3 ਸਾਲਾਂ ਤੋਂ ਇਕ ਫ਼ੀਸਦੀ ਆਊਟਪੁੱਟ ਦੇ ਕੇ ਚਿੱਟਾ ਹਾਥੀ ਸਾਬਤ ਹੋ ਰਿਹੈ PSIEC ਦਾ ‘ਟਰੀਟਮੈਂਟ ਪਲਾਂਟ’

Friday, Apr 05, 2024 - 11:00 AM (IST)

3 ਸਾਲਾਂ ਤੋਂ ਇਕ ਫ਼ੀਸਦੀ ਆਊਟਪੁੱਟ ਦੇ ਕੇ ਚਿੱਟਾ ਹਾਥੀ ਸਾਬਤ ਹੋ ਰਿਹੈ PSIEC ਦਾ ‘ਟਰੀਟਮੈਂਟ ਪਲਾਂਟ’

ਜਲੰਧਰ (ਪੁਨੀਤ)–ਪੀ. ਐੱਸ. ਆਈ. ਈ. ਸੀ. (ਪੰਜਾਬ ਸਟੇਟ ਇੰਡਸਟਰੀਅਲ ਐਂਡ ਐਕਸਪੋਰਟ ਕਾਰਪੋਰੇਸ਼ਨ) ਵੱਲੋਂ ਫੋਕਲ ਪੁਆਇੰਟ ਵਿਚ ਸਥਾਪਤ ਕੀਤਾ ਗਿਆ ਟਰੀਟਮੈਂਟ ਪਲਾਂਟ 3 ਸਾਲਾਂ ਤੋਂ ਸਿਰਫ਼ ਇਕ ਫ਼ੀਸਦੀ ਆਊਟਪੁੱਟ ਦੇ ਰਿਹਾ ਹੈ, ਜਿਸ ਕਾਰਨ ਇਹ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਇਸ ਦਾ ਫਾਇਦਾ ਤਾਂ ਹੋ ਨਹੀਂ ਰਿਹਾ, ਸਗੋਂ ਸੜਕਾਂ ’ਤੇ ਗੰਦਾ ਪਾਣੀ ਖੜ੍ਹਾ ਹੋਣ ਨਾਲ ਬੀਮਾਰੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਉਦਯੋਗਪਤੀਆਂ ਵੱਲੋਂ ਪਾਣੀ ਖੜ੍ਹਾ ਹੋਣ ਕਾਰਨ ਨਿਗਮ ਦੇ ਕੰਮ ਵਿਚ ਖਾਮੀਆਂ ਕੱਢੀਆਂ ਜਾ ਰਹੀਆਂ ਹਨ, ਜਦੋਂ ਕਿ ਅਸਲੀਅਤ ਇਹ ਹੈ ਕਿ ਟਰੀਟਮੈਂਟ ਪਲਾਂਟ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਬਿਜਲੀ ਕੁਨੈਕਸ਼ਨ ਅਤੇ ਹੋਰ ਬੇਸਿਕ ਜ਼ਰੂਰਤਾਂ ਅਜੇ ਤਕ ਪੂਰੀਆਂ ਨਹੀਂ ਹੋ ਸਕੀਆਂ ਹਨ, ਜਿਸ ਕਾਰਨ ਪਾਣੀ ਪਲਾਂਟ ਵਿਚ ਜਾਣ ਦੀ ਥਾਂ ਸੜਕਾਂ ’ਤੇ ਛੱਪੜ ਬਣਾ ਰਿਹਾ ਹੈ। ਫੋਕਲ ਪੁਆਇੰਟ ਨਗਰ ਨਿਗਮ ਨੂੰ ਟਰਾਂਸਫਰ ਕੀਤਾ ਜਾ ਚੁੱਕਾ ਹੈ ਪਰ ਟਰੀਟਮੈਂਟ ਪਲਾਂਟ ਦਾ ਚਾਰਜ ਨਿਗਮ ਨੇ ਆਪਣੇ ਹੱਥਾਂ ਵਿਚ ਨਹੀਂ ਲਿਆ ਕਿਉਂਕਿ ਚਿੱਟੇ ਹਾਥੀ ਦੀ ਲਗਾਮ ਆਪਣੇ ਹੱਥਾਂ ਵਿਚ ਲੈਣ ਨਾਲ ਨਿਗਮ ਨੂੰ ਭਵਿੱਖ ਵਿਚ ਕਈ ਤਰ੍ਹਾਂ ਦੇ ਵਿੱਤੀ ਘਾਟੇ ਸਹਿਣੇ ਪੈ ਸਕਦੇ ਹਨ।

