ਮਾਮਲਾ ਨਾਬਾਲਗ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ, ਮਾਂ ਸਮੇਤ 3 ਵਿਅਕਤੀਆਂ ਖਿਲਾਫ ਮਾਮਲਾ ਦਰਜ

08/17/2017 4:20:22 PM

ਬਰਨਾਲਾ (ਰਵੀ, ਗੋਇਲ) — ਕਰੀਬ 2 ਮਹੀਨੇ ਪਹਿਲਾਂ ਪਿੰਡ ਚੰਨਣਵਾਲ ਵਿਖੇ ਹੋਈ ਇਕ ਨਾਬਾਲਗ ਲੜਕੀ ਦੀ ਮੌਤ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ 'ਚ ਲੜਕੀ ਦੀ ਮਾਂ ਸਣੇ 3 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ। 
ਜਾਣਕਾਰੀ ਦਿੰਦਿਆਂ ਥਾਣਾ ਟੱਲੇਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ 23 ਜੂਨ 2017 ਨੂੰ ਅਨਮੋਲ ਕੌਰ (15) ਦੀ ਗੋਲੀ ਵੱਜਣ ਨਾਲ ਮੌਤ ਹੋ ਗਈ ਸੀ। ਉਦੋਂ ਮ੍ਰਿਤਕਾ ਦੀ ਮਾਂ ਵੀਰਪਾਲ ਕੌਰ ਪਤਨੀ ਗੁਰਪਿਆਰ ਸਿੰਘ ਵਾਸੀ ਚੰਨਣਵਾਲ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਸਦੀ ਲੜਕੀ ਦੀ ਇਮਤਿਹਾਨ 'ਚ ਰੀ-ਅਪੀਅਰ ਆ ਗਈ ਸੀ, ਜਿਸ ਕਾਰਨ ਉਹ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਅਤੇ ਇਸ ਕਰ ਕੇ ਉਸ ਨੇ 12 ਬੋਰ ਦੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਪਰ ਅਵਤਾਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਚੰਨਣਵਾਲ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਲੜਕੀ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ।
ਤਫਤੀਸ਼ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਵੀਰਪਾਲ ਕੌਰ ਪਤਨੀ ਗੁਰਪਿਆਰ ਸਿੰਘ ਵਾਸੀ ਚੰਨਣਵਾਲ, ਅਮਰੀਕ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਾਮੂੰਵਾਲ ਕਲਾਂ ਅਤੇ ਜਸਵੀਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਜਗਰਾਓਂ ਅਨਮੋਲ ਕੌਰ ਦੇ ਚਰਿੱਤਰ 'ਤੇ ਸ਼ੱਕ ਕਰਦੇ ਸਨ, ਜਿਸ ਕਾਰਨ ਇਨ੍ਹਾਂ ਨੇ ਉਕਤ ਲੜਕੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।


Related News