ਕਰੋੜਾਂ ਦਾ ਅਨਾਜ ਖਾ ਗਏ ਕੀੜੇ

07/23/2017 7:37:46 AM

ਪਟਿਆਲਾ  (ਬਲਜਿੰਦਰ) - ਖਰੀਦ ਏਜੰਸੀਆਂ ਦੀ ਲਾਪ੍ਰਵਾਹੀ ਤੇ ਸਰਕਾਰ ਦੀਆਂ ਨੀਤੀਆਂ ਕਾਰਨ ਇਕੱਲੇ ਪਟਿਆਲਾ ਜ਼ਿਲੇ ਵਿਚ ਪਿਛਲੇ 7 ਸਾਲਾਂ ਵਿਚ ਖੁੱਲ੍ਹੇ ਆਸਮਾਨ ਹੇਠ ਸਟੋਰ ਕਰੋੜਾਂ ਦਾ ਅਨਾਜ ਕੀੜੇ ਹੀ ਖਾ ਗਏ। ਸਹੀ ਤਰੀਕੇ ਨਾਲ ਅਨਾਜ ਦੇ ਭੰਡਾਰ ਅਤੇ ਉਸ ਦੀ ਸੰਭਾਲ ਨਾ ਹੋਣ ਕਾਰਨ ਅਨਾਜ ਦੀ ਹਾਲਤ ਇਹ ਹੋ ਗਈ ਹੈ ਕਿ ਉਹ ਹੁਣ ਇਹ ਜਾਨਵਰਾਂ ਦੇ ਖਾਣ-ਲਾਇਕ ਵੀ ਨਹੀਂ ਬਚਿਆ। ਇਸ ਵਿਚੋਂ ਜ਼ਿਆਦਾਤਰ ਅਨਾਜ ਸਾਲ 2009-10 ਸਾਲ ਦਾ ਹੈ, ਜੋ ਕਿ ਗੋਦਾਮਾਂ ਵਿਚ ਖੁੱਲ੍ਹੇ ਆਸਮਾਨ ਹੇਠ ਗਲ-ਸੜ ਰਿਹਾ ਹੈ। ਇਸ ਅਨਾਜ ਨੂੰ ਬਚਾਉੁਣ ਲਈ ਸੰਬੰਧਿਤ ਏਜੰਸੀਆਂ ਨੂੰ ਜੋ ਕਾਰਵਾਈ ਕਰਨੀ ਚਾਹੀਦੀ ਹੈ, ਉਹ ਇੰਨੀ ਹੌਲੀ ਹੈ ਕਿ ਮੰਨੋ ਉਸ ਦੇ ਖਰਾਬ ਹੋਣ ਦੀ ਉਡੀਕ ਕਰ ਰਹੇ ਹੋਣ। 'ਜਗ ਬਾਣੀ' ਵੱਲੋਂ ਜ਼ਿਲੇ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤੇ ਗਏ ਸਰਵੇ ਵਿਚ ਸਾਹਮਣੇ ਆਇਆ ਕਿ ਵੱਡੀ ਮਾਤਰਾ ਵਿਚ ਅਨਾਜ ਓਪਨ ਗੋਦਾਮਾਂ ਵਿਚ ਖਰਾਬ ਹੋ ਰਿਹਾ ਹੈ, ਜਿਸ ਨਾਲ ਜਿਥੇ ਅਨਾਜ ਦੀ ਬਰਬਾਦੀ ਹੋ ਰਹੀ ਹੈ, ਉੁਥੇ ਕਣਕ ਦੀ ਖਰੀਦ ਅਤੇ ਉਸ ਦੀ ਸੰਭਾਲ ਵਿਚ ਖਰਚ ਹੋਏ ਕਰੋੜਾਂ ਰੁਪਏ ਵੀ ਬਰਬਾਦ ਹੋ ਰਹੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਐਗਰੋ ਏਜੰਸੀ ਦੇ ਸਰਹਿੰਦ ਰੋਡ ਸਥਿਤ ਪਿੰਡ ਬਾਰਨ ਵਿਚ ਸਥਿਤ ਗੋਦਾਮ ਵਿਚ ਅਨਾਜ ਦੀਆਂ ਲੱਖਾਂ ਬੋਰੀਆਂ ਸਹੀ ਤਰੀਕੇ ਨਾਲ ਸੰਭਾਲੀਆਂ ਨਾ ਹੋਣ ਕਾਰਨ ਹੀ ਖਰਾਬ ਹੋ ਗਈਆਂ। ਵਿਭਾਗ ਨੂੰ ਬਾਅਦ ਵਿਚ ਇਸ ਗੋਦਾਮ ਦੀ ਖਰਾਬ ਹੋਈ ਕਣਕ ਨੂੰ ਬਹੁਤ ਹੀ ਘੱਟ ਰੇਟ ਵਿਚ ਵੇਚਣੀ ਪਈ। ਪੰਜਾਬ ਐਗਰੋ ਇਸ ਤੋਂ ਪਹਿਲਾਂ ਸਨੌਰ, ਦੇਵੀਗੜ੍ਹ ਵਿਚ ਖਰਾਬ ਅਨਾਜ ਨੂੰ ਘੱਟ ਰੇਟਾਂ ਵਿਚ ਵੇਚਣਾ ਪਿਆ ਸੀ। ਪੰਜਾਬ ਐਗਰੋ ਦੇ ਸਮਾਣਾ ਅਤੇ ਪਾਤੜਾਂ ਗੋਦਾਮਾਂ ਦੀ ਹਾਲਤ ਵੀ ਕੋਈ ਵਧੀਆ ਨਹੀਂ ਹੈ। ਸਮਾਣਾ ਵਿਚ ਪਨਗ੍ਰੇਨ ਦੀ ਇਕ ਲੱਖ ਕਣਕ ਦੀਆਂ ਬੋਰੀਆਂ ਤੇ ਮਾਰਕਫੈੱਡ ਦੀਆਂ 65 ਹਜ਼ਾਰ ਬੋਰੀਆਂ ਖਰਾਬ ਹੋ ਰਹੀਆਂ ਹਨ। ਕਣਕ ਦੇ ਖਰਾਬ ਹੋਣ ਅਤੇ ਕਣਕ ਦੀ ਸ਼ਾਰਟੇਜ ਦੇ ਮਾਮਲੇ ਵਿਚ ਪਨਗ੍ਰੇਨ 2 ਅਧਿਕਾਰੀਆਂ ਸਮੇਤ 5 ਇੰਸਪੈਕਟਰਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ ਕੁੱਝ ਨੂੰ ਤਾਂ ਟੈਂਡਰ ਕਰ ਕੇ ਘੱਟ ਰੇਟਾਂ ਵਿਚ ਵੇਚ ਦਿੱਤਾ ਗਿਆ ਹੈ। ਭਾਰੀ ਮਾਤਰਾ ਵਿਚ ਅਨਾਜ ਅਜੇ ਗੋਦਾਮਾਂ ਵਿਚ ਹੀ ਖਰਾਬ ਹੋ ਰਿਹਾ ਹੈ।


Related News