ਪਾਣੀ ਸਾਫ਼ ਕਰਨ ਲਈ 3 ਸਾਲ ਪਹਿਲਾਂ ਲਾਏ ਗਏ ਟਰੀਟਮੈਂਟ ਪਲਾਂਟ ਨੂੰ ਅਜੇ ਤਕ ਲੋਡ ਦੇ ਮੁਤਾਬਕ ਬਿਜਲੀ ਕੁਨੈਕਸ਼ਨ ਨਹੀਂ ਮਿਲ ਸਕਿਆ ਕਿਉਂਕਿ ਪੀ. ਐੱਸ. ਆਈ. ਈ. ਸੀ. ਵੱਲੋਂ ਪਾਵਰਕਾਮ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਕਾਰਨ ਪਾਵਰਕਾਮ ਨੇ ਕੁਨੈਕਸ਼ਨ ਜਾਰੀ ਨਹੀਂ ਕੀਤਾ। ਟਰੀਟਮੈਂਟ ਪਲਾਂਟ ਦੀ ਕਪੈਸਿਟੀ 5 ਐੱਮ. ਐੱਲ. ਡੀ. ਦੀ ਹੈ ਅਤੇ ਇਕ ਦਿਨ ਵਿਚ 50 ਲੱਖ ਲੀਟਰ ਪਾਣੀ ਸਾਫ ਕੀਤਾ ਜਾ ਸਕਦਾ ਹੈ, ਜਦੋਂ ਕਿ ਮੌਜੂਦਾ ਸਮੇਂ ਉਕਤ ਟਰੀਟਮੈਂਟ ਪਲਾਂਟ ਸਿਰਫ 11 ਹਜ਼ਾਰ ਲੀਟਰ ਪਾਣੀ ਨੂੰ ਟਰੀਟਮੈਂਟ ਪਲਾਂਟ ਜ਼ਰੀਏ ਸਾਫ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਐਨਕਾਊਂਟਰ ਦੌਰਾਨ ਫੜੇ ਗਏ ਚਿੰਟੂ ਗਰੁੱਪ ਦੇ ਬਦਮਾਸ਼ ਦੀ ਮੌਤ, ਭੈਣ ਨੇ ਲਗਾਏ ਗੰਭੀਰ ਦੋਸ਼

ਨਗਰ ਨਿਗਮ ਦੇ ਸੀਵਰੇਜ ਦਾ ਪਾਣੀ ਸਬੰਧਤ ਟਰੀਟਮੈਂਟ ਪਲਾਂਟ ਵੱਲ ਭੇਜਿਆ ਜਾਂਦਾ ਹੈ ਅਤੇ ਟਰੀਟਮੈਂਟ ਪਲਾਂਟ ਦੀ ਕਪੈਸਿਟੀ ਦੇ ਹਿਸਾਬ ਨਾਲ ਕੰਮ ਨਾ ਕਰਨ ਕਾਰਨ ਗੰਦਾ ਪਾਣੀ ਸੜਕਾਂ ’ਤੇ ਆ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਪੀ. ਐੱਸ. ਆਈ. ਈ. ਸੀ. ਦੇ ਟਰੀਟਮੈਂਟ ਪਲਾਂਟ ਨਜ਼ਦੀਕ 2 ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਉਠਾਉਣੀਆਂ ਪੈਂਦੀਆਂ ਰਹੀਆਂ ਹਨ। ਇਸ ਟਰੀਟਮੈਂਟ ਪਲਾਂਟ ਨੂੰ ਸਹੀ ਢੰਗ ਨਾਲ ਚਲਾਉਣ ਲਈ ਬਿਜਲੀ ਕੁਨੈਕਸ਼ਨ ਲੁਆਉਣਾ ਸਭ ਤੋਂ ਅਹਿਮ ਲੋੜ ਹੈ। ਹੁਣ ਦੇਖਣਾ ਹੈ ਕਿ ਸਬੰਧਤ ਅਧਿਕਾਰੀ ਇਸ ’ਤੇ ਕੀ ਕਦਮ ਚੁੱਕਦੇ ਹਨ।

