ਰੋਹਤਾਂਗ ਤੇ ਬਾਰਾਲਾਚਾ ਦੱਰੇ ਸਮੇਤ ਉੱਚੀਆਂ ਚੋਟੀਆਂ ’ਤੇ ਬਰਫਬਾਰੀ
Thursday, Apr 11, 2024 - 12:21 PM (IST)
ਮਨਾਲੀ (ਸੋਨੂੰ)- ਮੌਸਮ ਦੇ ਬਦਲਦਿਆਂ ਹੀ ਬੁੱਧਵਾਰ ਰੋਹਤਾਂਗ ਤੇ ਬਾਰਾਲਾਚਾ ਦੇ ਦੱਰਿਆਂ ’ਤੇ ਬਰਫ਼ ਪੈਣੀ ਸ਼ੁਰੂ ਹੋ ਗਈ। ਮਨਾਲੀ ’ਚ ਮੀਂਹ ਪਿਆ। ਲਾਹੌਲ, ਸ਼ਿੰਕੁਲਾ, ਕੁੰਜਮ, ਲੇਡੀ ਆਫ ਕੀਲਾਂਗ , ਛੋਟਾ ਸ਼ੀਘਰੀ ਗਲੇਸ਼ੀਅਰ ਤੇ ਚੰਦਰਭਾਗਾ ਰੇਂਜ ਸਮੇਤ ਸਾਰੀਆਂ ਉੱਚੀਆਂ ਚੋਟੀਆਂ 'ਤੇ ਬਰਫਬਾਰੀ ਹੋਈ। ਇਸ ਕਾਰਨ ਮੌਸਮ ਠੰਡਾ ਹੋ ਗਿਆ ਹੈ।
ਲਾਹੌਲ-ਸਪੀਤੀ ’ਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਸੁਹਾਵਣਾ ਸੀ । ਬੁੱਧਵਾਰ ਦੁਪਹਿਰ ਬਾਅਦ ਅਚਾਨਕ ਆਸਮਾਨ ’ਚ ਬੱਦਲ ਛਾ ਗਏ ਅਤੇ ਮੀਂਹ ਪੈਣ ਲੱਗਾ। ਕੁਝ ਦੇਰ ਬਾਅਦ ਬਰਫਬਾਰੀ ਸ਼ੁਰੂ ਹੋ ਗਈ। ਇਸ ਕਾਰਨ ਬੀ. ਆਰ. ਓ ਦਾ ਕੰਮ ਵੀ ਪ੍ਰਭਾਵਿਤ ਹੋਇਆ। ਅੱਜਕੱਲ੍ਹ ਬਰਫ਼ ਨਾਲ ਢਕੀ ਅਟਲ ਸੁਰੰਗ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਚਾਰੇ ਪਾਸੇ ਫੈਲੀ ਬਰਫ਼ ਦੀ ਮੋਟੀ ਪਰਤ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਮਨਾਲੀ ਦੇ ਐੱਸ. ਡੀ. ਐੱਮ. ਰਮਨ ਸ਼ਰਮਾ ਨੇ ਦੱਸਿਆ ਕਿ ਅਟਲ ਸੁਰੰਗ ਰੋਹਤਾਂਗ ਵਿਖੇ ਸੈਲਾਨੀ ਪਈ ਹੋਈ ਬਰਫ ਵੇਖ ਰਹੇ ਹਨ। ਇੱਥੇ ਸੈਲਾਨੀਆਂ ਦੀ ਆਮਦ ਮੌਸਮ ਦੀ ਸਥਿਤੀ ’ਤੇ ਨਿਰਭਰ ਕਰੇਗੀ। ਬਰਫ਼ਬਾਰੀ ਸ਼ੁਰੂ ਹੋਣ ’ਤੇ ਸੈਲਾਨੀਆਂ ਨੂੰ ਸੋਲੰਗਨਾਲਾ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਸੈਲਾਨੀਆਂ ਨੂੰ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।