ਕੌਂਸਲਰ ਹੋਏ ਇਕਜੁਟ, ਈ. ਓ. ਖਿਲਾਫ ਖੋਲ੍ਹਿਆ ਮੋਰਚਾ

12/13/2017 3:35:10 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਨਗਰ ਕੌਂਸਲ ਦੇ ਈ. ਓ. ਵਲੋਂ ਕਾਂਗਰਸੀ ਕੌਂਸਲਰ ਨਾਲ ਕਥਿਤ ਤੌਰ 'ਤੇ ਬਦਸਲੂਕੀ ਕਰਨ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਸਾਰੀਆਂ ਪਾਰਟੀਆਂ ਦੇ ਕੌਂਸਲਰ ਇਕ ਮੰਚ 'ਤੇ ਆ ਗਏ ਹਨ, ਜਿਨ੍ਹਾਂ ਨੇ ਇਕੱਠੇ ਹੋ ਕੇ ਈ.ਓ. ਬਰਨਾਲਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮੁੱਦੇ 'ਤੇ ਕਾਂਗਰਸ, ਅਕਾਲੀ ਦਲ, ਭਾਜਪਾ ਦੀ ਟਿਕਟ 'ਤੇ ਅਤੇ ਆਜ਼ਾਦ ਤੌਰ 'ਤੇ ਜਿੱਤੇ ਕੌਂਸਲਰਾਂ ਨੇ ਨਗਰ ਕੌਂਸਲ ਦੇ ਦਫਤਰ 'ਚ ਮੀਟਿੰਗ ਕੀਤੀ ਅਤੇ ਈ.ਓ. ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।
ਸੰਘਰਸ਼ ਵਿੱਢਣ ਦੀ ਚਿਤਾਵਨੀ
ਕਾਂਗਰਸੀ ਕੌਂਸਲਰ ਕੁਲਦੀਪ ਕੁਮਾਰ ਧਰਮਾ ਨੇ ਕਿਹਾ ਕਿ ਈ.ਓ. ਬਰਨਾਲਾ ਵਲੋਂ ਚੁਣੇ ਹੋਏ ਨੁਮਾਇੰਦਿਆਂ ਦਾ ਸਨਮਾਨ ਨਹੀਂ ਕੀਤਾ ਜਾਂਦਾ ਜਦੋਂ ਕਿ ਸਰਕਾਰਾਂ ਦੇ ਨਿਰਦੇਸ਼ ਹਨ ਕਿ ਲੋਕਾਂ ਵਲੋਂ ਚੁਣੇ ਹੋਏ ਪ੍ਰਤੀਨਿਧੀਆਂ ਦਾ ਸਾਰੇ ਅਫਸਰ ਸਨਮਾਨ ਕਰਨ।  ਜੇਕਰ ਉਨ੍ਹਾਂ ਨੂੰ ਨਾ ਬਦਲਿਆ ਗਿਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ।
ਵਿਕਾਸ ਕਾਰਜ ਦੀ ਜਾਂਚ ਲਈ ਕੀਤਾ ਗਿਆ ਸੀ 3 ਮੈਂਬਰੀ ਕਮੇਟੀ ਦਾ ਗਠਨ
ਅਕਾਲੀ ਕੌਂਸਲਰ ਧਰਮ ਸਿੰਘ ਫੌਜੀ ਅਤੇ ਆਜ਼ਾਦ ਕੌਂਸਲਰ ਪ੍ਰਵੀਨ ਕੁਮਾਰ ਬਬਲੀ ਨੇ ਦੋਸ਼ ਲਾਇਆ ਕਿ ਧਨੌਲਾ ਰੋਡ ਦੇ ਕੰਮਾਂ 'ਚ ਵੱਡਾ ਘਪਲਾ ਹੋਇਆ ਹੈ।  