PunjabKesari

ਨਿਗਮ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਵਿਖਾਇਆ ਮੌਕਾ
ਫੋਕਲ ਪੁਆਇੰਟ ਨਾਲ ਸਬੰਧਤ ਐਸੋਸੀਏਸ਼ਨ ਵੱਲੋਂ ਨਗਰ ਨਿਗਮ ਨੂੰ ਕਸੂਰਵਾਰ ਠਹਿਰਾਅ ਕੇ ਸੜਕਾਂ ’ਤੇ ਖੜ੍ਹੇ ਪਾਣੀ ਦਾ ਹੱਲ ਕਰਨ ਸਬੰਧੀ ਮੰਗ ਲੰਮੇ ਅਰਸੇ ਤੋਂ ਉਠਾਈ ਜਾ ਰਹੀ ਹੈ, ਜਦੋਂ ਕਿ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜਕਾਂ ’ਤੇ ਪਾਣੀ ਆਉਣ ਲਈ ਟਰੀਟਮੈਂਟ ਪਲਾਂਟ ਦਾ ਸੰਚਾਲਨ ਕਰ ਰਹੀ ਪੀ. ਐੱਸ. ਆਈ. ਈ. ਸੀ. ਦੀ ਕਾਰਜਪ੍ਰਣਾਲੀ ਜ਼ਿੰਮੇਵਾਰ ਹੈ। ਇਸੇ ਕਾਰਨ ਨਗਰ ਨਿਗਮ ਦੇ ਐੱਸ. ਡੀ. ਓ. ਗਗਨ ਲੂਥਰਾ ਨੇ ਅੱਜ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਮੌਕਾ ਦਿਖਾਇਆ ਅਤੇ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ। ਦੱਸਿਆ ਗਿਆ ਕਿ ਸੜਕਾਂ ’ਤੇ ਪਾਣੀ ਆਉਣ ਲਈ ਨਿਗਮ ਕਿਸੇ ਵੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ ਹੈ। ਟਰੀਟਮੈਂਟ ਪਲਾਂਟ ਦਾ ਸੰਚਾਲਨ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਸੜਕਾਂ ’ਤੇ ਪਾਣੀ ਆਉਣ ਦੀ ਨੌਬਤ ਨਹੀਂ ਆਵੇਗੀ। ਸਬੰਧਤ ਅਧਿਕਾਰੀ ਵੱਲੋਂ ਵਿਸਥਾਰਪੂਰਵਕ ਦੱਸਣ ਤੋਂ ਬਾਅਦ ਐਸੈਸੀਏਸ਼ਨ ਨੂੰ ਪਤਾ ਲੱਗਾ ਕਿ ਇਸ ਵਿਚ ਨਿਗਮ ਕਿਸੇ ਵੀ ਤਰ੍ਹਾਂ ਨਾਲ ਦੋਸ਼ੀ ਨਹੀਂ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 13 ਸਾਲ ਬਾਅਦ ਠੰਡਾ ਬੀਤਿਆ ਮਾਰਚ, ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਆਪਣਾ ਟਰਾਂਸਫਾਰਮਰ ਲਾਉਣ ਤੋਂ ਬਾਅਦ ਮਿਲੇਗਾ ਬਿਜਲੀ ਕੁਨੈਕਸ਼ਨ
ਟਰੀਟਮੈਂਟ ਪਲਾਂਟ ਨੂੰ ਚਲਾਉਣ ਲਈ 500 ਿਕਲੋਵਾਟ ਤੋਂ ਵੱਧ ਦੇ ਬਿਜਲੀ ਕੁਨੈਕਸ਼ਨ ਦੀ ਲੋੜ ਹੈ, ਜਦੋਂ ਕਿ ਨਿਗਮ ਅਸਥਾਈ ਬਿਜਲੀ ਕੁਨੈਕਸ਼ਨ ਨਾਲ ਆਪਣਾ ਕੰਮ ਚਲਾ ਰਿਹਾ ਹੈ। ਵੱਡੇ ਲੋਡ ਦਾ ਕੁਨੈਕਸ਼ਨ ਲੈਣ ਲਈ ਖਪਤਕਾਰ ਵਾਸਤੇ ਆਪਣਾ ਟਰਾਂਸਫਾਰਮਰ ਲੁਆਉਣਾ ਲਾਜ਼ਮੀ ਹੋ ਜਾਂਦਾ ਹੈ ਪਰ ਪੀ. ਐੱਸ. ਆਈ. ਈ. ਸੀ. ਵਿਭਾਗ ਵੱਲੋਂ ਪਿਛਲੇ 3 ਸਾਲਾਂ ਵਿਚ ਆਪਣਾ ਟਰਾਂਸਫਾਰਮਰ ਲੁਆਉਣ ਦੀਆਂ ਸ਼ਰਤਾਂ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ। ਦੂਜੇ ਪਾਸੇ ਟਰੀਟਮੈਂਟ ਪਲਾਂਟ ਕੰਪਲੈਕਸ ਵਿਚ ਮੀਟਰ ਰੂਮ ਦੀ ਲਾਜ਼ਮੀਅਤ ਹੁੰਦੀ ਹੈ, ਜਦੋਂ ਕਿ ਪਤਾ ਲੱਗਾ ਹੈ ਕਿ ਅਜੇ ਤਕ ਮੀਟਰ ਰੂਮ ਵੀ ਨਹੀਂ ਬਣ ਸਕਿਆ ਹੈ। ਨਿਗਮ ਨਾਲ ਹੋਣ ਵਾਲੀ ਮੀਟਿੰਗ ਅਤੇ ਹੋਰ ਵਿਚਾਰ-ਚਰਚਾ ਦੌਰਾਨ ਪਲਾਂਟ ਦੇ ਅਧਿਕਾਰੀਆਂ ਵੱਲੋਂ ਤਰਕ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਬਿਜਲੀ ਕੁਨੈਕਸ਼ਨ ਲੈਣ ਸਬੰਧੀ ਰਕਮ ਪਾਵਰਕਾਮ ਕੋਲ ਜਮ੍ਹਾ ਕਰਵਾ ਿਦੱਤੀ ਹੈ ਪਰ ਪਾਵਰਕਾਮ ਕੁਨਕੈਸ਼ਨ ਜਾਰੀ ਨਹੀਂ ਕਰ ਰਿਹਾ। ਅਸਲੀਅਤ ਇਹ ਹੈ ਕਿ ਪਾਵਰਕਾਮ ਵਿਭਾਗੀ ਨਿਯਮ ਅਤੇ ਸ਼ਰਤਾਂ ਪੂਰੀਆਂ ਹੋਣ ਤੋਂ ਪਹਿਲਾਂ ਕੁਨੈਕਸ਼ਨ ਲਾਉਣ ਲਈ ਸਮਰੱਥ ਨਹੀਂ ਹੈ।

