ਮਾਈਨਿੰਗ ਕਰਨ ਦੇ ਮਾਮਲਿਆਂ ''ਚ 3 ਵਿਅਕਤੀਆਂ ਖਿਲਾਫ ਕੇਸ ਦਰਜ

08/17/2017 11:09:15 AM

ਤਪਾ ਮੰਡੀ - ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਦੇ ਮਾਮਲਿਆਂ 'ਚ 3 ਵਿਅਕਤੀਆਂ 'ਤੇ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਤਪਾ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਹਿਤਾ ਦੇ ਬਲਵੀਰ ਸਿੰਘ ਪੁੱਤਰ ਗੁਰਬਚਨ ਸਿੰਘ ਤੇ ਗੁਰਬਚਨ ਸਿੰਘ ਪੁੱਤਰ ਪ੍ਰੀਤਮ ਸਿੰਘ ਜੋ ਆਪਣੀ ਜ਼ਮੀਨ 'ਚੋਂ ਗੈਰ-ਕਾਨੂੰਨੀ ਢੰਗ ਨਾਲ ਮਿੱਟੀ ਕੱਢ ਕੇ ਵੇਚਣ ਦਾ ਧੰਦਾ ਚਲਾ ਰਹੇ ਸਨ। ਜਿਨ੍ਹਾਂ ਦੀ ਗੁਪਤ ਸੂਚਨਾ ਵਿਭਾਗ ਨੂੰ ਮਿਲੀ ਤਾਂ ਜਨਰਲ ਮੈਨੇਜਰ ਕਮ ਮਾਈਨਿੰਗ ਅਫਸਰ ਜ਼ਿਲਾ ਉਦਯੋਗ ਕੇਂਦਰ ਬਰਨਾਲਾ ਸਥਿਤ ਮਾਲੇਰਕੋਟਲਾ ਵੱਲੋਂ ਅਚਾਨਕ ਰਾਤ 10 ਵਜੇ ਦੇ ਕਰੀਬ ਛਾਪੇਮਾਰੀ ਕੀਤੀ ਗਈ ਤਾਂ ਪ੍ਰਾਪਤ ਸੂਚਨਾ ਅਨੁਸਾਰ ਉਕਤ ਵਿਅਕਤੀ ਆਪਣੀ ਜ਼ਮੀਨ ਦੀ ਪੁਟਾਈ ਕਰ ਕੇ ਮਿੱਟੀ/ਰੇਤੇ ਦੀ ਨਿਕਾਸੀ ਕਰ ਰਹੇ ਸਨ। ਜਿਸ ਕਾਰਨ ਪੁਲਸ ਵੱਲੋਂ ਉਕਤ ਦੋਵੇਂ ਵਿਅਕਤੀਆਂ 'ਤੇ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 
ਇਸੇ ਤਰ੍ਹਾਂ ਹੀ ਇਕ ਹੋਰ ਦਰਜ ਮਾਈਨਿੰਗ ਮਾਮਲੇ 'ਚ ਸੂਚਨਾ ਮਿਲੀ ਸੀ ਕਿ ਸੁਰਪਿੰਦਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਮਹਿਤਾ ਵੀ ਪਿਛਲੇ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਢੰਗ ਨਾਲ ਆਪਣੀ ਜ਼ਮੀਨ 'ਚੋਂ ਮਿੱਟੀ ਕੱਢਕੇ ਵੇਚਣ ਦਾ ਗੋਰਖਧੰਦਾ ਕਰਦਾ ਆ ਰਿਹਾ ਹੈ ਜਦ ਇਸ ਮਾਮਲੇ ਦੀ ਸਬੰਧਿਤ ਵਿਭਾਗ ਦੇ ਉਕਤ ਮਾਈਨਿੰਗ ਅਫਸਰ ਨੇ ਪੜਤਾਲ ਕੀਤੀ ਤਾਂ ਮਿਲੀ ਇਤਲਾਹ ਸਹੀ ਪਾਈ ਗਈ। ਜਿਸ ਦੇ ਆਧਾਰ 'ਤੇ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ, ਦੋਸ਼ੀ ਵਿਅਕਤੀ ਹਾਲੇ ਗ੍ਰਿਫਤਾਰੀ ਤੋਂ ਬਾਹਰ ਹਨ।


Related News