ਦਿੱਲੀ ਵਾਂਗ ਪੰਜਾਬ ''ਚ ਵੀ ਬਣਨਗੇ ਵੇਸਟ ਟੂ ਐਨਰਜੀ ਪਲਾਂਟ

11/19/2017 6:20:06 AM

ਜਲੰਧਰ(ਖੁਰਾਨਾ)—ਪੰਜਾਬ ਸਰਕਾਰ ਨੇ ਦਿੱਲੀ ਵਾਂਗ ਸੂਬੇ 'ਚ ਵੀ ਵੇਸਟ ਟੂ ਐਨਰਜੀ ਪਲਾਂਟ ਲਾਉਣ ਦੀ ਯੋਜਨਾ ਤਿਆਰ ਕੀਤੀ ਹੈ ਜਿਸ ਦੇ ਤਹਿਤ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਹਿਲੇ ਪੜਾਅ 'ਚ ਅੰਮ੍ਰਿਤਸਰ ਅਤੇ ਜਲੰਧਰ 'ਚ ਅਜਿਹੇ ਪਲਾਂਟ ਸਥਾਪਿਤ ਕਰਨ ਨੂੰ ਹਰੀ ਝੰਡੀ ਦਿੱਤੀ ਹੈ। ਇਸੇ ਯੋਜਨਾ ਤਹਿਤ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਇਕ ਤਿੰਨ ਮੈਂਬਰੀ ਟੀਮ ਦਿੱਲੀ ਭੇਜੀ ਜਿਸ 'ਚ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਡਾ. ਬਸੰਤ ਗਰਗ ਅਤੇ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਸ਼ਾਮਿਲ ਸਨ। ਉਨ੍ਹਾਂ ਨਾਲ ਅੰਮ੍ਰਿਤਸਰ ਦੇ ਸਾਲਿਡ  ਵੇਸਟ ਪ੍ਰਾਜੈਕਟ ਮੈਨੇਜਰ ਵੀ ਸਨ। ਇਸ ਟੀਮ ਨੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਦਿੱਲੀ ਦੇ ਓਖਲਾ ਅਤੇ ਨਰੇਲਾ ਇਲਾਕਿਆਂ 'ਚ ਚਲ ਰਹੇ ਅਜਿਹੇ ਪਲਾਂਟਾਂ ਦਾ ਦੌਰਾ ਕੀਤਾ ਅਤੇ ਉਥੇ ਕੂੜੇ ਨੂੰ ਟਿਕਾਣੇ ਲਾਉਣ ਦੀ ਤਕਨੀਕ ਅਤੇ ਹੋਰ ਪੱਖਾਂ ਦਾ ਵਿਸਤਾਰ ਨਾਲ ਅਧਿਐੱਨ ਕੀਤਾ। ਇਹ ਟੀਮ ਜਲਦੀ ਹੀ ਆਪਣੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੇਗੀ ਜਿਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਊਥ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਵਲੋਂ ਆਪਣਾ ਸਾਰਾ ਕੂੜਾ ਓਖਲਾ 'ਚ ਲੱਗੇ ਪਲਾਂਟ 'ਚ ਲਿਜਾਇਆ ਜਾਂਦਾ ਹੈ ਜੋ ਜਿੰਦਲ ਕੰਪਨੀ ਵਲੋਂ ਚਲਾਇਆ ਜਾ ਰਿਹਾ ਹੈ। ਇਸ ਪਲਾਂਟ 'ਚ ਜਿੰਦਲ ਕੰਪਨੀ ਕੂੜੇ ਤੋਂ 22 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਹੀ ਹੈ। ਇਸੇ ਤਰ੍ਹਾਂ ਨਾਰਥ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਵਲੋਂ ਆਪਣਾ ਸਾਰਾ ਕੂੜਾ ਨਰੇਲਾ ਪਲਾਂਟ 'ਚ ਲਿਜਾਇਆ ਜਾਂਦਾ ਹੈ ਜਿਸ ਨੂੰ ਰੈਮਕੀ ਕੰਪਨੀ ਪ੍ਰੋਸੈੱਸ ਕਰਦੀ ਹੈ ਅਤੇ 15 ਮੈਗਾਵਾਟ ਬਿਜਲੀ ਦਾ ਉਤਪਾਦਨ ਕਰਦੀ ਹੈ। ਨਰੇਲਾ ਪਲਾਂਟ 'ਚ ਹਰ ਰੋਜ਼ 1200 ਟਨ ਦੇ ਲਗਭਗ ਕੂੜਾ ਪ੍ਰੋਸੈੱਸ ਹੁੰਦਾ ਹੈ।
ਕੂੜੇ ਨਾਲ ਨਜਿੱਠਣ ਲਈ ਉਪਾਅ ਕਰਨੇ ਪੈਣਗੇ : ਡਾ. ਬਸੰਤ ਗਰਗ
ਦਿੱਲੀ 'ਚ ਚੱਲ ਰਹੇ ਵੇਸਟ ਟੂ ਐਨਰਜੀ ਪਲਾਂਟਾਂ ਦਾ ਦੌਰਾ ਕਰਨ ਤੋਂ ਬਾਅਦ ਵਾਪਸ ਆਏੇ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਡਾ. ਬਸੰਤ ਗਰਗ ਨੇ ਦੱਸਿਆ ਕਿ ਜਿਸ ਤਰ੍ਹਾਂ ਸ਼ਹਿਰੀ ਇਲਾਕਿਆਂ 'ਚ ਗਿਣਤੀ ਵਧਣ ਨਾਲ ਕੂੜੇ ਦੀ ਮਿਕਦਾਰ ਵਧ ਰਹੀ ਹੈ ਉਸ ਨਾਲ ਨਜਿੱਠਣ ਲਈ ਉਪਾਅ ਕਰਨੇ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਓਖਲਾ ਅਤੇ ਨਰੇਲਾ 'ਚ ਚੱਲ ਰਹੇ ਪਲਾਂਟਾਂ ਬਾਰੇ ਵਿਸਤ੍ਰਿਤ ਰਿਪੋਰਟ ਜਲਦੀ ਹੀ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ।


Related News