ਸੂਬੇ ''ਚ ਪੁਲਸ ਮੈਡਲ ਪਾਉਣ ਵਾਲੇ ਦੂਜੇ ਐੱਸ. ਐੱਸ. ਪੀ. ਬਣੇ ਸੰਦੀਪ ਸ਼ਰਮਾ

08/17/2017 2:39:01 PM

ਕਪੂਰਥਲਾ(ਭੂਸ਼ਣ)— ਉੱਤਰੀ ਭਾਰਤ 'ਚ ਵੱਡੀ ਗਿਣਤੀ 'ਚ ਏ. ਟੀ. ਐੱਮ. ਤੋੜ ਕੇ ਕਈ ਸੂਬਿਆਂ 'ਚ ਦਹਿਸ਼ਤ ਮਚਾਉਣ ਵਾਲੇ ਏ. ਟੀ. ਐੱਮ. ਲੁਟੇਰਾ ਗੈਂਗ ਨੂੰ ਗ੍ਰਿਫਤਾਰ ਕਰ ਕੇ ਕਰੋੜਾਂ ਰੁਪਏ ਦੀ ਸੰਪਤੀ ਬਰਾਮਦ ਕਰਨ ਅਤੇ ਡੀ. ਸੀ. ਪੀ. ਜਲੰਧਰ ਕਮਿਸ਼ਨਰੇਟ ਦੇ ਅਹੁਦੇ 'ਤੇ ਆਪਣੀ ਤਾਇਨਾਤੀ ਦੌਰਾਨ ਕਈ ਖਤਰਨਾਕ ਲੁਟੇਰਾ ਗੈਂਗ ਕਾਬੂ ਕਰਨ ਵਾਲੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਇਸ ਵਾਰ ਆਜ਼ਾਦੀ ਦਿਵਸ ਸਮਾਗਮ ਦੌਰਾਨ ਸੂਬੇ ਦੇ ਦੂਜੇ ਐੱਸ. ਐੱਸ. ਪੀ. ਬਣ ਗਏ ਹਨ, ਜਿਨ੍ਹਾਂ ਦਾ ਵਧੀਆ ਸੇਵਾਵਾਂ ਦੇ ਲਈ ਪੁਲਸ ਮੈਡਲ ਦੇ ਨਾਲ ਸਨਮਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਸਮੇਤ ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਪੁਲਸ ਦੇ ਲਈ ਸਿਰਦਰਦ ਬਣ ਚੁੱਕੇ ਏ. ਟੀ. ਐੱਮ. ਲੁਟੇਰਾ ਗੈਂਗ ਨੂੰ ਗ੍ਰਿਫਤਾਰ ਕਰ ਕੇ ਕਰੋੜਾਂ ਰੁਪਏ ਲੁੱਟ ਦੇ ਮਾਮਲੇ ਸੁਲਝਾਅ ਕੇ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਦੀ ਗੁੱਡ ਬੁੱਕ ਵਿਚ ਸ਼ੁਮਾਰ ਹੋਣ ਵਾਲੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੂੰ ਐੱਸ. ਐੱਸ. ਪੀ. ਜਲੰਧਰ ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਦੇ ਨਾਲ ਪੁਲਸ ਪਦਕ ਨਾਲ ਸਨਮਾਨਤ ਕੀਤਾ ਗਿਆ। ਉਥੇ ਨਾਲ ਹੀ ਸੰਦੀਪ ਸ਼ਰਮਾ ਦੀ ਨਿਗਰਾਨੀ 'ਚ ਹੀ ਸੁਲਤਾਨਪੁਰ ਲੋਧੀ ਮਾਰਗ 'ਤੇ ਇਕ ਆਪਰੇਸ਼ਨ ਦੇ ਦੌਰਾਨ ਫਿਰੋਜ਼ਪੁਰ ਪੁਲਸ ਦੇ ਨਾਲ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਆਪਣੇ ਸਨਮਾਨ ਨੂੰ ਲੈ ਕੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁਲਸ ਵਿਭਾਗ ਦਾ ਕੰਮ ਜਿੱਥੇ ਅਪਰਾਧੀਆਂ ਨੂੰ ਸਬਕ ਸਿਖਾਉਣਾ ਹੈ, ਉਥੇ ਹੀ ਜਨਤਾ ਦੀ ਸੁਰੱਖਿਆ ਕਰਨਾ ਵੀ ਹੈ।


Related News