ਪੰਜਾਬ ''ਚ ਅਕਾਲੀ ਦਲ ਅਤੇ ਦਿੱਲੀ ''ਚ ਭਾਜਪਾ ਪਾ ਰਹੀ ਏ ''ਆਪ'' ਵਿਧਾਇਕਾਂ ''ਤੇ ਡੋਰੇ

05/01/2017 3:42:22 PM

ਜਲੰਧਰ  (ਬੁਲੰਦ) - ਆਮ ਆਦਮੀ ਪਾਰਟੀ ਦੇ ਲਈ ਆਉਣ ਵਾਲੇ ਦਿਨ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਣਗੇ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗ ਰਿਹਾ ਹੈ ਕਿ ਇਕ ਤਾਂ ਲਗਾਤਾਰ ਤਿੰਨ ਚੋਣਾਂ ਹਾਰ ਚੁੱਕੀ ਆਮ ਆਦਮੀ ਪਾਰਟੀ ਉਂਝ ਹੀ ਅੰਦਰੋਂ ਟੁੱਟ ਚੁੱਕੀ ਹੈ, ਉਪਰੋਂ ਪਾਰਟੀ ਅੰਦਰ ਇਸ ਹੱਦ ਤਕ ਖਿੱਚੋਤਾਣ ਸ਼ੁਰ ਹੋ ਗਈ ਹੈ ਕਿ ਅਰਵਿੰਦ ਕੇਜਰੀਵਾਲ ਦਾ ਕੱਦ ਕੁਮਾਰ ਵਿਸ਼ਵਾਸ, ਭਗਵੰਤ ਮਾਨ ਅਤੇ ਐੱਚ. ਐੱਸ. ਫੂਲਕਾ ਵਰਗੇ ਆਗੂਆਂ ਅੱਗੇ ਛੋਟਾ ਹੁੰਦਾ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਜਿਸ ਤਰ੍ਹਾਂ ਇਕ ਵੱਡੀ ਸਫਲਤਾ ਵੱਲ ਵਧਣ ਵਾਲੀ ਪਾਰਟੀ ਬਣ ਕੇ ਉੱਭਰੀ ਸੀ, ਉਸੇ ਤੇਜ਼ੀ ਨਾਲ ਉਸ ਦਾ ਗ੍ਰਾਫ ਹੇਠਾਂ ਵੱਲ ਆਉਂਦਾ ਨਜ਼ਰ ਆ ਰਿਹਾ ਹੈ।
''ਆਪ'' ਦੇ ਅੰਦਰੂਨੀ ਕਲੇਸ਼ ਦਾ ਕਿਸ ਨੂੰ ਹੋਵੇਗਾ ਲਾਭ
ਆਮ Îਆਦਮੀ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਲਾਭ ਉਠਾਉਣ ''ਚ ਸਭ ਵਿਰੋਧੀ ਪਾਰਟੀਆਂ ਜੁੱਟ ਗਈਆਂ ਹਨ। ਸਿਆਸੀ ਜਾਣਕਾਰਾਂ ਦੀ ਮੰਨੀਏ ਤਾਂ ਪੰਜਾਬ ''ਚ ਅਕਾਲੀ ਦਲ ਅਤੇ ਦਿੱਲੀ ''ਚ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ''ਤੇ ਡੋਰੇ ਪਾ ਰਹੀਆਂ ਹਨ। ਪੰਜਾਬ ''ਚ ਜਿਸ ਤਰ੍ਹਾਂ ਆਮ ਆਦਮੀ ਨੂੰ ਲੋਕਾਂ ਨੇ ਉਮੀਦ ਤੋਂ ਬਹੁਤ ਘੱਟ ਵੋਟਾਂ ਦਿੱਤੀਆਂ ਅਤੇ ਜਿਸ ਤਰ੍ਹਾਂ ਖੁਦ ''ਆਪ'' ਦੀ ਪੰਜਾਬ ਇਕਾਈ ਨੇ ਦਿੱਲੀ ਦੀ ਲੀਡਰਸ਼ਿਪ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ ਹੈ, ਉਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ''ਚ ਪੰਜਾਬ ''ਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਦੀ ਲੀਡਰਸ਼ਿਪ ਦੇ ਇਸ਼ਾਰਿਆਂ ''ਤੇ ਕੰਮ ਨਹੀਂ ਕਰਨਗੇ। ਇਸੇ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਲਈ ''ਆਪ'' ਦੀ ਪੰਜਾਬ ਇਕਾਈ ''ਚ ਲਗਾਤਾਰ ਨਵੇਂ ਵਿਚਾਰਾਂ ਦਾ ਆਗਮਨ ਹੋ ਰਿਹਾ ਹੈ। ਸੁਣਨ ਵਿਚ ਇਹ ਵੀ ਆ ਰਿਹਾ ਹੈ ਕਿ ''ਆਪ'' ਦੇ ਕਈ ਵਿਧਾਇਕ ਆਪਣੀ ਹੀ ਪਾਰਟੀ ਦੇ ਬਰਾਬਰ ਇਕ ਨਵਾਂ ਢਾਂਚਾ ਤਿਆਰ ਕਰਨ ਦਾ ਮਨ ਬਣਾ ਰਹੇ ਹਨ ਪਰ ਪਾਰਟੀ ਲੀਡਰਸ਼ਿਪ ਅਜਿਹੀ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਹੈ।
