ਪਹਾੜਾਂ ''ਤੇ ਬਰਫਬਾਰੀ, ਮੈਦਾਨਾਂ ''ਚ ਮੀਂਹ

11/19/2017 2:38:52 AM

ਸ਼੍ਰੀਨਗਰ/ਜੰਮੂ (ਮਜੀਦ/ਧਨੁਜ)—ਜੰਮੂ ਦੇ ਉੱਚਾਈ ਵਾਲੇ ਇਲਾਕਿਆਂ 'ਚ ਇਸ ਮੌਸਮ ਦੀ ਹੋਈ ਪਹਿਲੀ ਬਰਫਬਾਰੀ ਪਿੱਛੋਂ ਕਸ਼ਮੀਰ ਨੂੰ ਬਾਕੀ ਦੇਸ਼ ਨਾਲ ਜੋੜਨ ਵਾਲੀ ਬਦਲਵੀਂ ਸੜਕ ਮੁਗਲ ਰੋਡ ਨੂੰ ਸ਼ਨੀਵਾਰ ਆਵਾਜਾਈ ਲਈ ਬੰਦ ਕਰਨਾ ਪਿਆ। ਜੰਮੂ 'ਚ ਦਿਨ ਦਾ ਤਾਪਮਾਨ 6 ਡਿਗਰੀ ਤੋਂ ਵੀ ਘੱਟ ਦਰਜ ਕੀਤਾ ਗਿਆ। 
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੋਪੀਆਂ ਜ਼ਿਲੇ ਨੂੰ ਪੁੰਛ ਨਾਲ ਜੋੜਨ ਵਾਲੀ ਮੁਗਲ ਰੋਡ ਨਾਲ ਲੱਗਦੇ ਇਲਾਕੇ ਤੀਰ ਕੀ ਗਲੀ ਅਤੇ ਪੁਸ਼ਾਨਾ ਦਰਮਿਆਨ ਦੋ ਫੁੱਟ ਤੋਂ ਵੱਧ ਬਰਫ ਜੰਮ ਗਈ ਹੈ। ਗੁਲਮਰਗ ਸਮੇਤ ਹੋਰਨਾ ਉੱਚੇ ਇਲਾਕਿਆਂ 'ਚ ਸ਼ਨੀਵਾਰ ਦੂਜੇ ਦਿਨ ਵੀ ਰੁਕ-ਰੁਕ ਕੇ ਬਰਫਬਾਰੀ ਹੁੰਦੀ ਰਹੀ। ਵਾਦੀ ਦੇ ਮੈਦਾਨੀ ਇਲਾਕਿਆਂ 'ਚ ਭਾਰੀ ਮੀਂਹ ਪੈਣ ਨਾਲ ਆਮ ਜ਼ਿੰਦਗੀ ਪ੍ਰਭਾਵਿਤ ਹੋਈ ਹੈ। 434 ਕਿਲੋਮੀਟਰ ਲੰਬੀ ਸ਼੍ਰੀਨਗਰ-ਲੇਹ ਸੜਕ ਦੂਜੇ ਦਿਨ ਵੀ ਆਮ ਆਵਾਜਾਈ ਲਈ ਬੰਦ ਰਹੀ। 
ਅਧਿਕਾਰੀਆਂ ਮੁਤਾਬਕ ਤੀਰ ਕੀ ਗਲੀ ਅਤੇ ਨਾਲ ਲੱਗਦੇ ਇਲਾਕਿਆਂ 'ਚ ਤਾਜ਼ਾ ਬਰਫਬਾਰੀ ਕਾਰਨ ਸੀਤ ਲਹਿਰ ਦਾ ਜ਼ੋਰ ਹੈ। 
ਓਧਰ ਉੱਤਰਾਖੰਡ 'ਚ ਵੀ ਸ਼ਨੀਵਾਰ ਮੌਸਮ ਨੇ ਕਰਵਟ ਲਈ ਅਤੇ ਬਦਰੀਨਾਥ ਸਮੇਤ ਚਾਰਾਂ ਧਾਮਾਂ 'ਚ ਇਸ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਮਸੂਰੀ ਅਤੇ ਨੈਨੀਤਾਲ ਸਮੇਤ ਹੋਰਨਾਂ ਪਹਾੜੀ ਇਲਾਕਿਆਂ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਸ਼ਨੀਵਾਰ ਸਾਰਾ ਦਿਨ ਇਥੇ ਬਰਫਾਨੀ ਹਵਾਵਾਂ ਚਲਦੀਆਂ ਰਹੀਆਂ। ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ 'ਚ ਵੀ ਸੀਤ ਲਹਿਰ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਥਾਵਾਂ 'ਤੇ ਮੀਂਹ ਪੈਣ ਦੀਆਂ ਖਬਰਾਂ ਹਨ।


Related News