਵਿਚ ਹੈ ਰੁਕਣ ਦਾ ਪ੍ਰਬੰਧ

ਇਸ ਵੇਲੇ ਸ੍ਰੀ ਦਰਬਾਰ ਸਾਹਿਬ ਨੇੜੇ ਸ੍ਰੀ ਗੁਰੂ ਰਾਮਦਾਸ ਨਿਵਾਸ, ਸ੍ਰੀ ਗੁਰੂ ਅਰਜਨ ਦੇਵ ਨਿਵਾਸ, ਸ੍ਰੀ ਗੁਰੂ ਹਰਗੋਬਿੰਦ ਨਿਵਾਸ, ਮਾਤਾ ਗੰਗਾ ਨਿਵਾਸ, ਸ੍ਰੀ ਗੁਰੂ ਗੋਬਿੰਦ ਸਿੰਘ NRI ਨਿਵਾਸ, ਸਾਰਾਗੜ੍ਹੀ ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਤੇ ਮਾਤਾ ਭਾਗ ਕੌਰ ਯਾਤਰੀ ਨਿਵਾਸ ਵਿਚ ਸੰਗਤ ਦੇ ਰੁਕਣ ਦਾ ਪ੍ਰਬੰਧ ਹੈ। ਇਨ੍ਹਾਂ ਸਰਾਵਾਂ ਵਿਚ ਕੁੱਲ੍ਹ ਮਿਲਾ ਕੇ 788 ਕਮਰੇ ਅਤੇ 25 ਹਾਲ ਹਨ। ਇਨ੍ਹਾਂ ਸਰਾਵਾਂ ਦਾ ਕਿਰਾਇਆ 200 ਤੋਂ 1 ਹਜ਼ਾਰ ਰੁਪਏ ਪ੍ਰਤੀ ਦਿਨ ਦੇ ਵਿਚ ਹੈ। ਉੱਥੇ ਹੀ ਆਲੇ-ਦੁਆਲੇ ਹੋਟਲ ਅਤੇ ਗੈਸਟ ਹਾਊਸ ਵੀ ਹਨ, ਜਿੱਥੇ ਕਿਰਾਇਆ 1500 ਰੁਪਏ ਪ੍ਰਤੀ ਦਿਨ ਤੋਂ ਸ਼ੁਰੂ ਹੁੰਦਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News