ਅਕਾਲੀ-ਭਾਜਪਾ ਗਠਜੋੜ ਦਾ ਇਤਿਹਾਸ, ਪੜ੍ਹੋ ਟਕਰਾਅ ਦੇ ਵੱਡੇ ਮਾਮਲੇ

12/27/2016 12:29:40 PM

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਨੂੰ ਕੁਝ ਹੀ ਸਮਾਂ ਬਾਕੀ ਬਚਿਆ ਹੈ ਪਰ ਅਜੇ ਤੱਕ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਵਿਚਕਾਰ ਸਿਆਸੀ ਦੂਰੀਆਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਅਕਾਲੀ-ਭਾਜਪਾ ਗਠਜੋੜ ਦੇ ਇਤਿਹਾਸ ''ਤੇ ਨਜ਼ਰ ਮਾਰੀਏ ਤਾਂ 1960 ''ਚ ਜਨਸੰਘ ਦੇ ਸਮੇਂ ਅਕਾਲੀ ਅਤੇ ਜਨਸੰਘ ਵਿਚਕਾਰ ਪਹਿਲਾ ਗਠਜੋੜ ਹੋਇਆ ਸੀ। ਇਸ ਤੋਂ ਬਾਅਦ ਸਿਰਫ 1970 ਅਤੇ 1992 ਦੀਆਂ ਦੋ ਚੋਣਾਂ ਅਜਿਹੀਆਂ ਹੋਈਆਂ, ਜਦੋਂ ਦੋਹਾਂ ਦਲਾਂ ਨੇ ਵੱਖਰੀਆਂ ਚੋਣਾਂ ਲੜੀਆਂ। ਇਨ੍ਹਾਂ ਦਲਾਂ ਦੇ ਪਾਰਟੀ ਅਹੁਦਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਹਾਂ ਦੇ ਵਰਕਰ ਬੂਥ ਲੈਵਲ ''ਤੇ ਹਨ ਅਤੇ ਇਕ-ਦੂਜੇ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ ਪਰ ਦੋਹਾਂ ਹੀ ਦਲਾਂ ਦੇ ਕੁਝ ਆਗੂਆਂ ''ਚ ਪਾਰਟੀ ਦੇ ਮੁੱਖ ਸਥਾਨਾਂ ਨੂੰ ਹਥਿਆਉਣ ਦੀ ਜੰਗ ਚੱਲ ਰਹੀ ਹੈ। ਇਸ ਨਾਲ ਪਾਰਟੀਆਂ ''ਚ ਤੇਜ਼ੀ ਨਾਲ ਧੜੇਬਾਜ਼ੀਆਂ ਵਧੀਆਂ ਹਨ। ਇਹ ਦੋਵੇਂ ਹੀ ਦਲਾਂ ਦੀ ਚੋਣ ਤਿਆਰੀਆਂ ''ਤੇ ਵੱਡਾ ਸਵਾਲ ਖੜ੍ਹ ਕਰ ਰਹੀਆਂ ਹਨ।
ਦੋਵਾਂ ਦਲਾਂ ''ਚ ਟਕਰਾਅ ਦੇ ਵੱਡੇ ਮਾਮਲੇ
ਫਰਵਰੀ, 2016 ਵਿਚ ਹੋਏ ਖਡੂਰ ਸਾਹਿਬ ਵਾਈ-ਪੋਲ ''ਚ ਭਾਜਪਾ ਦੀ ਤਰਨਤਾਰਨ ਯੂਨਿਟ ਨੇ ਅਕਾਲੀ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਪੱਖ ਵਿਚ ਸਮਰਥਨ ਕਰਨ ਤੋਂ ਅਚਾਨਕ ਮਨ੍ਹਾ ਕਰ ਦਿੱਤਾ ਸੀ। ਇਸ ਦੌਰਾਨ ਭਾਜਪਾ ਦੇ ਜ਼ਿਲਾ ਪ੍ਰਧਾਨ ਨਵਰੀਤ ਸ਼ਾਫੀਪੁਰ ਨੇ ਸਿਰਫ ਖੁੱਲ੍ਹੇਆਮ ਅਕਾਲੀ ਉਮੀਦਵਾਰ ਦਾ ਵਿਰੋਧ ਕੀਤਾ ਸੀ, ਬਲਕਿ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਜਲਦ ਅਕਾਲੀ ਅਗਵਾਈ ਦੇ ਕਾਲੇ ਕਾਰਨਾਮਿਆਂ ਨੂੰ ਜਗ ਜ਼ਾਹਿਰ ਕਰਨਗੇ।  ਇਹ ਟਕਰਾਅ 2015 ਵਿਚ ਉਸ ਸਮੇਂ ਪੈਦਾ ਹੋਇਆ, ਜਦੋਂ ਨਗਰ ਨਿਗਮ ਦੀਆਂ ਚੋਣਾਂ ਵਿਚ ਅਕਾਲੀ ਦਲ ਦੇ ਵਰਕਰਾਂ ਨੇ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਤੇ ਹੋਰ ਵਰਕਰਾਂ ਦੇ ਨਾਲ ਕੁੱਟਮਾਰ ਕੀਤੀ। 
