ਘਬਰਾ ਗਏ ਸ਼ਹਿਰ ਦੇ ਕਈ ਬੁਕੀਜ਼

06/19/2017 8:15:05 AM

ਜਲੰਧਰ, (ਖੁਰਾਣਾ)- ਚੈਂਪੀਅਨਜ਼ ਟ੍ਰਾਫੀ ਦੇ ਤਹਿਤ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ ਵਿਚਕਾਰ ਫਾਈਨਲ ਮੈਚ ਨਾਲ ਕਈ ਉਮੀਦਾਂ ਲਾ ਕੇ ਬੈਠੇ ਸ਼ਹਿਰ ਦੇ ਮੁੱਖ ਬੁਕੀਜ਼ ਨੂੰ ਅੱਜ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ ਕਿਉਂਕਿ ਮਾਮਲਾ ਸਾਹਮਣੇ ਆ ਜਾਣ ਅਤੇ ਪੰਜਾਬ ਪੁਲਸ ਦੀ ਸਖਤੀ ਦੇ ਡਰ ਕਾਰਨ ਕਈ ਬੁਕੀਜ਼ ਘਬਰਾ ਕੇ ਬੈਠ ਗਏ ਅਤੇ ਉਨ੍ਹਾਂ ਨੇ ਅੱਜ ਕੰਮ ਹੀ ਨਹੀਂ ਕੀਤਾ। 
ਜ਼ਿਕਰਯੋਗ ਹੈ ਕਿ 'ਜਗ ਬਾਣੀ' ਨੇ ਐਤਵਾਰ ਦੇ ਅੰਕ 'ਚ ਬੁਕੀਜ਼ ਦੇ ਬਾਰੇ 'ਚ ਵਿਸਥਾਰ ਨਾਲ ਖਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਦਾ ਨੋਟਿਸ ਲੈਂਦੇ ਹੋਏ ਪੁਲਸ ਨੇ ਸਖਤੀ ਵਰਤੀ। ਕੁਝ ਦਿਨ ਪਹਿਲਾਂ ਪੰਜਾਬ ਪੱਧਰ 'ਤੇ ਗਠਿਤ ਐੱਸ. ਟੀ. ਐੱਫ. ਨੇ ਜਲੰਧਰ 'ਚ ਵੱਡੀ ਛਾਪੇਮਾਰੀ ਕਰਦੇ ਹੋਏ ਇਕ ਮੁੱਖ ਬੁਕੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਨੈੱਟਵਰਕ ਨੂੰ ਤੋੜ ਦਿੱਤਾ ਸੀ, ਜਿਸ ਨਾਲ ਡਰ ਕੇ ਵੀ ਕਈ ਬੁਕੀਜ਼ ਇਧਰ-ਉਧਰ ਹੋ ਗਏ ਹਨ। ਉਂਝ ਪਤਾ ਲੱਗਾ ਹੈ ਕਿ ਸ਼ਹਿਰ ਦੇ ਕੁਝ ਢੀਠ ਕਿਸਮ ਦੇ ਬੁਕੀਜ਼ ਨੇ ਕਪੂਰਥਲਾ, ਫਗਵਾੜਾ, ਬੰਗਾ, ਫਿਲੌਰ ਅਤੇ ਲੁਧਿਆਣਾ ਤੱਕ ਫੈਲੇ ਆਪਣੇ ਗਾਹਕਾਂ ਦੇ ਜਾਲ ਰਾਹੀਂ ਕੰਮ ਕੀਤਾ। 
ਬੁਕੀਜ਼ ਦਾ ਗੈਂਗਸਟਰਾਂ ਅਤੇ ਹਵਾਲਾ ਕਾਰੋਬਾਰੀਆਂ ਨਾਲ ਹੈ ਡੂੰਘਾ ਸੰਬੰਧ