2015 ਤੋਂ ਲੈ ਕੇ ਹੁਣ ਤੱਕ ਹੋਏ ਵਿਕਾਸ ਕਾਰਜਾਂ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਕਾਂਗਰਸੀ ਕੌਂਸਲਰ ਮਹੇਸ਼ ਲੋਟਾ, ਅਕਾਲੀ ਕੌਂਸਲਰ ਰੰਮੀ ਢਿੱਲੋਂ ਅਤੇ ਸੋਨੀ ਜਾਗਲ ਨੂੰ ਲਿਆ ਗਿਆ ਸੀ। ਕਮੇਟੀ ਵਲੋਂ ਕਲੀਅਰੈਂਸ ਦੇਣ ਤੋਂ ਬਾਅਦ ਹੀ ਠੇਕੇਦਾਰਾਂ ਨੂੰ ਕੰਮਾਂ ਦੀ ਅਦਾਇਗੀ ਕਰਨੀ ਸੀ, ਜਿਸ ਦਾ ਮਤਾ ਬਕਾਇਦਾ ਕੌਂਸਲਰਾਂ ਦੀ ਮੀਟਿੰਗ 'ਚ ਪਾਇਆ ਗਿਆ ਸੀ ਪਰ ਬਾਅਦ 'ਚ ਪ੍ਰੋਸੀਡਿੰਗ 'ਚ ਇਹ ਸ਼ਬਦ ਹਟਾ ਦਿੱਤੇ ਗਏ। ਇਹ ਚੁਣੇ ਪ੍ਰਤੀਨਿਧੀਆਂ ਦੀ ਆਵਾਜ਼ ਦਬਾਉਣ ਲਈ ਕੀਤਾ ਗਿਆ ਹੈ। ਇਸ ਮੌਕੇ ਅਕਾਲੀ ਕੌਂਸਲਰ ਰਵਿੰਦਰ ਸਿੰਘ ਰੰਮੀ ਢਿੱਲੋਂ, ਭਾਜਪਾ ਕੌਂਸਲਰ ਰਘੁਵੀਰ ਪ੍ਰਕਾਸ਼ ਗਰਗ, ਹਨੀ ਸ਼ਰਮਾ, ਸੁਖਪਾਲ ਸਿੰਘ, ਜਗਰਾਜ ਪੰਡੋਰੀ ਆਦਿ ਹਾਜ਼ਰ ਸਨ। 
ਕੀ ਕਹਿੰਦੇ ਨੇ ਈ. ਓ.
ਜਦੋਂ ਇਸ ਸਬੰਧ 'ਚ ਈ.ਓ. ਬਰਨਾਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਮੀਟਿੰਗ 'ਚ ਹਾਂ। ਇਸ ਲਈ ਮੈਂ ਇਸ ਸਮੇਂ ਕੋਈ ਵੀ ਗੱਲਬਾਤ ਨਹੀਂ ਕਰ ਸਕਦਾ। 
ਭਿਸ਼ਟਾਚਾਰ ਦੇ ਲਾਏ ਦੋਸ਼
ਕਾਂਗਰਸੀ ਕੌਂਸਲਰ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਈ. ਓ. ਬਰਨਾਲਾ ਨੇ ਬੀਤੇ ਦਿਨੀਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਸੀ।
ਉਹ ਚੁਣੇ ਹੋਏ ਨੁਮਾਇੰਦਿਆਂ ਦਾ ਸਨਮਾਨ ਨਹੀਂ ਕਰਦੇ ਅਤੇ ਉਨ੍ਹਾਂ ਦਾ ਧਿਆਨ ਭ੍ਰਿਸ਼ਟਾਚਾਰ ਕਰਨ ਵੱਲ ਹੈ। ਕੁਝ ਮਹੀਨੇ ਪਹਿਲਾਂ ਸ਼ਹਿਰ 'ਚੋਂ ਗਊਵੰਸ਼ ਨੂੰ ਫੜ ਕੇ ਮਨਾਲ ਗਊਸ਼ਾਲਾ 'ਚ ਭੇਜਿਆ ਗਿਆ ਸੀ। ਗਊਵੰਸ਼ਾਂ ਨੂੰ ਸਫਾਈ ਸੇਵਕਾਂ ਨੇ ਫੜਿਆ ਸੀ ਪਰ ਨਗਰ ਕੌਂਸਲ ਬਰਨਾਲਾ ਨੇ 1 ਲੱਖ 55 ਹਜ਼ਾਰ ਦੀ ਪੇਮੈਂਟ ਗਊਵੰਸ਼ ਨੂੰ ਫੜਨ ਦੇ ਖਰਚੇ 'ਚ ਪਾ ਦਿੱਤੀ, ਜੋ ਕਿ ਸਰਾਸਰ ਨਾਜਾਇਜ਼ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। 


Related News