ਇਸ ਦੇ ਬਾਅਦ ਅੰਮ੍ਰਿਤਸਰ (ਈਸਟ) ਦੀ ਐੱਮ. ਐੱਲ. ਏ. ਤੇ ਸੀ. ਪੀ. ਐੱਸ. ਨਵਜੋਤ ਕੌਰ ਸਿੱਧੂ ਦੇ ਵਿਵਾਦਿਤ ਬਿਆਨ ਦੇਣ ਨਾਲ ਮਾਮਲਾ ਹੋਰ ਭਖ ਗਿਆ। ਸੀ. ਪੀ. ਐੱਸ. ਨੇ ਕਿਹਾ ਕਿ ਜੇ ਗੱਠਜੋੜ ਜਾਰੀ ਰਹਿੰਦਾ ਹੈ ਤਾਂ ਲੋਕਾਂ ਨੂੰ ਆਮ ਆਦਮੀ ਪਾਰਟੀ (ਆਪ) ਦੇ ਪੱਖ ਵਿਚ ਵੋਟਿੰਗ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਪਾਰਟੀ ਨੂੰ ਗੱਠਜੋੜ ਤੋਂ ਬਾਹਰ ਆਉਣਾ ਚਾਹੀਦਾ ਹੈ। ਇਸ ਵਿਰੋਧ ਦਾ ਅਸਰ ਇਹ ਹੋਇਆ ਕਿ ਸਿੱਧੂ ਪਰਿਵਾਰ ਨੇ ਪਾਰਟੀ ਨੂੰ ਛੱਡ ਦਿੱਤਾ। ਨਵਜੋਤ ਕੌਰ ਸਿੱਧੂ ਨੇ ਹਾਲ ਹੀ ਵਿਚ ਕਾਂਗਰਸ ਜੁਆਇਨ ਕਰ ਲਈ ਹੈ।
ਭਾਜਪਾ ਤੇ ਅਕਾਲੀਆਂ ''ਚ ਗਣਤੰਤਰ ਦਿਵਸ ''ਚ ਸਿੱਖ ਰੈਜੀਮੈਂਟ ਦੀ ਗੈਰ-ਹਿੱਸੇਦਾਰੀ ਨੂੰ ਲੈ ਕੇ ਵੀ ਵਿਵਾਦ ਦੇਖਿਆ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ਨੂੰ ਪੱਤਰ ਦੇ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਚੁੱਕਿਆ ਤੇ ਇਸ ਪੂਰੇ ਮਾਮਲੇ ਨੂੰ ਦੁੱਖ ਤੇ ਅਫਸੋਸ ਦਾ ਮਾਮਲਾ ਕਰਾਰ ਦਿੱਤਾ। ਬਾਦਲ ਨੇ ਕਿਹਾ ਕਿ ਪਰੇਡ ਵਿਚ ਫਰਾਂਸ ਦੇ ਰਾਸ਼ਟਰਪਤੀ ਦੀ ਮੌਜੂਦਗੀ ਦੌਰਾਨ ਸਿੱਖ ਰੈਜੀਮੈਂਟ ਦੀ ਹਿੱਸੇਦਾਰੀ ਹਟਾ ਦੇਣਾ ਅਫਸੋਸ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਫਰਾਂਸ ਵਿਚ ਸਿੱਖ ਅਧਿਕਾਰਾਂ ਨੂੰ ਲੈ ਕੇ ਲੜ ਰਹੇ ਹਨ ਤੇ ਉਥੇ ਸਿੱਖਾਂ ਵਲੋਂ ਪੱਗੜੀ ਪਾਉਣ ''ਤੇ ਪਾਬੰਦੀ ਲਗਾਈ ਗਈ ਹੈ। ਇਸ ਮਾਮਲੇ ਵਿਚ ਬਾਅਦ ਵਿਚ ਪੰਜਾਬ ਭਾਜਪਾ ਮੁਖੀ ਕਮਲ ਸ਼ਰਮਾ ਨੂੰ ਸਫਾਈ ਦੇਣੀ ਪਈ। ਉਨ੍ਹਾਂ ਕਿਹਾ ਕਿ ਇਸਨੂੰ ਬੇਵਜ੍ਹਾ ਰਾਜਨੀਤਕ ਤੂਲ ਦਿੱਤਾ ਜਾ ਰਿਹਾ ਹੈ। 
ਦੋਵਾਂ ਦਲਾਂ ਵਿਚ ਸਭ ਤੋਂ ਵੱਡੀ ਤਕਰਾਰ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਦੇ ਬਿਆਨ ਦੇ ਬਾਅਦ ਅਕਾਲੀ ਕਾਰਜਕਰਤਾ ਭਟਕ ਗਏ ਤੇ ਉਨ੍ਹਾਂ ਨੇ ਗ੍ਰਹਿ ਰਾਜ ਮੰਤਰੀ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ। ਕਿਰਨ ਰਿਜਿਜੂ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਪੰਜਾਬ ''ਤੇ ਡਿਸਟਰਬ ਏਰੀਆ ਦੇ ਟੈਗ ਨੂੰ ਜਾਰੀ ਰੱਖਣਾ ਚਾਹੀਦਾ ਹੈ।

Babita Marhas

News Editor

Related News