''ਲੁਟੇਰੀ ਦੁਲਹਨ'' ਸਾਥੀ ਸਣੇ ਕਾਬੂ

12/13/2017 12:48:14 AM

ਲੌਂਗੋਵਾਲ, (ਵਸ਼ਿਸ਼ਟ)— ਵਿਆਹ ਦਾ ਝਾਂਸਾ ਦੇ ਕੇ ਠੱਗਣ ਵਾਲੀ ਇਕ 'ਲੁਟੇਰੀ ਦੁਲਹਨ' ਅਤੇ ਉਸ ਦੇ ਸਾਥੀ ਨੂੰ ਲੌਂਗੋਵਾਲ ਪੁਲਸ ਨੇ ਨਕਦੀ ਅਤੇ ਗਹਿਣਿਆਂ ਸਣੇ ਕਾਬੂ ਕਰ ਲਿਆ ਹੈ। 
ਥਾਣਾ ਲੌਂਗੋਵਾਲ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਸੁਨਾਮ ਵਿਲੀਅਮ ਜੇਜੀ ਨੇ ਦੱਸਿਆ ਕਿ ਏ. ਐੱਸ. ਆਈ. ਗਿਆਨ ਸਿੰਘ ਨੇ ਅਖ਼ਬਾਰਾਂ ਰਾਹੀਂ ਵਿਆਹ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੀ ਔਰਤ ਪਰਮਜੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਘਰਾਚੋਂ ਅਤੇ ਹਰਵਿੰਦਰ ਸਿੰਘ ਰਿੰਪੀ ਪੁੱਤਰ ਸ਼ਿਆਮ ਸਿੰਘ ਵਾਸੀ ਸੰਘਰੇੜੀ ਨੂੰ 7 ਲੱਖ ਰੁਪਏ ਅਤੇ 7 ਤੋਲੇ ਸੋਨੇ ਦੇ ਗਹਿਣਿਆਂ ਸਣੇ ਗ੍ਰਿਫਤਾਰ ਕੀਤਾ ਹੈ। ਉਕਤ ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਬਾਕੀ ਦੋਸ਼ੀਆਂ ਨਾਲ ਮਿਲ ਕੇ ਭੋਲੇ-ਭਾਲੇ ਲੋਕਾਂ ਨੂੰ ਠਗਦੀ ਸੀ। 
ਮਲਜ਼ਮਾਂ ਨੇ ਪੁਲਸ ਕੋਲ ਮੰਨਿਆ ਕਿ ਜਗਸੀਰ ਸਿੰਘ, ਉਸ ਦਾ ਭਤੀਜਾ ਬਣ ਕੇ ਗੱਲਬਾਤ ਕਰਦਾ ਸੀ, ਰਿੰਪੀ ਮਾਮੇ ਦਾ ਲੜਕਾ ਕੈਨੇਡਾ ਵਾਲਾ ਐੱਨ.ਆਰ.ਆਈ. ਬਣ ਕੇ, ਜਗਤਾਰ ਸਿੰਘ ਲਾਡੀ ਭੂਆ ਦਾ ਲੜਕਾ ਬਣ ਕੇ, ਜੋਤੀ ਕੌਰ ਬੁਟੀਕ 'ਤੇ ਕੰਮ ਕਰਨ ਵਾਲੀ ਲੜਕੀ ਬਣ ਕੇ, ਪਰੀ ਕੌਰ ਭੈਣ ਬਣ ਕੇ ਗੱਲ ਕਰਦੇ ਸਨ। ਡੀ. ਐੱਸ. ਪੀ. ਨੇ ਦੱਸਿਆ ਕਿ 25.6.17 ਨੂੰ ਇਕ ਅਖ਼ਬਾਰ ਵਿਚ ਇਸ ਗਿਰੋਹ ਨੇ ਵਿਆਹ ਸਬੰਧੀ ਇਸ਼ਤਿਹਾਰ ਦਿੱਤਾ ਤਾਂ ਸ਼ਿਕਾਇਤਕਰਤਾ ਵਿਅਕਤੀ ਦਾ ਤਾਲ-ਮੇਲ ਹੋ ਗਿਆ। ਮੰਗੇਤਰ ਸਮਝ ਕੇ ਮਿਲਣਾ-ਜੁਲਣਾ ਸ਼ੁਰੂ ਕਰ ਦਿੱਤਾ ਅਤੇ ਰਿਸ਼ਤਾ ਕਬੂਲ ਕਰ ਲਿਆ। ਫਿਰ ਪਰਮਜੀਤ ਕੌਰ ਨੇ ਉਸ ਵਿਅਕਤੀ ਕੋਲੋਂ 2 ਲੱਖ 36 ਹਜ਼ਾਰ ਦੇ ਗਹਿਣੇ ਬਣਵਾਏ ਅਤੇ 10 ਲੱਖ ਰੁਪਏ ਹੋਰ ਠਗ ਲਏ।
ਪਹਿਲਾਂ ਵੀ ਨੇ ਠੱਗਣ ਦੇ ਮਾਮਲੇ ਦਰਜ :  ਡੀ. ਐੱਸ. ਪੀ. ਨੇ ਅੱਗੇ ਦੱਸਿਆ ਕਿ ਉਕਤ ਔਰਤ ਖਿਲਾਫ਼ ਪਹਿਲਾਂ ਵੀ ਅੰਮ੍ਰਿਤਸਰ, ਗੁੜਗਾਓਂ ਅਤੇ ਬਟਰੀਆਣਾ ਪਿੰਡ ਦੇ ਵਸਨੀਕਾਂ ਨੂੰ ਠੱਗਣ ਦੇ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ਼ ਧਾਰਾ 420, 506, 120 ਬੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। 


Related News