ਅਕਾਲੀ ਦਲ ਦੀ ਸਿਆਸੀ ਚਾਲ
ਜਿਸ ਗੱਲ ਤੋਂ ਪੰਜਾਬ ਇਕਾਈ ''ਚ ਵਧੇਰੇ ਹਲਚਲ ਮਚੀ ਹੋਈ ਹੈ, ਉਹ ਹੈ ਅਕਾਲੀ ਦਲ ਦੀ ''ਆਪ'' ''ਚ ਸੰਨ੍ਹ ਲਾਉਣ ਦੀ ਗੱਲ। ਜਾਣਕਾਰਾਂ ਦੀ ਮੰਨੀਏ ਤਾਂ ਆਮ ਆਦਮੀ ਪਾਰਟੀ ''ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖੀ ਨਜ਼ਰ ਟਿਕਾਈ ਹੋਈ ਹੈ ਅਤੇ ''ਆਪ'' ਦੇ ਇਕ ਦਰਜਨ ਤੋਂ ਵੱਧ ਵਿਧਾਇਕ ਸੁਖਬੀਰ ਦੇ ਰਾਡਾਰ ''ਤੇ ਹਨ।
ਜਾਣਕਾਰ ਦੱਸਦੇ ਹਨ ਕਿ ਕਾਂਗਰਸ ਵਲੋਂ ''ਆਪ''ਦੇ ਵਿਧਾਇਕਾਂ ਨੂੰ ਮੂੰਹ ਨਾ ਲਗਾਉਣ ਕਾਰਨ ਆਪਣੀ ਹੀ ਪਾਰਟੀ ਤੋਂ ਨਾਰਾਜ਼ ''ਆਪ'' ਦੇ ਵਿਧਾਇਕਾਂ ਦਾ ਅਕਾਲੀ ਦਲ ਪ੍ਰਤੀ ਮੋਹ ਵਧਦਾ ਜਾ ਰਿਹਾ ਹੈ। ਪਾਰਟੀ ਦੇ ਕਈ ਵਿਧਾਇਕ ਸਿੱਧੇ ਤੌਰ ''ਤੇ ਸੁਖਬੀਰ ਦੇ ਸੰਪਰਕ ''ਚ ਤੇ ਕਈ ਆਗੂ ਅਕਾਲੀ ਦਲ ਦੇ ਸੰਪਰਕ ''ਚ ਹਨ। ਅਜਿਹੇ ਹਾਲਾਤ ''ਚ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ''ਆਪ'' ਦੇ ਬਾਗੀ ਵਿਧਾਇਕਾਂ ਨੂੰ ਅਕਾਲੀ ਦਲ ''ਚ ਲਿਆ ਕੇ ਅਕਾਲੀ ਦਲ ਖੁਦ ਹੀ ਪੰਜਾਬ ਵਿਧਾਨ ਸਭਾ ''ਚ ਮੁੱਖ ਵਿਰੋਧੀ ਪਾਰਟੀ ਵਜੋਂ ਆਪਣੇ ਆਪ ਨੂੰ ਕਾਇਮ ਕਰੇ।
ਪਾਰਟੀ ਹੈ ਇਕਮੁੱਠ : ਖਹਿਰਾ
''ਆਪ'' ਦੇ ਪੰਜਾਬ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਇਹ ਸਭ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ। ਪਾਰਟੀ ਪੰਜਾਬ ਅਤੇ ਦਿੱਲੀ ''ਚ ਇਕਮੁੱਠ ਹੈ। ਪਾਰਟੀ ਦਾ ਇਕ ਵੀ ਵਿਧਾਇਕ ਪਾਰਟੀ ਛੱਡ ਕੇ ਕਿਤੇ ਹੋਰ ਨਹੀਂ ਜਾ ਰਿਹਾ। ਬੀਤੇ ਦਿਨੀਂ ਪਾਰਟੀ ਦੇ ਵਿਧਾਇਕਾਂ ਦੀ ਇਕ ਬੈਠਕ ''ਚ ਸਭ ਨੇ ਪਾਰਟੀ ਪ੍ਰਤੀ ਮੁਕੰਮਲ ਵਫਾਦਾਰੀ ਪ੍ਰਗਟ ਕੀਤੀ ਸੀ।
ਆਪਣੀ ਮਰਜ਼ੀ ਨਾਲ ਕੋਈ ਅਕਾਲੀ ਦਲ ''ਚ ਆਉਣਾ ਚਾਹੇ ਤਾਂ ਵੈਲਕਮ ਹੈ : ਚੰਦੂਮਾਜਰਾ
ਜਦੋਂ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਦੋਫਾੜ ਕਰਕੇ ਉਸਦੇ ਵਿਧਾਇਕਾਂ ਨੂੰ ਤੋੜਨ ਦੇ ਹੱਕ ''ਚ ਨਹੀਂ ਹੈ ਪਰ ਜਿਵੇਂ ਕਿ ਸਭ ਨੂੰ ਪਤਾ ਹੈ ਕਿ ''ਆਪ'' ਦਾ ਭਵਿੱਖ ਖਤਮ ਹੋ ਚੁੱਕਾ ਹੈ ਅਤੇ ਉਸਦੇ ਵਿਧਾਇਕ ਵੀ ਇੰਝ ਹੀ ਮੰਨ ਰਹੇ ਹਨ। ਇਸ ਲਈ ਜੇ ਕੋਈ ਆਪਣੀ ਮਰਜ਼ੀ ਨਾਲ ਅਕਾਲੀ ਦਲ ''ਚ ਆਉਣਾ ਚਾਹੁੰਦਾ ਹੈ ਤਾਂ ਉਸ ਦਾ ਵੈੱਲਕਮ ਹੈ।


Related News