ਖਿੱਲਰੇ ਰਿਕਾਰਡ ਨਾਲ ਕਰਮਚਾਰੀਆਂ ਦੀ ਜਾਨ ਆਫਤ ''ਚ

12/13/2017 3:53:50 AM

ਜਲੰਧਰ, (ਬੁਲੰਦ)- ਸਥਾਨਕ ਲੇਬਰ ਵਿਭਾਗ ਦਾ ਹਾਲ ਇਨ੍ਹੀਂ ਦਿਨੀਂ ਕਬਾੜ ਦੀ ਦੁਕਾਨ ਤੋਂ ਵੀ ਮਾੜਾ ਬਣਿਆ ਹੋਇਆ ਹੈ। ਵਿਭਾਗ ਨੂੰ ਇਕ ਰਿਕਾਰਡ ਰੂਮ ਦੀ ਲੋੜ ਹੈ। ਆਲਮ ਇਹ ਹੈ ਕਿ ਰਿਕਾਰਡ ਰੂਮ ਨਾ ਹੋਣ ਕਾਰਨ ਸਾਰਾ ਰਿਕਾਰਡ ਬੋਰੀਆਂ 'ਚ ਭਰ ਕੇ ਸਾਰੇ ਦਫਤਰ ਅੰਦਰ ਅਲਮਾਰੀਆਂ ਦੇ ਉਪਰ ਅਤੇ ਜਿਥੇ ਜਗ੍ਹਾ ਮਿਲਦੀ ਹੈ, ਉਥੇ ਰੱਖਿਆ ਹੋਇਆ ਹੈ। ਲੇਬਰ ਵਿਭਾਗ ਦੇ ਕਰਮਚਾਰੀਆਂ ਦੀ ਹਾਲਤ ਇਹ ਹੈ ਕਿ ਉਹ ਨਾ ਤਾਂ ਆਪਣੀ ਇਸ ਪ੍ਰੇਸ਼ਾਨੀ ਦੀ ਕਿਸੇ ਨੂੰ ਸ਼ਿਕਾਇਤ ਕਰ ਸਕਦੇ ਹਨ ਅਤੇ ਨਾ ਹੀ ਇਸ ਪ੍ਰੇਸ਼ਾਨੀ ਦਾ ਕੋਈ ਹੱਲ ਹੀ ਨਿਕਲ ਰਿਹਾ ਹੈ।
ਮਾਮਲੇ ਬਾਰੇ ਵਿਭਾਗੀ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਸਾਰਾ ਰਿਕਾਰਡ ਬੋਰੀਆਂ ਵਿਚ ਭਰ ਕੇ ਬਾਹਰ ਬਰਾਂਡੇ ਵਿਚ ਰੱਖਿਆ ਹੋਇਆ ਸੀ। ਇਕ ਦਿਨ ਡੀ. ਸੀ. ਨੇ ਜਦੋਂ ਤੀਸਰੀ ਮੰਜ਼ਿਲ ਦਾ ਦੌਰਾ ਕੀਤਾ ਤਾਂ ਰਿਕਾਰਡ ਬਰਾਂਡੇ ਵਿਚ ਪਿਆ ਦੇਖ ਕੇ ਗੁੱਸੇ ਵਿਚ ਆ ਗਏ ਅਤੇ ਵਿਭਾਗੀ ਕਰਮਚਾਰੀਆਂ ਨੂੰ ਸਾਰਾ ਰਿਕਾਰਡ ਦਫਤਰ ਅੰਦਰ ਰੱਖਣ ਨੂੰ ਕਿਹਾ। ਇਸ ਤੋਂ ਬਾਅਦ ਕਰਮਚਾਰੀਆਂ ਨੇ ਸਾਰਾ ਰਿਕਾਰਡ ਦਫਤਰ ਵਿਚ ਐਡਜਸਟ ਕੀਤਾ ਪਰ ਟੁੱਟੀਆਂ ਅਲਮਾਰੀਆਂ ਅਤੇ ਫਰਨੀਚਰ ਦਾ ਸਾਰਾ ਕਬਾੜ ਵਰਾਂਡੇ ਵਿਚ ਹੀ ਪਿਆ ਹੋਇਆ ਹੈ। ਇਸ ਸਮੇਂ ਆਲਮ ਇਹ ਹੈ ਕਿ ਲੇਬਰ ਆਫਿਸ ਦੇ ਕਮਰਿਆਂ ਵਿਚ ਦਫਤਰੀ ਰਿਕਾਰਡ ਲਗਾਤਾਰ ਮਿੱਟੀ ਨਾਲ ਭਰਦਾ ਜਾ ਰਿਹਾ ਹੈ ਅਤੇ ਇਹ ਮਿੱਟੀ ਸਾਹ ਲੈਂਦੇ ਸਮੇਂ ਲੇਬਰ ਵਿਭਾਗ ਦੇ ਕਰਮਚਾਰੀਆਂ ਦੇ ਫੇਫੜਿਆਂ ਨੂੰ ਖਰਾਬ ਕਰ ਰਹੀ ਹੈ।
ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਕਈ ਦਿਨਾਂ ਤੋਂ ਵਿਭਾਗੀ ਕਰਮਚਾਰੀਆਂ ਨੂੰ ਸਾਹ ਲੈਣ 'ਚ ਦਿੱਕਤ ਅਤੇ ਜ਼ੁਕਾਮ ਦੀ ਸਮੱਸਿਆਂ ਵਧੀ ਹੈ, ਜਿਸ ਦਾ ਕਾਰਨ ਗੰਦੇ ਵਾਤਾਵਰਣ ਵਿਚ ਰਹਿਣਾ ਹੀ ਹੈ। ਵਿਭਾਗ ਦੇ ਕਰਮਚਾਰੀਆਂ ਦੀ ਮੰਗ ਹੈ ਕਿ ਲੇਬਰ ਵਿਭਾਗ ਨੂੰ ਜਲਦ ਵੱਖਰਾ ਰਿਕਾਰਡ ਰੂਮ ਮਿਲੇ ਤਾਂ ਜੋ ਸਾਰਾ ਰਿਕਾਰਡ ਤੇ ਕਬਾੜ ਇਕ ਜਗ੍ਹਾ ਸੰਭਾਲਿਆ ਜਾ ਸਕੇ।


Related News