ਪੰਜਾਬ 'ਚ ਪਿਛਲੇ ਕੁਝ ਸਮੇਂ ਤੋਂ ਗੈਂਗ ਵਾਰ ਦੀਆਂ ਵਾਰਦਾਤਾਂ ਵਧੀਆਂ ਹਨ ਅਤੇ ਗੈਂਗਸਟਰਾਂ ਨੇ ਸ਼ਰੇਆਮ ਕਈ ਕਾਰਨਾਮੇ ਕਰ ਕੇ ਪੰਜਾਬ ਪੁਲਸ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਇਸ ਸਮੇਂ ਪੰਜਾਬ ਪੁਲਸ ਦਾ ਸਾਰਾ ਜ਼ੋਰ ਗੈਂਗਸਟਰਾਂ ਨੂੰ ਕਾਬੂ ਕਰਨ 'ਤੇ ਲੱਗਾ ਹੋਇਆ ਹੈ। ਪੁਲਸ ਦਾ ਮੰਨਣਾ ਹੈ ਬੁਕੀਜ਼ ਦਾ ਗੈਂਗਸਟਰਾਂ ਅਤੇ ਹਵਾਲਾ ਕਾਰੋਬਾਰੀਆਂ ਨਾਲ ਡੂੰਘਾ ਸੰਬੰਧ ਹੈ। ਬੁਕੀਜ਼ ਵਰਲਡ 'ਚ ਕਰੋੜਾਂ ਰੁਪਏ ਦਾ ਕਾਲਾ ਧਨ ਆਉਂਦਾ ਅਤੇ ਜਾਂਦਾ ਹੈ, ਜਿਸ ਨੂੰ ਹਵਾਲਾ ਕਾਰੋਬਾਰੀਆਂ ਵੱਲੋਂ ਖਪਾਇਆ ਜਾਂਦਾ ਹੈ। ਵਸੂਲੀ ਆਦਿ ਲਈ ਬੁਕੀਜ਼ ਨੂੰ ਗੈਂਗਸਟਰਾਂ ਦੀ ਸਰਪ੍ਰਸਤੀ ਦੀ ਜ਼ਰੂਰਤ ਪੈਂਦੀ ਹੈ ਅਤੇ ਹਰ ਬੁਕੀਜ਼ ਇਨ੍ਹਾਂ ਗੈਂਗਸਟਰਾਂ ਆਦਿ ਨੂੰ ਫੰਡ ਆਦਿ ਮੁਹੱਈਆ ਕਰਵਾਉਂਦਾ ਹੈ। ਆਉਣ ਵਾਲੇ ਦਿਨਾਂ 'ਚ ਪੰਜਾਬ ਪੁਲਸ ਦੀ ਐੱਸ. ਟੀ. ਐੱਫ. ਵਲੋਂ ਬੁਕੀਜ਼, ਗੈਂਗਸਟਰਾਂ ਅਤੇ ਹਵਾਲਾ ਕਾਰੋਬਾਰੀਆਂ ਦਾ ਲੱਕ ਤੋੜਨ ਦੀ ਮੁਹਿੰਮ ਜੰਗੀ ਪੱਧਰ 'ਤੇ ਚਲਾਏ ਜਾਣ ਦੀ ਆਸ ਪ੍ਰਗਟਾਈ ਜਾ ਰਹੀ ਹੈ। 
'ਚਿੱਟੇ' ਤੋਂ ਵੀ ਜ਼ਿਆਦਾ ਖਤਰਨਾਕ ਹੈ ਸੱਟਾ
ਅਸਲ 'ਚ ਕ੍ਰਿਕਟ ਮੈਚਾਂ 'ਤੇ ਸੱਟੇ ਦੀ ਆਦਤ 'ਚਿੱਟੇ' ਤੋਂ ਵੀ ਜ਼ਿਆਦਾ ਖਤਰਨਾਕ ਹੈ। ਕ੍ਰਿਕਟ ਮੈਚ ਦੇਖਣ ਦਾ ਰੁਮਾਂਚ ਹੌਲੀ-ਹੌਲੀ ਸ਼ਰਤ ਲਾਉਣ 'ਚ ਬਦਲ ਜਾਂਦਾ ਹੈ, ਜੋ ਬਾਅਦ 'ਚ ਸੱਟੇਬਾਜ਼ੀ ਦੀ ਨੀਂਹ ਬਣਦਾ ਹੈ। ਪਿਛਲੇ ਸਮੇਂ ਦੌਰਾਨ ਜਲੰਧਰ ਵਰਗੇ ਸ਼ਹਿਰਾਂ 'ਚ ਖੁੱਲ੍ਹੇਆਮ ਸੱਟੇਬਾਜ਼ੀ ਦਾ ਦੌਰ ਚੱਲਦਾ ਰਿਹਾ ਅਤੇ ਉਸ ਸਮੇਂ ਪੁਲਸ ਦੇ ਕਈ ਸੀਨੀਅਰ ਅਧਿਕਾਰੀ ਇਨ੍ਹਾਂ ਸੱਟੇਬਾਜ਼ਾਂ ਨੂੰ ਖੁੱਲ੍ਹੀ ਸਰਪ੍ਰਸਤੀ ਦਿੰਦੇ ਰਹੇ, ਜਿਸ ਨਾਲ ਇਨ੍ਹਾਂ ਬੁਕੀਜ਼ ਦੇ ਹੌਸਲੇ ਇੰਨੇ ਵਧ ਗਏ ਕਿ ਇਨ੍ਹਾਂ ਨੇ ਆਮ ਘਰਾਂ ਦੇ ਨੌਜਵਾਨਾਂ ਅਤੇ ਸਕੂਲੀ ਬੱਚਿਆਂ ਤੱਕ ਨੂੰ ਆਪਣਾ ਗਾਹਕ ਬਣਾ ਲਿਆ। ਪਿਛਲੇ ਸਮੇਂ ਦੌਰਾਨ ਬੁਕੀਜ਼ ਦੇ ਹੱਥੋਂ ਲੁੱਟਣ ਤੋਂ ਬਾਅਦ ਸ਼ਹਿਰ ਦੇ ਕਈ ਘਰਾਣਿਆਂ ਦੇ ਕਈ ਚਿਰਾਗ ਬੁਝ ਗਏ ਅਤੇ ਕਈਆਂ ਦੀ ਆਤਮਹੱਤਿਆ ਦਾ ਕਾਰਨ ਇਨ੍ਹਾਂ ਬੁਕੀਜ਼ ਨੂੰ ਮੰਨਿਆ ਗਿਆ ਪਰ ਇਸ ਦੇ ਬਾਵਜੂਦ ਇਹ ਵਪਾਰ ਵਧਦਾ-ਫੁੱਲਦਾ ਰਿਹਾ। 
ਕਾਂਗਰਸ ਨੇ ਪੰਜਾਬ 'ਚ ਚੋਣ ਰਾਜਨੀਤੀ ਦੇ ਤਹਿਤ 'ਚਿੱਟੇ' ਦੇ ਵਪਾਰ ਨੂੰ ਮੁੱਖ ਨਿਸ਼ਾਨਾ ਬਣਾਇਆ ਅਤੇ ਜਿੱਤਣ ਤੋਂ ਬਾਅਦ 'ਚਿੱਟੇ' ਜਿਹੇ ਨਸ਼ੇ ਨੂੰ ਖਤਮ ਕਰਨ ਦੀ ਦਿਸ਼ਾ 'ਚ ਪੰਜਾਬ ਪੁਲਸ ਦੀ ਓਵਰਹਾਲਿੰਗ ਕੀਤੀ, ਜਿਸਦਾ ਅਸਰ ਹੁਣ ਬੁਕੀਜ਼ ਵਰਲਡ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕਈ ਬੁਕੀਜ਼ ਦੀ ਕਈ ਸਾਲਾਂ ਤੋਂ ਪੁਲਸ ਅਧਿਕਾਰੀਆਂ ਨਾਲ ਜੋ ਸੈਟਿੰਗ ਚੱਲ ਰਹੀ ਸੀ, ਉਹ ਟੁੱਟ ਜਾਣ ਦੇ ਕਾਰਨ ਹੁਣ ਉਨ੍ਹਾਂ ਦੇ ਕਾਰੋਬਾਰ 'ਤੇ ਅਸਰ ਪਿਆ। ਇਸ ਤੋਂ ਇਲਾਵਾ ਆਮ ਗਾਹਕ ਵੀ ਪੁਲਸ ਦੀ ਸਰਗਰਮੀ ਤੋਂ ਡਰ ਗਏ ਹਨ। ਆਨਲਾਈਨ ਲੱਗਦੇ ਸੱਟੇ ਨੇ ਵੀ ਬੁਕੀਜ਼ ਕਾਰੋਬਾਰ 'ਤੇ ਅਸਰ ਪਾਇਆ ਹੈ। ਗੈਂਗਸਟਰਾਂ 'ਤੇ ਹੋ ਰਹੀ ਸਖਤੀ ਕਾਰਨ ਵੀ ਉਨ੍ਹਾਂ ਦੇ ਬੁਕੀਜ਼ ਨਾਲ ਰਿਸ਼ਤੇ ਸਪੱਸ਼ਟ ਹੋ ਰਹੇ ਹਨ, ਜਿਸ ਕਾਰਨ ਪੰਜਾਬ ਦੇ ਮੁੱਖ ਸ਼ਹਿਰਾਂ 'ਚ ਬੈਠੇ ਬੁਕੀਜ਼ ਇਨ੍ਹੀਂ ਦਿਨੀਂ ਫੜਫੜਾ ਰਹੇ ਹਨ। 


Related News