ਸਰਕਾਰਾਂ ਦਾ ਕੰਮ ਕਰ ਰਹੀਆਂ ਹਨ ਸਮਾਜ-ਸੇਵੀ ਸੰਸਥਾਵਾਂ : ਵਿਜੇ ਚੋਪੜਾ

06/26/2017 7:41:59 AM

ਪਟਿਆਲਾ/ਬਾਰਨ  (ਇੰਦਰਪ੍ਰੀਤ ) - ਪਦਮਸ਼੍ਰੀ ਵਿਜੇ ਚੋਪੜਾ ਜੀ ਨੇ ਕਿਹਾ ਕਿ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ, ਉਹ ਸਮਾਜ-ਸੇਵੀ ਸੰਸਥਾਵਾਂ ਅਤੇ ਸਮਾਜ ਸੇਵਕ ਕਰ ਰਹੇ ਹਨ। ਸਕੂਲ, ਹਸਪਤਾਲ ਬਣਾਉੁਣੇ ਅਤੇ ਉਨ੍ਹਾਂ ਨੂੰ ਚਲਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਸਰਕਾਰ ਭਾਵੇਂ ਕੋਈ ਵੀ ਹੋਵੇ, ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੀ। ਪੰਜਾਬ ਵਿਚ ਹੁਣ ਨਵੀਂ ਸਰਕਾਰ ਬਣੀ ਹੈ। ਇਸ ਨੂੰ ਚਾਹੀਦਾ ਹੈ ਕਿ ਲੋਕਾਂ ਨੇ ਜਿਸ ਉਮੀਦ ਨਾਲ ਸਰਕਾਰ ਚੁਣੀ ਹੈ, ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇ। ਸ਼੍ਰੀ ਵਿਜੇ ਚੋਪੜਾ ਜੀ ਅੱਜ ਇਥੇ ਫੋਕਲ ਪੁਆਇੰਟ ਨੇੜੇ ਪੈਂਦੇ ਪਿੰਡ ਦੌਲਤਪੁਰ ਵਿਖੇ ਉਦਯੋਗਪਤੀ ਜਤਿੰਦਰਪਾਲ ਸਿੰਘ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਵਿਖੇ 6 ਲੱਖ ਦੇ ਕਰੀਬ ਬੱਚਿਆਂ ਦੇ ਮਿੱਡ-ਡੇ-ਮੀਲ ਤਹਿਤ ਬਣਨ ਵਾਲੇ ਖਾਣੇ ਦੀ ਰਸੋਈ, ਹਾਲ ਦੀ ਬਿਲਡਿੰਗ ਅਤੇ ਸਟੇਜ ਦਾ ਨੀਂਹ-ਪੱਥਰ ਰੱਖਣ ਤੋਂ ਬਾਅਦ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਹ ਨੀਂਹ-ਪੱਥਰ ਸ਼੍ਰੀ ਵਿਜੇ ਚੋਪੜਾ ਅਤੇ ਹਲਕਾ ਸਨੌਰ ਦੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਵੱਲੋਂ ਸਾਂਝੇ ਤੌਰ 'ਤੇ ਰੱਖੇ ਗਏ। ਇਸ ਦੌਰਾਨ ਪਦਮਸ਼੍ਰੀ ਵਿਜੇ ਚੋਪੜਾ ਅਤੇ ਹੈਰੀਮਾਨ ਨੇ ਸਕੂਲ ਦੇ ਕੰਪਲੈਕਸ ਵਿਚ ਬੂਟੇ ਵੀ ਲਾਏ। ਜਤਿੰਦਰਪਾਲ ਸਿੰਘ ਵੱਲੋਂ ਸਮਾਗਮ ਦੌਰਾਨ 8 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ।
 ਇਸ ਦੌਰਾਨ ਸ਼੍ਰੀ ਚੋਪੜਾ ਨੇ ਜਤਿੰਦਰਪਾਲ ਸਿੰਘ ਅਤੇ ਸ਼ਹੀਦ ਭਗਤ ਸਿੰਘ ਕਲੱਬ ਬਾਰਨ ਦੇ ਯਤਨਾਂ ਸਦਕਾ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੇਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ। ਉਨ੍ਹਾਂ ਨੂੰ ਸਿਰਫ ਸਹਿਯੋਗ ਦੀ ਲੋੜ ਹੈ। ਇਸ ਮੌਕੇ ਸਮਾਜ ਸੇਵਿਕਾ ਮੈਡਮ ਸਤਿੰਦਰਪਾਲ ਕੌਰ ਵਾਲੀਆ, ਚਰਨਜੀਤ ਸਿੰਘ ਸਰਪੰਚ, ਗੁਰਪ੍ਰੀਤ ਕੌਰ ਮੁੱਖ ਅਧਿਆਪਕਾ, ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈੱਡਰੇਸ਼ਨ ਆਫ ਇੰਡੀਆ, ਗੁਰਮੁਖ ਸਿੰਘ ਸਾਬਕਾ ਕੌਂਸਲਰ, ਸ਼ਹੀਦ ਭਗਤ ਸਿੰਘ ਕਲੱਬ ਬਾਰਨ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ, ਜੋਗਿੰਦਰ ਸਿੰਘ, ਗੁਰਨਾਮ ਸਿੰਘ, ਪ੍ਰਭਜੋਤ ਸਿੰਘ ਬਚੀ, ਭੀਮ ਸਿੰਘ ਗੁੱਜਰ, ਸੋਨੀ ਨਿਜ਼ਾਮਪੁਰ, ਸਤਨਾਮ ਸਿੰਘ ਪੰਚ, ਬਲਜਿੰਦਰ ਕੌਰ ਪੰਚ, ਜਸਵੀਰ ਕੌਰ ਪੰਚ, ਦਲਜੀਤ ਸਿੰਘ ਨੰਬਰਦਾਰ, ਮੱਖਣ ਰੌਂਗਲਾ ਜਨਰਲ ਸੈਕਟਰੀ ਯੂਥ ਸਪੋਰਟਸ ਕਾਂਗਰਸ, ਯਾਦਵਿੰਦਰ ਸਿੰਘ ਬਾਰਨ, ਰਾਜੂ ਨਲੀਨਾ, ਗੁਰਧਿਆਨ ਸਿੰਘ ਬਖਸ਼ੀਵਾਲ, ਅਮਰੀਕ ਸਿੰਘ, ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਭੁਪਿੰਦਰ ਸਿੰਘ ਅਤੇ ਇਲਾਕਾ ਵਾਸੀ ਹਾਜ਼ਰ ਸਨ।
ਕੈਪਟਨ ਸਰਕਾਰ ਨੇ 100 ਦਿਨਾਂ 'ਚ ਹੀ ਅਕਾਲੀਆਂ ਦੇ 10 ਸਾਲਾਂ ਤੋਂ ਵੱਧ ਕੰਮ ਕੀਤਾ : ਹੈਰੀਮਾਨ
ਹਲਕਾ ਸਨੌਰ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜੇ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਪਿੰਡ ਦੌਲਤਪੁਰ ਮੇਰੇ ਹਲਕੇ ਦਾ ਪਿੰਡ ਹੈ। ਅੱਜ ਪਦਮਸ਼੍ਰੀ ਵਿਜੇ ਚੋਪੜਾ ਜੀ ਨੇ ਇੱਥੇ ਪਹੁੰਚ ਕੇ ਸਾਨੂੰ ਜੋ ਮਾਣ ਬਖਸ਼ਿਆ ਹੈ, ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸਮਾਜ-ਸੇਵੀਆਂ ਅਤੇ ਸੰਸਥਾਵਾਂ ਲਈ ਜੋ ਉਪਰਾਲੇ ਕਰ ਰਹੇ ਹਨ, ਸ਼ਲਾਘਾਯੋਗ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੂੰ ਵੱਡਾ ਫਤਵਾ ਦਿੱਤਾ ਹੈ। ਜਿੰਨੇ ਕੰਮ ਅਕਾਲੀ-ਭਾਜਪਾ ਨੇ 10 ਸਾਲਾਂ ਵਿਚ ਨਹੀਂ ਕੀਤੇ, ਕੈਪਟਨ ਸਰਕਾਰ ਨੇ ਆਪਣੇ 100 ਦਿਨਾਂ ਵਿਚ ਉਸ ਤੋਂ ਵੱਧ ਕੰਮ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਹਲਕਾ ਸਨੌਰ ਨੂੰ ਬਾਦਲ ਸਰਕਾਰ ਦੇ 10 ਸਾਲਾਂ ਦੇ ਰਾਜ ਵਿਚ ਅਣਗੌਲਿਆਂ ਰੱਖਿਆ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਦੀ ਅਗਵਾਈ ਹੇਠ ਹਲਕਾ ਸਨੌਰ ਵਿਚ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ।

Related News