ਹਿਮਾਚਲ ਦੀਆਂ ਚੋਟੀਆਂ ’ਤੇ ਮੁੜ ਬਰਫਬਾਰੀ, ਸ਼੍ਰੀਨਗਰ ''ਚ ਮੀਂਹ

04/16/2024 1:57:12 PM

ਮਨਾਲੀ/ਸ੍ਰੀਨਗਰ, (ਸੋਨੂੰ, ਯੂ. ਐੱਨ. ਆਈ.)- ਹਿਮਾਚਲ ਪ੍ਰਦੇਸ਼ ਦੇ ਮਨਾਲੀ ਅਤੇ ਲਾਹੌਲ-ਸਪੀਤੀ ਦੀਆਂ ਚੋਟੀਆਂ ’ਤੇ ਸੋਮਵਾਰ ਨੂੰ ਤੀਜੇ ਦਿਨ ਹਲਕੀ ਬਰਫਬਾਰੀ ਹੋਈ। ਇਸ ਦੇ ਨਾਲ ਹੀ ਹੇਠਲੇ ਇਲਾਕਿਆਂ ’ਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਅਤੇ ਸੈਲਾਨੀ ਅਪ੍ਰੈਲ ’ਚ ਵੀ ਠੰਢੇ ਮੌਸਮ ਦਾ ਆਨੰਦ ਮਾਣ ਰਹੇ ਹਨ। ਦੂਜੇ ਪਾਸੇ ਰਾਜਧਾਨੀ ਸ਼੍ਰੀਨਗਰ ਅਤੇ ਕਸ਼ਮੀਰ ਵਾਦੀ ਦੇ ਹੋਰ ਹਿੱਸਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।

ਸੋਮਵਾਰ ਨੂੰ ਰੋਹਤਾਂਗ ਸਮੇਤ ਸ਼ਿੰਕੁਲਾ, ਕੁੰਜੁਮ ਅਤੇ ਬਾਰਾਲਾਚਾ ਸਮੇਤ ਹੋਰ ਦੱਰਿਆਂ ’ਚ ਬਰਫਬਾਰੀ ਹੋਈ। ਅਟਲ ਟਨਲ ਰੋਹਤਾਂਗ ਦੇ ਉੱਤਰੀ ਅਤੇ ਦੱਖਣੀ ਪੋਰਟਲ ਸਮੇਤ ਵੱਖ-ਵੱਖ ਸਨੋਅ ਪੁਆਇੰਟਾਂ ਕੋਕਸਰ ਅਤੇ ਸਿਸੂ ’ਚ ਸੈਲਾਨੀਆਂ ਦੀ ਭੀੜ ਰਹੀ। ਹਾਲਾਂਕਿ ਰੋਹਤਾਂਗ ਦੱਰਾ ਅਜੇ ਤੱਕ ਸੈਲਾਨੀਆਂ ਲਈ ਦੁਬਾਰਾ ਨਹੀਂ ਖੋਲ੍ਹਿਆ ਗਿਆ ਹੈ ਪਰ ਇਸ ਪਾਸੇ ਸੈਲਾਨੀਆਂ ਨੂੰ ਗੁਲਾਬਾ ਤੱਕ ਭੇਜਿਆ ਜਾ ਰਿਹਾ ਹੈ। ਗੁਲਾਬਾ ’ਚ ਬਰਫ ਦੇਖਣ ਦੇ ਨਾਲ-ਨਾਲ ਸੈਲਾਨੀ ਖੇਡਾਂ ਦਾ ਵੀ ਆਨੰਦ ਲੈ ਰਹੇ ਹਨ।

ਸੋਲੰਗਨਾਲਾ, ਅੰਜਨੀ ਮਹਾਦੇਵ ਅਤੇ ਮਨਾਲੀ ਦੇ ਵੱਖ-ਵੱਖ ਸੈਰ-ਸਪਾਟਾ ਸਥਾਨ ਵੀ ਸੈਲਾਨੀਆਂ ਨਾਲ ਭਰੇ ਪਏ ਹਨ। ਅਪ੍ਰੈਲ ਦੇ ਮਹੀਨੇ ਵਿਚ ਵੀ ਬਰਫਬਾਰੀ ਅਤੇ ਪਹਾੜਾਂ ਉੱਤੇ ਵਿਛੀ ਬਰਫ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੀ ਹੈ। ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਠਾਕੁਰ ਨੇ ਕਿਹਾ ਕਿ ਤਾਜ਼ਾ ਬਰਫਬਾਰੀ ਨਾਲ ਸੈਲਾਨੀਆਂ ਦੀ ਆਮਦ ਵਧਣ ਅਤੇ ਕਾਰੋਬਾਰ ਬਿਹਤਰ ਰਹਿਣ ਦੀ ਉਮੀਦ ਹੈ।


Rakesh

Content Editor

Related News