ਫੇਸਬੁੱਕ ਕੁਮੈਂਟਸ ਨੂੰ ਲੈ ਕੇ ਹੋਈ ਬਹਿਸ ''ਚ ਫਾਇਰਿੰਗ, 2 ਜ਼ਖਮੀ

08/17/2017 7:59:13 AM

ਲੁਧਿਆਣਾ, (ਪੰਕਜ)- ਗਿੱਲ ਚੌਕ ਨੇੜੇ ਗੱਡੀ ਧੋਹ ਰਹੇ 2 ਭਰਾਵਾਂ ਦੀ ਫੇਸਬੁੱਕ 'ਤੇ ਹੋਏ ਕੁਮੈਂਟਸ ਨੂੰ ਲੈ ਕੇ ਉਥੋਂ ਲੰਘ ਰਹੇ ਲੜਕਿਆਂ ਨਾਲ ਤਕਰਾਰ ਇੰਨੀ ਵੱਧ ਗਈ ਕਿ ਦੋਵੇਂ ਭਰਾਵਾਂ ਨੂੰ ਬਚਾਉਣ ਪਹੁੰਚੇ ਪਿਤਾ ਨੂੰ ਹਵਾਈ ਫਾਇਰਿੰਗ ਕਰਨੀ ਪਈ। ਮਿਲੀ ਜਾਣਕਾਰੀ ਅਨੁਸਾਰ ਗਿੱਲ ਰੋਡ ਸਥਿਤ ਸਲੂਜਾ ਵਾਸ਼ਿੰਗ ਪੁਆਇੰਟ 'ਤੇ ਗੱਡੀ ਧੁਆਉਣ ਪਹੁੰਚੇ ਅਮਨਦੀਪ ਸਿੰਘ ਦੀ ਫੇਸਬੁੱਕ 'ਤੇ ਕੀਤੇ ਕੁਮੈਂਟ ਨੂੰ ਲੈ ਕੇ ਇਸੇ ਇਲਾਕੇ ਦੇ ਈਸ਼ਪ੍ਰੀਤ ਸਿੰਘ ਸੋਹਲ ਤੇ ਮਨਜੋਤ ਸਿੰਘ ਨਾਲ ਬਹਿਸ ਹੋ ਗਈ। ਇਸ ਦੌਰਾਨ ਅਮਨਦੀਪ ਦਾ ਭਰਾ ਦਿਲਪ੍ਰੀਤ ਵੀ ਉਥੇ ਪਹੁੰਚ ਗਿਆ। ਉਧਰ ਈਸ਼ਪ੍ਰੀਤ ਨੇ ਵੀ ਆਪਣੇ ਸਾਥੀਆਂ ਹਨੀ ਤੇ ਨੀਟਾ ਨੂੰ ਉਥੇ ਬੁਲਾ ਲਿਆ ਤੇ ਦੋਵੇਂ ਭਰਾਵਾਂ ਨਾਲ ਕੁੱਟਮਾਰ ਕਰ ਦਿੱਤੀ।
ਘਟਨਾ ਦਾ ਪਤਾ ਲਗਦੇ ਹੀ ਉਥੇ ਪਹੁੰਚੇ ਅਮਨਦੀਪ ਤੇ ਦਿਲਪ੍ਰੀਤ ਦੇ ਪਿਤਾ ਇੰਦਰ ਪਾਲ ਸਿੰਘ ਟੋਨੀ ਨੇ ਹਮਲਾਵਰਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ। ਜਦੋਂ ਉਹ ਨਹੀਂ ਹਟੇ ਤਾਂ ਟੋਨੀ ਨੇ ਆਪਣੇ ਬੇਟਿਆਂ ਨੂੰ ਬਚਾਉਣ ਲਈ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤਾ, ਜਿਸ 'ਤੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਛੱਡਿਆ ਤੇ ਭੱਜ ਗਏ।
ਜਾਣਕਾਰੀ ਮਿਲਣ 'ਤੇ ਏ. ਡੀ. ਸੀ. ਪੀ. ਸੰਦੀਪ ਗਰਗ, ਏ. ਸੀ. ਪੀ. ਨਵੀਨ ਕੁਮਾਰ ਤੇ ਥਾਣਾ ਮੁਖੀ ਘਟਨਾ ਸਥਾਨ 'ਤੇ ਪਹੁੰਚੇ ਤੇ ਟੋਨੀ ਦੇ ਬਿਆਨਾਂ 'ਤੇ ਮੁਲਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਕੀਤੀ। ਦੂਸਰੇ ਪਾਸੇ ਝਗੜਾ ਕਰਨ ਵਾਲੇ ਇਕ ਸਾਬਕਾ ਅਕਾਲੀ ਕੌਂਸਲਰ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਨੇ ਆਪਣੇ ਉਪਰ ਲਾਏ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ।


Related News