ਪਹਿਲਾਂ ਕੀਤਾ ਪਤਨੀ ਦਾ ਕਤਲ, ਫਿਰ ਕੰਮ ''ਤੇ ਚੱਲਾ ਗਿਆ ਪਤੀ

12/12/2017 5:04:14 PM

ਨਵੀਂ ਦਿੱਲੀ— ਦਿੱਲੀ 'ਚ ਇਕ ਸ਼ਖਸ ਨੇ ਆਪਣੀ ਪਤਨੀ ਦੀ ਗੋਲੀ ਮਾਰ ਹੱਤਿਆ ਕਰ ਦਿੱਤੀ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਦੋਸ਼ੀ ਪਤੀ ਰੋਜ਼ ਦੀ ਤਰ੍ਹਾਂ ਆਪਣੇ ਕੰਮ 'ਤੇ ਚੱਲਾ ਗਿਆ। ਇਸ ਕਤਲਕਾਂਡ ਦਾ ਖੁਲਾਸਾ ਦੇਰ ਸ਼ਾਮ ਉਸ ਸਮੇਂ ਹੋਇਆ, ਜਦੋਂ ਮ੍ਰਿਤਕਾ ਦਾ ਜੁਆਈ ਉਨ੍ਹਾਂ ਦੇ ਘਰ ਜਾ ਪੁੱਜਿਆ। ਕਤਲ ਦੀ ਇਹ ਵਾਰਦਾਤ ਦਿੱਲੀ ਦੇ ਆਰ.ਕੇ. ਪੁਰਮ ਇਲਾਕੇ 'ਚ ਹੋਈ। ਇਕ ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਤਲ ਦੇ ਦੋਸ਼ 'ਚ ਮ੍ਰਿਤਕਾ ਦੇ ਪਤੀ ਬਲਰਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਕਤਲ 'ਚ ਵਰਤੀ ਗਈ ਬੰਦੂਕ ਵੀ ਬਰਾਮਦ ਕਰ ਲਈ ਹੈ। ਪੁਲਸ ਅਨੁਸਾਰ ਦੋਸ਼ੀ ਬਲਰਾਮ ਆਪਣੇ ਪਰਿਵਾਰ ਨਾਲ ਆਰ.ਕੇ. ਪੁਰਮ 'ਚ ਰਹਿੰਦਾ ਹੈ। ਉਸ ਦੀ ਵੱਡੀ ਬੇਟੀ ਦਾ ਵਿਆਹ ਕਾਫੀ ਪਹਿਲਾਂ ਹੋ ਚੁਕਿਆ ਹੈ। ਬਲਰਾਮ ਖੁਦ ਪੰਪ ਹਾਊਸ 'ਤੇ ਕੰਮ ਕਰਦਾ ਹੈ।
ਸੋਮਵਾਰ ਦੀ ਸਵੇਰ ਬਲਰਾਮ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਗੱਲ ਹੱਦ ਤੋਂ ਜ਼ਿਆਦਾ ਵਧੀ ਤਾਂ ਗੁੱਸੇ 'ਚ ਆ ਕੇ ਉਸ ਨੇ ਆਪਣੀ ਪਤਨੀ ਵੀਨਾ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਵੀਨਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਤੀ ਆਪਣੀ ਡਿਊਟੀ 'ਤੇ ਚੱਲਾ ਗਿਆ ਅਤੇ ਦਿਨ ਭਰ ਕੰਮ ਕਰਦਾ ਰਿਹਾ। ਇਸ ਦੌਰਾਨ ਸ਼ਾਮ ਦੇ ਸਮੇਂ ਔਰਤ ਦਾ ਜੁਆਈ ਘਰ ਆਇਆ ਤਾਂ ਉਸ ਨੇ ਉੱਥੇ ਸੱਸ ਨੂੰ ਮ੍ਰਿਤ ਦੇਖਿਆ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਥਾਣਾ ਪੁਲਸ ਨੂੰ ਦਿੱਤੀ ਗਈ। ਸ਼ੱਕ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਬਲਰਾਮ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਇਸ ਤੋਂ ਬਾਅਦ ਪੁਲਸ ਨੇ ਬਲਰਾਮ ਨੂੰ ਗ੍ਰਿਫਤਾਰ ਕਰ ਲਿਆ ਹੈ।


Related News