ਹਨੇਰੇ ''ਚ ਭਟਕ ਰਹੇ ਮੁੰਬਈ ਵਾਸੀ ਜੋੜੇ ਨੂੰ ਮੰਜ਼ਿਲ ''ਤੇ ਪਹੁੰਚਾਇਆ

12/13/2017 4:59:36 AM

ਅੰਮ੍ਰਿਤਸਰ, (ਅਰੁਣ)-   ਪੁਲਸ ਦੀ ਵਰਦੀ 'ਚ ਕਾਲੇ ਕਾਰਨਾਮੇ ਕਰਦਿਆਂ ਮਹਿਕਮਾ ਪੁਲਸ ਨੂੰ ਜਿਥੇ ਕੁਝ ਕਾਲੀਆਂ ਭੇਡਾਂ ਵੱਲੋਂ ਅਕਸਰ ਬਦਨਾਮੀ ਦਾ ਕਲੰਕ ਲਵਾਇਆ ਜਾਂਦਾ ਹੈ, ਉਥੇ ਪੁਲਸ ਵਿਭਾਗ ਵਿਚ ਕੁਝ ਅਜਿਹੇ ਵੀ ਅਧਿਕਾਰੀ/ਮੁਲਾਜ਼ਮ ਹਨ ਜੋ ਆਪਣੀ ਕਾਰਗੁਜ਼ਾਰੀ ਸਦਕਾ ਪੂਰੇ ਪੁਲਸ ਵਿਭਾਗ ਦਾ ਨਾਂ ਰੌਸ਼ਨ ਕਰ ਦਿੰਦੇ ਹਨ। ਅਜਿਹੀ ਹੀ ਇਕ ਘਟਨਾ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਮੁੰਬਈ ਤੋਂ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਪਤੀ-ਪਤਨੀ ਤਾਜ ਹੋਟਲ ਜਾਣ ਲਈ ਈ-ਰਿਕਸ਼ਾ 'ਤੇ ਸਵਾਰ ਹੋਏ ਪਰ ਰਾਤ ਵੇਲੇ ਹਨੇਰੇ 'ਚ ਰਿਕਸ਼ਾ ਚਾਲਕ ਕਰੀਬ 2 ਘੰਟੇ ਤੋਂ ਉਨ੍ਹਾਂ ਨੂੰ ਇਧਰ-ਉਧਰ ਲੈ ਕੇ ਘੁੰਮਦਾ ਰਿਹਾ। ਖੌਫਜ਼ਦਾ ਇਸ ਪਤੀ-ਪਤਨੀ ਕੋਲ ਕਾਰ 'ਚ ਪੁੱਜੇ ਇਕ ਪੁਲਸ ਅਧਿਕਾਰੀ ਨੇ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਇਸ ਅਧਿਕਾਰੀ ਨੂੰ ਆਪਣੀ ਹੱਡਬੀਤੀ ਤੋਂ ਜਾਣੂ ਕਰਵਾਇਆ।
ਕਾਰ ਸਵਾਰ ਇਸ ਪੁਲਸ ਅਧਿਕਾਰੀ ਨੇ ਦੋਵੇਂ ਪਤੀ-ਪਤਨੀ ਨੂੰ 4 ਕਿਲੋਮੀਟਰ ਦੇ ਕਰੀਬ ਉਨ੍ਹਾਂ ਦੇ ਹੋਟਲ ਤਾਜ ਦੇ ਕਮਰੇ 'ਚ ਪਹੁੰਚਾਇਆ। ਇਹ ਅਧਿਕਾਰੀ ਕੋਈ ਹੋਰ ਨਹੀਂ ਸਗੋਂ ਫਤਿਹਗੜ੍ਹ ਚੂੜੀਆਂ ਬਾਈਪਾਸ ਦੇ ਚੌਕੀ ਇੰਚਾਰਜ ਏ. ਐੱਸ. ਆਈ. ਗੁਰਜੀਤ ਸਿੰਘ ਸਨ। ਮੁੰਬਈ ਵਾਸੀ ਪਤੀ-ਪਤਨੀ ਨੇ ਉਕਤ ਅਧਿਕਾਰੀ ਦੀ ਕਾਰਗੁਜ਼ਾਰੀ ਸਬੰਧੀ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੂੰ ਜਾਣੂ ਕਰਵਾਇਆ। ਕਮਿਸ਼ਨਰ ਪੁਲਸ ਨੇ ਏ. ਐੱਸ. ਆਈ. ਗੁਰਜੀਤ ਸਿੰਘ ਦੀ ਸ਼ਲਾਘਾਯੋਗ ਕਾਰਵਾਈ ਤੋਂ ਖੁਸ਼ ਹੋ ਕੇ ਜਿਥੇ ਉਨ੍ਹਾਂ ਨੂੰ ਇਕ ਪ੍ਰਸ਼ੰਸਾ ਪੱਤਰ ਜਾਰੀ ਕੀਤਾ, ਉਥੇ ਨਾਲ ਹੀ ਮਹਿਕਮਾ ਪੁਲਸ ਦਾ ਨਾਂ ਰੌਸ਼ਨ ਕਰਨ ਲਈ 1 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤੇ ਜਾਣ ਦੇ ਵੀ ਹੁਕਮ ਜਾਰੀ ਕੀਤੇ।
ਦੱਸਣਯੋਗ ਹੈ ਕਿ ਉਕਤ ਏ. ਐੱਸ. ਆਈ. ਗੁਰਜੀਤ ਸਿੰਘ ਪਹਿਲਾਂ ਵੀ ਵੱਖ-ਵੱਖ ਇਲਾਕਿਆਂ ਵਿਚ ਨਿਭਾਈ ਚੰਗੀ ਕਾਰਗੁਜ਼ਾਰੀ ਕਾਰਨ ਡੀ. ਜੀ. ਪੀ. ਪੰਜਾਬ ਵੱਲੋਂ ਡਿਸਕ ਸਨਮਾਨ ਅਤੇ ਪ੍ਰਸ਼ੰਸਾ ਪੱਤਰ ਹਾਸਲ ਕਰ ਚੁੱਕੇ ਹਨ।


Related News