ਸੀਵਰੇਜ ਦਾ ਪਾਣੀ ਓਵਰਫਲੋਅ ਹੋਣ ਨਾਲ ਲੋਕ ਪਰੇਸ਼ਾਨ

08/15/2017 2:11:05 PM

ਦਸੂਹਾ(ਸੰਜੇ ਰੰਜਨ)— ਸ਼ਹਿਰ ਦੇ ਵਾਰਡ ਨੰਬਰ 14 'ਚ ਸਤ ਨਾਰਾਇਣ ਮੰਦਰ ਨੇੜੇ ਸੀਵਰੇਜ ਦੇ ਢੱਕਣਾਂ 'ਚੋਂ ਆਏ ਦਿਨ ਗੰਦਾ ਪਾਣੀ ਓਵਰਫਲੋਅ ਹੋਣ ਕਾਰਨ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਸਮੱਸਿਆ ਸਵੇਰੇ-ਸਵੇਰੇ ਅਤੇ ਸ਼ਾਮ ਵੇਲੇ ਹੋਰ ਵੀ ਵੱਧ ਜਾਂਦੀ ਹੈ। ਇਸ ਸਬੰਧੀ ਵਿਜੇ ਕੁਮਾਰ, ਸੁਖਦੇਵ ਸਿੰਘ, ਜੈ ਰਾਮ ਪਾਠਕ, ਅਸ਼ੋਕ ਕੁਮਾਰ ਤੁੱਲੀ, ਰਾਜਨ ਬੱਸੀ, ਅਵਤਾਰ ਸਿੰਘ, ਟਿੱਕੂ ਨਰੂਲਾ, ਘੁੱਗੀ ਆਦਿ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਸਮੱਸਿਆ ਲਗਾਤਾਰ ਜਾਰੀ ਹੈ। ਜਦੋਂ ਸਵੇਰੇ-ਸਵੇਰੇ ਇਹ ਗੰਦਾ ਪਾਣੀ ਸੀਵਰੇਜ ਦੇ ਢੱਕਣਾਂ ਉੱਤੋਂ ਓਵਰਫਲੋਅ ਹੁੰਦਾ ਹੈ ਤਾਂ ਇਥੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇਹ ਸੀਵਰੇਜ ਦੇ ਢੱਕਣ ਮੰਦਰ ਦੇ ਨਾਲ ਲੱਗਦੇ ਹਨ। 
ਇਸ ਲਈ ਸਵੇਰੇ-ਸ਼ਾਮ ਮੰਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। ਇਸ ਗੰਦੇ ਪਾਣੀ 'ਚੋਂ ਲੰਘ ਕੇ ਹੀ ਉਨ੍ਹਾਂ ਨੂੰ ਮੰਦਰ ਜਾਣਾ ਪੈਂਦਾ ਹੈ। ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਸੀਵਰੇਜ ਦੇ ਮੈਨਹੋਲਾਂ 'ਤੇ ਲੱਗੇ ਢੱਕਣਾਂ ਦੀ ਹਾਲਤ ਵੀ ਅਜਿਹੀ ਹੈ ਕਿ ਇਥੋਂ ਲੰਘਣ ਵਾਲੇ ਰਾਹਗੀਰਾਂ ਲਈ ²ਇਹ ਖਤਰੇ ਦੀ ਘੰਟੀ ਤੋਂ ਘੱਟ ਨਹੀਂ। ਇਨ੍ਹਾਂ ਕਾਰਨ ਕਈ ਵਾਰ ਛੋਟੀਆਂ-ਮੋਟੀਆਂ ਦੁਰਘਟਨਾਵਾਂ ਵੀ ਹੋ ਚੁੱਕੀਆਂ ਹਨ। 
ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਫਿਰ ਵੀ ਸਮੱਸਿਆ ਉਸੇ ਤਰ੍ਹਾਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੱਕੇ ਤੌਰ 'ਤੇ ਹੱਲ ਕੀਤਾ ਜਾਵੇ। 
ਕੀ ਕਹਿੰਦੇ ਹਨ ਕੌਂਸਲਰ:
ਇਸ ਸਬੰਧ 'ਚ ਜਦੋਂ ਵਾਰਡ ਦੇ ਕੌਂਸਲਰ ਜਸਵੰਤ ਸਿੰਘ ਪੱਪੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲਗਭਗ 28 ਸਾਲ ਪਹਿਲਾਂ ਜਦੋਂ ਇਸ ਇਲਾਕੇ 'ਚ ਸੀਵਰੇਜ ਪਿਆ ਸੀ, ਉਦੋਂ ਹਰ ਘਰ 'ਚ ਸੀਵਰੇਜ ਨਹੀਂ ਸੀ। ਇਸ ਲਈ ਪਾਈਪਾਂ ਉਸ ਸਮੇਂ ਅਨੁਸਾਰ ਪਾਈਆਂ ਗਈਆਂ ਸਨ। ਪਰ ਬਾਅਦ 'ਚ ਹਰ ਘਰ 'ਚ ਸੀਵਰੇਜ ਸਿਸਟਮ ਆਉਣ ਨਾਲ ਪਹਿਲਾਂ ਪਈਆਂ ਪਾਈਪਾਂ ਛੋਟੀਆਂ ਪੈ ਗਈਆਂ, ਇਸ ਕਾਰਨ ਹੀ ਇਹ ਸਮੱਸਿਆ ਪੈਦਾ ਹੋਈ ਹੈ। ਫਿਰ ਵੀ ਸਮੱਸਿਆ ਨੂੰ ਦੇਖਦੇ ਹੋਏ ਉਹ ਸਮੇਂ-ਸਮੇਂ ਸਿਰ ਇਸ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ।


Related News