ਪੰਜਾਬ ''ਚ ਵੱਡਾ ਐਨਕਾਊਂਟਰ, ਮੁਠਭੇੜ ਮਗਰੋਂ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਗੈਂਗ ਦੇ 4 ਸਾਥੀ ਗ੍ਰਿਫ਼ਤਾਰ
Saturday, Mar 30, 2024 - 06:49 PM (IST)
ਜਲੰਧਰ (ਵੈੱਬ ਡੈਸਕ, ਵਰੁਣ)- ਜਲੰਧਰ ਪੁਲਸ ਕਮਿਸ਼ਨਰੇਟ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਸ ਨੇ ਐਨਕਾਊਂਟਰ ਮਗਰੋਂ 4 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਦੀ ਜਾਣਕਾਰੀ ਖ਼ੁਦ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਦਿੱਤੀ ਗਈ ਹੈ।ਸ਼ਹਿਰ ਵਿੱਚ ਗੈਂਗਸਟਰਾਂ 'ਤੇ ਸ਼ਿਕੰਜਾ ਹੋਰ ਕੱਸਦੇ ਹੋਏ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਸ ਨੇ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਗੈਂਗ ਨਾਲ ਸਬੰਧਤ ਚਾਰ ਖ਼ੌਫ਼ਨਾਕ ਗੈਂਗਸਟਰਾਂ ਨੂੰ ਕਰਾਸ ਫਾਇਰਿੰਗ ਵਿਚ ਕਾਬੂ ਕੀਤਾ ਹੈ।ਮਿਲੀ ਜਾਣਕਾਰੀ ਮੁਤਾਬਕ ਉਕਤ ਚਾਰੋਂ ਮੁਲਜ਼ਮ ਪੰਜਾਬ ਵਿਚ ਕਤਲ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ।
ਦੋਸ਼ੀਆਂ ਕੋਲੋਂ 6 ਪਿਸਤੌਲਾਂ ਦੀ ਬਰਾਮਦਗੀ ਕੀਤੀ ਗਈ ਹੈ, ਜਿਨ੍ਹਾਂ ਨਾਲ ਉਕਤ ਮੁਲਜ਼ਮਾਂ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਗੈਂਗਸਟਰ ਸ਼ਹਿਰ ਵਿੱਚ ਵੱਡੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਆਬਾਦਪੁਰਾ 'ਚ ਰਜਿਸਟ੍ਰੇਸ਼ਨ ਨੰਬਰ ਪੀਬੀ 08 ਐੱਫ਼. ਐੱਫ਼ 9492 ਵਾਲੀ ਨੀਲੀ ਐਕਸ. ਯੂ. ਵੀ. 700 'ਚ ਅਪਰਾਧ ਦੀ ਯੋਜਨਾ ਬਣਾਉਂਦੇ ਹੋਏ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਛਾਪੇਮਾਰੀ ਦੌਰਾਨ ਨਵੀਨ ਸੈਣੀ ਉਰਫ਼ ਚਿੰਟੂ ਪੁੱਤਰ ਪ੍ਰੇਮ ਸੈਣੀ ਵਾਸੀ ਮੁਹੱਲਾ 329/2 ਮੁਹੱਲਾ ਹਰਗੋਬਿੰਦ ਨਗਰ ਥਾਣਾ ਡਿਵੀਜ਼ਨ 8 ਜਲੰਧਰ, ਨੀਰਜ ਕਪੂਰ ਉਰਫ਼ ਝਾਂਗੀ ਪੁੱਤਰ ਵਿਜੇ ਕਪੂਰ ਵਾਸੀ ਐਚ. ਨੰ: ਬੀ-2/728 ਗਾਂਧੀ ਕੈਂਪ ਪੀ.ਐਸ. ਡਿਵੀਜ਼ਨ 2 ਜਲੰਧਰ, ਕਿਸ਼ਨ ਬਾਲੀ ਉਰਫ਼ ਗੰਜਾ ਪੁੱਤਰ ਹਰਮੇਸ਼ ਕੁਮਾਰ ਬਾਲੀ ਵਾਸੀ ਅਬਾਦਪੁਰਾ ਥਾਣਾ ਡਵੀਜ਼ਨ 4 ਜਲੰਧਰ ਅਤੇ ਵਿਨੋਦ ਜੋਸ਼ੀ ਪੁੱਤਰ ਜਗਮੋਹਨ ਜੋਸ਼ੀ ਵਾਸੀ ਸਰਾਭਾ ਨਗਰ ਥਾਣਾ ਡਿਵੀਜ਼ਨ 8 ਜਲੰਧਰ, ਕਰਾਸ ਫਾਇਰਿੰਗ ਵਿਚ ਕਾਬੂ ਕੀਤਾ ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਅਪਰਾਧੀਆਂ ਨੂੰ ਗੋਲ਼ੀਬਾਰੀ ਦੀਆਂ ਘਟਨਾਵਾਂ ਅਤੇ ਹੋਰ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਛੇ (.32 ਬੋਰ) ਪਿਸਤੌਲ ਅਤੇ 26 ਕਾਰਤੂਸ ਬਰਾਮਦ ਕੀਤੇ ਗਏ ਹਨ। ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਪੁਲਸ ਨੇ ਦੋ ਸੁਪਾਰੀ ਕਤਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਹੈ। ਪੁਲਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਵੀਨ ਸੈਣੀ ਉਰਫ਼ ਚਿੰਟੂ ਵਿਰੁੱਧ 21 ਅਤੇ ਨੀਰਜ ਕਪੂਰ ਵਿਰੁੱਧ ਜਲੰਧਰ, ਮੋਹਾਲੀ, ਪਟਿਆਲਾ ਅਤੇ ਹੁਸ਼ਿਆਰਪੁਰ ਵਿਖੇ 6 ਗੰਭੀਰ ਦੋਸ਼ਾਂ ਅਧੀਨ ਪੈਂਡਿੰਗ ਹਨ ਜਦਕਿ ਦੋ ਹੋਰ ਗੈਂਗਸਟਰਾਂ ਦੇ ਅਪਰਾਧਕ ਪਿਛੋਕੜ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ 6 ਜਲੰਧਰ ਵਿਖੇ ਮੁਕੱਦਮਾ ਨੰਬਰ 55 ਮਿਤੀ 29-03-2024 ਅਧੀਨ 379B,392,384,387,34 IPC, 25(6),27-54-59 ਅਸਲਾ ਐਕਟ ਦਰਜ ਕੀਤਾ ਗਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਧਾਰਾ 144 ਲਾਗੂ, ਕਮਿਸ਼ਨਰੇਟ ਪੁਲਸ ਨੇ ਲਗਾਈ ਇਹ ਪਾਬੰਦੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8