3 ਸਾਲਾਂ ਦੀ ਲਾਪ੍ਰਵਾਹੀ ਲਈ ਜ਼ਿੰਮੇਵਾਰ ਕੌਣ?
3 ਸਾਲ ਪਹਿਲਾਂ ਟਰੀਟਮੈਂਟ ਪਲਾਂਟ ਲਾਇਆ ਗਿਆ ਸੀ ਪਰ ਅਜੇ ਤਕ ਸਮਰੱਥਾ ਮੁਤਾਬਕ ਇਸਦਾ ਲਾਭ ਨਹੀਂ ਮਿਲ ਸਕਿਆ। ਇਸ ਪਲਾਂਟ ਦੀ ਸਮਰੱਥਾ ਮੁਤਾਬਕ ਇਕ ਫ਼ੀਸਦੀ ਕੰਮ ਵੀ ਨਹੀਂ ਹੋ ਪਾ ਰਿਹਾ, ਜਿਸ ਕਾਰਨ ਪਲਾਂਟ ਲਈ ਖਰਚ ਕੀਤੀ ਗਈ ਕਰੋੜਾਂ ਰੁਪਏ ਦੀ ਰਾਸ਼ੀ ਦੀ ਸਹੀ ਵਰਤੋਂ ਨਹੀਂ ਹੋ ਸਕੀ ਹੈ। ਆਮ ਤੌਰ ’ਤੇ ਢਿੱਲੀ ਕਾਰਜਪ੍ਰਣਾਲੀ ਵਾਲੇ ਅਧਿਕਾਰੀਆਂ ’ਤੇ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਿ ਭਵਿੱਖ ਵਿਚ ਅਜਿਹੀਆਂ ਗਲਤੀਆਂ ਨਾ ਹੋ ਸਕਣ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪਿਛਲੇ 3 ਸਾਲਾਂ ਤੋਂ ਅਪਣਾਈ ਗਈ ਲਾਪ੍ਰਵਾਹੀ ਲਈ ਜ਼ਿੰਮੇਵਾਰ ਕੌਣ ਹੈ? ਜੇਕਰ ਕਾਰਵਾਈ ਹੋਵੇਗੀ ਤਾਂ ਬਲੀ ਦਾ ਬੱਕਰਾ ਕਿਸ ਨੂੰ ਬਣਾਇਆ ਜਾਵੇਗਾ। ਦੂਜੇ ਪਾਸੇ ਇਸ ਸਬੰਧੀ ਪਲਾਂਟ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਪੱਖ ਨਹੀਂ ਮਿਲ ਸਕਿਆ।

ਇਹ ਵੀ ਪੜ੍ਹੋ: ਸਪੇਨ ਦੀ ਥਾਂ ਭੇਜਿਆ ਮੋਰੱਕੋ, 20 ਲੱਖ ਦੇ ਕਰਜ਼ੇ ਹੇਠਾਂ ਆਇਆ ਗ਼ਰੀਬ ਪਰਿਵਾਰ, ਵਾਪਸ ਪਰਤ ਸੁਣਾਈ ਦੁੱਖ਼ਭਰੀ ਦਾਸਤਾਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News