ਭਾਰਤ-ਪਾਕਿ ਰਿਸ਼ਤਿਆਂ ''ਚ ਖਟਾਸ, ਪਾਕਿਸਤਾਨ ਦੇ 350 ਵਪਾਰੀਆਂ ਨੂੰ ਨਹੀਂ ਦਿੱਤਾ ਵੀਜ਼ਾ

12/11/2017 11:31:05 AM

ਅੰਮ੍ਰਿਤਸਰ (ਨੀਰਜ) - ਚੀਨ ਨਾਲ ਵਪਾਰਕ ਨਜ਼ਦੀਕੀਆਂ ਵਧਣ ਕਾਰਨ ਭਾਰਤ-ਪਾਕਿਸਤਾਨ 'ਚ ਵਪਾਰਕ ਰਿਸ਼ਤਿਆਂ 'ਚ ਲਗਾਤਾਰ ਖਟਾਸ ਵੱਧਦੀ ਨਜ਼ਰ ਆ ਰਹੀ ਹੈ। ਅੰਤਰਰਾਸ਼ਟਰੀ ਰੇਲ ਕਾਰਗੋ ਤੇ ਆਈ. ਸੀ. ਪੀ. ਅਟਾਰੀ ਬਾਰਡਰ ਦੇ ਜ਼ਰੀਏ ਪਾਕਿਸਤਾਨ ਜਾਣ ਵਾਲੇ ਭਾਰਤੀ ਸਾਮਾਨ ਨੂੰ ਤਾਂ ਪਾਕਿਸਤਾਨ ਪਲਾਂਟ ਕੁਰੀਂਨਟੀਨ ਵਿਭਾਗ ਦੀ ਆੜ 'ਚ ਰੋਕ ਹੀ ਰਿਹਾ ਹੈ, ਉਥੇ ਹੀ ਭਾਰਤੀ ਖੇਮਾ ਵੀ ਘੱਟ ਨਹੀਂ ਹੈ। ਅੰਮ੍ਰਿਤਸਰ 'ਚ ਚੱਲ ਰਹੇ ਪਾਈਟੈਕਸ 2017 ਅੰਤਰਰਾਸ਼ਟਰੀ ਵਪਾਰ ਮੇਲੇ 'ਚ ਸ਼ਾਮਲ ਹੋਣ ਲਈ ਭਾਰਤ ਆਉਣ ਵਾਲੇ 350 ਪਾਕਿਸਤਾਨੀ ਵਪਾਰੀਆਂ ਨੂੰ ਐੱਮ. ਈ. ਏ. (ਮਨਿਸਟਰੀ ਆਫ ਐਕਸਟਰਨਲ ਅਫੇਅਰਸ) ਦੀ ਬੇਰੁਖੀ ਕਾਰਨ ਵੀਜ਼ਾ ਹੀ ਨਹੀਂ ਦਿੱਤਾ ਗਿਆ, ਜਿਸ ਕਾਰਨ ਪਾਕਿਸਤਾਨੀ ਵਪਾਰੀ ਇਸ ਅੰਤਰਰਾਸ਼ਟਰੀ ਵਪਾਰ ਮੇਲੇ 'ਚ ਸ਼ਾਮਲ ਨਹੀਂ ਹੋ ਸਕੇ।
ਪਾਈਟੈਕਸ 2017 ਅੰਤਰਰਾਸ਼ਟਰੀ ਵਪਾਰ ਮੇਲੇ ਦੀ ਗੱਲ ਕਰੀਏ ਤਾਂ ਪੰਜਾਬ 'ਚ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਪੀ. ਐੱਚ. ਡੀ. ਚੈਂਬਰ ਦੇ ਸਹਿਯੋਗ ਨਾਲ ਇਸ ਮੇਲੇ ਨੂੰ ਪ੍ਰਫੁੱਲਿਤ ਕੀਤਾ ਗਿਆ ਤੇ ਵਿਸ਼ੇਸ਼ ਰੂਪ 'ਚ ਪਾਕਿਸਤਾਨੀ ਵਪਾਰੀਆਂ ਨੂੰ ਸੱਦਾ ਦਿੱਤਾ ਗਿਆ ਸੀ, ਜਿਸ 'ਚ ਲਾਹੌਰ ਚੈਂਬਰ, ਕਰਾਚੀ ਚੈਂਬਰ ਆਫ ਕਾਮਰਸ, ਰਾਵਲਪਿੰਡੀ ਚੈਂਬਰ ਆਦਿ ਲਗਭਗ ਪਾਕਿਸਤਾਨ ਦੇ ਸਾਰੇ ਵੱਡੇ ਵਪਾਰਕ ਚੈਂਬਰਾਂ ਦੇ ਮੈਂਬਰਾਂ ਨੂੰ ਬੁਲਾਇਆ ਜਾ ਰਿਹਾ ਸੀ ਤਾਂ ਕਿ ਦੋਵਾਂ ਦੇਸ਼ਾਂ 'ਚ ਵਪਾਰਕ ਰਿਸ਼ਤੇ ਮਜ਼ਬੂਤ ਹੋਣ ਪਰ ਇਸ ਵਾਰ ਪਾਕਿਸਤਾਨ ਦਾ ਇਕ ਵੀ ਚੈਂਬਰ ਇਸ ਅੰਤਰਰਾਸ਼ਟਰੀ ਵਪਾਰ ਮੇਲੇ 'ਚ ਸ਼ਾਮਲ ਨਹੀਂ ਹੋ ਸਕਿਆ, ਇਥੋਂ ਤੱਕ ਕਿ ਵਪਾਰ ਮੇਲੇ ਵਾਲੇ ਸਥਾਨ ਤੋਂ 40 ਕਿਲੋਮੀਟਰ ਦੀ ਦੂਰੀ ਰੱਖਣ ਵਾਲੇ ਲਾਹੌਰ ਚੈਂਬਰ ਦੇ ਵਪਾਰੀਆਂ ਨੂੰ ਵੀ ਵੀਜ਼ਾ ਨਹੀਂ ਮਿਲਿਆ।
ਪੀ. ਐੱਚ. ਡੀ. ਚੈਂਬਰ ਤੋਂ ਆਰ. ਐੱਸ. ਸਚਦੇਵਾ ਨੇ ਦੱਸਿਆ ਕਿ ਸੰਸਥਾ ਵੱਲੋਂ ਪਾਕਿਸਤਾਨ ਦੇ 350 ਵਪਾਰੀਆਂ ਨੂੰ ਵੀਜ਼ੇ ਸਬੰਧੀ ਸਿਫਾਰਸ਼ ਕੀਤੀ ਗਈ ਸੀ ਪਰ ਵਿਦੇਸ਼ ਮੰਤਰਾਲਾ ਵੀਜ਼ਾ ਦੇਣ 'ਚ ਖੁਸ਼ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜਿਹੇ ਸਰਹੱਦੀ ਇਲਾਕੇ 'ਚ ਅੰਤਰਰਾਸ਼ਟਰੀ ਵਪਾਰ ਮੇਲਾ ਆਯੋਜਿਤ ਕਰਨ ਦਾ ਉਦੇਸ਼ ਇਹੀ ਹੁੰਦਾ ਹੈ ਕਿ ਇਸ ਇਲਾਕੇ 'ਚ ਉਦਯੋਗ ਵਪਾਰ ਪ੍ਰਫੁੱਲਿਤ ਹੋ ਸਕੇ ਪਰ ਪਾਕਿਸਤਾਨ ਵਰਗੇ ਗੁਆਂਢੀ ਦੇਸ਼ ਨੂੰ ਹੀ ਐੱਮ. ਈ. ਏ. ਨੇ ਵੀਜ਼ਾ ਨਹੀਂ ਦਿੱਤਾ।
ਬਿਨਾਂ ਵੀਜ਼ਾ ਪਾਕਿਸਤਾਨ ਜਾਣ ਦੀ ਸਹੂਲਤ ਮੰਗਦੇ ਹਨ ਪੰਜਾਬ ਦੇ ਵਪਾਰੀ
ਆਈ. ਸੀ. ਪੀ. ਅਟਾਰੀ ਬਾਰਡਰ ਦੇ ਰਸਤੇ ਹੋਣ ਵਾਲੇ ਭਾਰਤ-ਪਾਕਿ ਕਾਰੋਬਾਰ ਦੀ ਗੱਲ ਕਰੀਏ ਤਾਂ ਆਈ. ਸੀ. ਪੀ. ਦੀ ਉਸਾਰੀ ਹੋਣ ਤੋਂ ਬਾਅਦ ਪਾਕਿਸਤਾਨ ਤੋਂ ਆਯਾਤ-ਨਿਰਯਾਤ ਕਰਨ ਵਾਲੇ ਵਪਾਰੀਆਂ ਦੀ ਇਹੀ ਮੰਗ ਰਹੀ ਹੈ ਕਿ ਉਨ੍ਹਾਂ ਨੂੰ ਅਟਾਰੀ ਬਾਰਡਰ ਦੇ ਰਸਤੇ ਪਾਕਿਸਤਾਨ ਬਿਨਾਂ ਵੀਜ਼ਾ ਜਾਣ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ, ਇਹ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇੰਨਾ ਹੀ ਨਹੀਂ, ਵੀਜ਼ੇ ਸਬੰਧੀ ਅੰਮ੍ਰਿਤਸਰ 'ਚ ਦਫਤਰ ਬਣਾਇਆ ਜਾਵੇ ਪਰ ਅਜਿਹੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਇਥੋਂ ਤੱਕ ਕਿ ਅੰਮ੍ਰਿਤਸਰ ਦੇ ਵਪਾਰੀਆਂ ਨੂੰ ਪਾਕਿਸਤਾਨ ਜਾਣ ਲਈ ਦਿੱਲੀ ਤੋਂ ਵੀਜ਼ਾ ਲਿਆਉਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਚੱਲਣ ਵਾਲੀ ਦੋਸਤੀ ਬੱਸ ਘਾਟੇ 'ਚ ਚੱਲ ਰਹੀ ਹੈ ਅਤੇ ਇਸ 'ਚ ਬਹੁਤ ਹੀ ਘੱਟ ਯਾਤਰੀ ਸਵਾਰ ਹੁੰਦੇ ਹਨ ਕਿਉਂਕਿ ਵੀਜ਼ਾ ਦਿੱਲੀ ਤੋਂ ਲੱਗਦਾ ਹੈ, ਇਸ ਲਈ ਦਿੱਲੀ-ਲਾਹੌਰ ਵਾਲੀ ਬੱਸ ਦੇ ਜ਼ਰੀਏ ਹੀ ਯਾਤਰੀ ਯਾਤਰਾ ਕਰਦੇ ਹਨ।
ਭਾਰਤ-ਪਾਕਿ ਕਸਟਮ ਅਧਿਕਾਰੀਆਂ ਦੀ ਬੈਠਕ ਵੀ ਬੰਦ
ਆਈ. ਸੀ. ਪੀ. ਅਟਾਰੀ 'ਤੇ ਪਾਕਿਸਤਾਨ ਨਾਲ ਆਯਾਤ-ਨਿਰਯਾਤ ਸ਼ੁਰੂ ਹੋਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਕਸਟਮ ਵਿਭਾਗ ਵੱਲੋਂ ਬੈਠਕਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ, ਜਿਸ ਵਿਚ ਅੰਮ੍ਰਿਤਸਰ ਕਸਟਮ ਕਮਿਸ਼ਨਰੇਟ ਤੇ ਲਾਹੌਰ ਕਸਟਮ ਕਮਿਸ਼ਨਰੇਟ ਦੇ ਅਧਿਕਾਰੀ ਹਰ 6 ਮਹੀਨੇ ਬਾਅਦ ਇਕ-ਦੂਜੇ ਦੇ ਦੇਸ਼ 'ਚ ਜਾ ਕੇ ਬੈਠਕ ਕਰਦੇ। ਕਦੇ ਲਾਹੌਰ ਕਸਟਮ ਕਮਿਸ਼ਨਰੇਟ ਦੇ ਅਧਿਕਾਰੀ ਅੰਮ੍ਰਿਤਸਰ ਆਉਂਦੇ ਤਾਂ ਕਦੇ ਅੰਮ੍ਰਿਤਸਰ ਕਸਟਮ ਕਮਿਸ਼ਨਰੇਟ ਦੇ ਅਧਿਕਾਰੀ ਲਾਹੌਰ ਜਾਂਦੇ ਪਰ ਪਿਛਲੇ ਕਾਫ਼ੀ ਸਮੇਂ ਤੋਂ ਇਹ ਬੈਠਕ ਵੀ ਨਹੀਂ ਹੋਈ, ਜਦੋਂ ਕਿ ਇਸ ਬੈਠਕ 'ਚ ਦੋਵਾਂ ਦੇਸ਼ਾਂ ਦੇ ਅਧਿਕਾਰੀ ਆਯਾਤ-ਨਿਰਯਾਤ ਨੂੰ ਵਧਾਉਣ, ਬਾਰਡਰ 'ਤੇ ਵਪਾਰੀਆਂ ਨੂੰ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੇ ਸਮੱਗਲਿੰਗ ਰੋਕਣ ਜਿਹੇ ਮੁੱਦਿਆਂ 'ਤੇ ਵਿਚਾਰ ਚਰਚਾ ਕਰਦੇ ਸਨ ਪਰ ਇਸ ਬੈਠਕ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।


Related News