ਰੇਲ ਮੰਤਰੀ ਸੁਰੇਸ਼ ਪ੍ਰਭੁ ਦੀ ਇਕ ਹੋਰ ਸ਼ੁਰੂਆਤ, ਟਰੇਨਾਂ ''ਚ ਬਣਨਗੇ ਲਗਜ਼ਰੀ ਟਾਇਲਟ

06/27/2017 12:54:34 PM

ਜਲੰਧਰ (ਗੁਲਸ਼ਨ)— ਰੇਲ ਮੰਤਰੀ ਸੁਰੇਸ਼ ਪ੍ਰਭੂ ਦੀ ਅਗਵਾਈ ਵਿਚ ਭਾਰਤੀ ਰੇਲਵੇ ਕਾਇਆ-ਕਲਪ ਦੇ ਦੌਰ 'ਚੋਂ ਲੰਘ ਰਿਹਾ ਹੈ। ਰੇਲ ਮੰਤਰਾਲਾ ਅਗਲੇ ਸਾਲਾਂ 'ਚ 40 ਹਜ਼ਾਰ ਨਵੇਂ ਸੁਵਿਧਾ ਸੰਪੰਨ ਕੋਚ ਟਰੇਨਾਂ 'ਚ ਜੋੜਨ ਦੀ ਯੋਜਨਾ ਬਣਾ ਚੁੱਕਾ ਹੈ। ਰੇਲਵੇ ਨਵੇਂ ਪਲਾਨ ਅਧੀਨ ਏ. ਸੀ. ਕੋਚ ਵਿਚ ਟਾਇਲਟ ਵਿਚ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਨਵੇਂ ਕੋਚ ਵਿਚ ਵੱਖਰੀ ਤਰ੍ਹਾਂ ਦਾ ਟਾਇਲਟ ਸਿਸਟਮ ਲਗਾਉਣ ਜਾ ਰਿਹਾ ਹੈ। ਟਰੇਨਾਂ ਦੇ ਏ. ਸੀ. 1 ਤੇ ਏ. ਸੀ. 2 ਕੋਚ ਵਿਚ ਵੱਖ-ਵੱਖ ਵਾਸ਼ਰੂਮ ਹੋਣਗੇ, ਜਿਨ੍ਹਾਂ ਵਿਚ ਨਹਾਉਣ ਲਈ ਮੌਸਮ ਮੁਤਾਬਕ ਗਰਮ ਤੇ ਠੰਡਾ ਪਾਣੀ ਮਿਲੇਗਾ। 
ਸੈਪਰੇਟ ਵਾਸ਼ਰੂਮ ਦੇ ਸੁਝਾਅ 'ਤੇ ਰੇਲਵੇ ਨੇ ਦਿਖਾਈ ਗੰਭੀਰਤਾ
ਪ੍ਰਾਜੈਕਟ ਤਹਿਤ ਏ. ਸੀ. 1 ਤੇ ਏ. ਸੀ. 2 ਕੋਚਾਂ 'ਚ ਵੱਖ-ਵੱਖ ਵਾਸ਼ਰੂਮ ਦਿੱਤੇ ਜਾਣਗੇ। ਸੂਤਰਾਂ ਮੁਤਾਬਕ ਰੇਲਵੇ ਮੰਤਰੀਆਂ ਦੀ ਕਾਨਫਰੰਸ ਵਿਚ ਕੁਝ ਅਧਿਕਾਰੀਆਂ ਨੇ ਇਸ ਤਰ੍ਹਾਂ ਦੇ ਸੈਪਰੇਟ ਵਾਸ਼ਰੂਮਾਂ ਦਾ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ ਆਰ. ਡੀ. ਐੱਸ. ਓ. ਨਾਲ ਗੱਲ ਕਰ ਕੋਚ ਦਾ ਡਿਜ਼ਾਈਨ ਤਿਆਰ ਕਰਵਾਇਆ ਜਾ ਰਿਹਾ ਹੈ। ਜੇਕਰ ਸਭ ਕੁਝ ਤੈਅ ਸ਼ਡਿਊਲ ਮੁਤਾਬਕ ਚਲਿਆ ਤਾਂ ਇਸ ਸਾਲ ਦੇ ਆਖਰ ਤੱਕ ਅਜਿਹੇ ਕੋਚ ਕੁਝ ਟਰੇਨਾਂ ਵਿਚ ਲਗਾ ਦਿੱਤੇ ਜਾਣਗੇ।
ਟਾਇਲਟ ਪ੍ਰਾਜੈਕਟ 'ਚ ਬਣਨਗੇ 100 ਕੋਚ
ਨਵੇਂ ਕੋਚ ਦਾ ਡਿਜ਼ਾਈਨ ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜ਼ੇਸ਼ਨ (ਆਰ. ਡੀ. ਐੱਸ. ਓ.) ਵਿਚ ਤਿਆਰ ਕੀਤਾ ਜਾ ਰਿਹਾ ਹੈ। ਰੇਲ ਮੰਤਰਾਲਾ ਦੇ ਸੂਤਰਾਂ ਅਨੁਸਾਰ ਟਾਇਲੇਟ ਪ੍ਰਾਜੈਕਟ ਅਧੀਨ ਪਹਿਲੇ 100 ਕੋਚ ਭੋਪਾਲ ਦੇ ਨਿਸ਼ਾਤਪੁਰਾ ਦੀ ਰੇਲ ਕੋਚ ਫੈਕਟਰੀ ਵਿਚ ਬਣਨਗੇ। ਇਸ ਯੋਜਨਾ ਦਾ ਮਕਸਦ ਹੈ ਕਿ ਲੰਬੀ ਦੂਰੀ ਦੀਆਂ ਟਰੇਨਾਂ ਵਿਚ ਸਫਰ ਕਰਨ ਵਾਲੇ ਮੁਸਾਫਿਰ ਪੂਰੀ ਤਰ੍ਹਾਂ ਤਿਆਰ ਹੋ ਕੇ ਬਾਹਰ ਨਿਕਲਣ ਤੇ ਆਪਣੇ ਕੰਮ 'ਤੇ ਜਾ ਸਕਣ।
ਰਸ਼ੀਅਨ ਸਟੀਲ ਦਾ ਹੋਵੇਗਾ ਇਸਤੇਮਾਲ
ਸੂਤਰਾਂ ਮੁਤਾਬਕ ਟਾਇਲਟ ਵੈਸਟਰਨ ਹੋਣਗੇ। ਇਨ੍ਹਾਂ ਦੀ ਆਊਟਰ ਵਾਲ ਰਸ਼ੀਅਨ ਸਟੀਲ ਨਾਲ ਬਣੀ ਹੋਵੇਗੀ। ਰਸ਼ੀਅਨ ਸਟੀਲ ਕਾਫੀ ਪਤਲਾ ਹੋਣ ਦੇ ਨਾਲ-ਨਾਲ ਮਜ਼ਬੂਤ ਹੋਵੇਗਾ। ਇਹ ਜਗ੍ਹਾ ਵੀ ਘੱਟ ਘੇਰਦਾ ਹੈ।


Related News